ਫਤਿਹਗੜ੍ਹ ਸਾਹਿਬ: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀਆਂ ਕਚਹਿਰੀਆਂ ਨੇੜੇ ਅੱਜ ਤੜਕਸਾਰ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ। ਇੱਥੇ ਸੜਕ ਕਿਨਾਰੇ ਰੇਹੜੀ-ਫੜ੍ਹੀ ਲਗਾ ਕੇ ਗੁਜ਼ਾਰਾ ਕਰਨ ਵਾਲੇ ਇੱਕੋ ਪਰਿਵਾਰ ਦੇ ਜੀਆਂ ਉੱਤੇ ਬੇਕਾਬੂ ਟਰੱਕ ਚੜ੍ਹ ਗਿਆ। ਇਸ ਹਾਦਸੇ ਵਿੱਚ ਦਾਦੀ ਅਤੇ ਉਸ ਦੀ ਮਾਸੂਮ ਪੋਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਕਿਵੇਂ ਵਾਪਰਿਆ ਇਹ ਦਰਦਨਾਕ ਹਾਦਸਾ?
ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰੇਹੜੀ-ਫੜ੍ਹੀ ਵਾਲੇ ਰੋਜ਼ਾਨਾ ਦੀ ਤਰ੍ਹਾਂ ਕਚਹਿਰੀਆਂ ਦੇ ਨਜ਼ਦੀਕ ਸੜਕ ਕਿਨਾਰੇ ਸੁੱਤੇ ਹੋਏ ਸਨ। ਇਸ ਦੌਰਾਨ ਤਲਵੰਡੀ ਤੋਂ ਰੋਪੜ ਵੱਲ ਰਾਖ ਲੈ ਕੇ ਜਾ ਰਿਹਾ ਇੱਕ ਸੀਮਿੰਟ ਦਾ ਟਿੱਪਰ ਉੱਥੇ ਰੁਕਿਆ। ਟਿੱਪਰ ਚਾਲਕ ਦੇ ਦੱਸਣ ਮੁਤਾਬਕ ਕਿਸੇ ਅਣਪਛਾਤੇ ਵਾਹਨ ਨੇ ਉਸ ਦੇ ਟਰੱਕ ਦਾ ਸ਼ੀਸ਼ਾ ਤੋੜ ਦਿੱਤਾ ਸੀ, ਜਿਸ ਨੂੰ ਦੇਖਣ ਲਈ ਉਹ ਹੇਠਾਂ ਉਤਰਿਆ। ਇਸ ਦੌਰਾਨ ਟਿੱਪਰ ਅਚਾਨਕ ਪਿੱਛੇ ਵੱਲ ਨੂੰ ਰੁੜ੍ਹ ਗਿਆ ਅਤੇ ਉੱਥੇ ਸੁੱਤੇ ਪਏ ਪਰਿਵਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਮ੍ਰਿਤਕਾਂ ਦੀ ਹੋਈ ਪਛਾਣ
ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਦੀ ਪਛਾਣ ਮਨਜੀਤ ਕੌਰ (55 ਸਾਲ) ਅਤੇ ਉਸ ਦੀ ਪੋਤੀ ਖੁਸ਼ਪ੍ਰੀਤ ਕੌਰ (13 ਸਾਲ) ਵਜੋਂ ਹੋਈ ਹੈ। ਇਹ ਪਰਿਵਾਰ ਸਰਹੰਦ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਸੜਕ ਕਿਨਾਰੇ ਕੰਮ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦਾ ਸੀ। ਪਰਿਵਾਰ ਵਿੱਚ ਇਸ ਘਟਨਾ ਤੋਂ ਬਾਅਦ ਮਾਤਮ ਪਸਰ ਗਿਆ ਹੈ।
ਪੁਲਿਸ ਵੱਲੋਂ ਮਾਮਲਾ ਦਰਜ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਮਨਜੀਤ ਕੌਰ ਦੇ ਪਤੀ ਰਣਜੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/mother-and-son-taken-hostage-after-entering-house-son-murdered-after-robbery/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



