Maharashtra News: ਮਹਾਰਾਸ਼ਟਰ ‘ਚ ਸ਼ਨੀਵਾਰ ਰਾਤ ਨੂੰ ਇਕ ਭਿਆਨਕ ਹਾਦਸਾ ਵਾਪਰਿਆ। ਇੱਥੇ ਬੁਲਢਾਣਾ ਵਿੱਚ ਨਾਗਪੁਰ ਤੋਂ ਪੁਣੇ ਜਾ ਰਹੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਮੁਤਾਬਕ ਸਮਰਿਧੀ ਮਹਾਮਾਰਗ ਐਕਸਪ੍ਰੈੱਸ ਵੇਅ ‘ਤੇ ਜਦੋਂ ਬੱਸ ਬੁਲਢਾਣਾ ਨੇੜੇ ਸੀ ਤਾਂ ਬੱਸ ਪਲਟ ਗਈ ਅਤੇ ਅੱਗ ਲੱਗ ਗਈ। ਬੁਲਢਾਨਾ ਪੁਲਿਸ ਦੇ ਡਿਪਟੀ ਐਸਪੀ ਬਾਬੂਰਾਓ ਮਹਾਮੁਨੀ ਅਨੁਸਾਰ ਬੱਸ ਵਿੱਚ 33 ਲੋਕ ਸਵਾਰ ਸਨ।
ਜਿਨ੍ਹਾਂ ‘ਚੋਂ 26 ਲੋਕਾਂ ਦੀ ਅੱਗ ‘ਚ ਮੌਤ ਹੋ ਗਈ। ਇਸ ਦੇ ਨਾਲ ਹੀ ਹੋਰ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਬੁਲਢਾਣਾ ਦੇ ਜ਼ਿਲ੍ਹਾ ਕੁਲੈਕਟਰ ਨੇ ਕਿਹਾ ਕਿ ਲਾਸ਼ਾਂ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਸਾਰੀਆਂ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਬੁਲਢਾਣਾ ਪੁਲਿਸ ਦੇ ਡਿਪਟੀ ਐਸਪੀ ਬਾਬੂਰਾਵ ਮਹਾਮੁਨੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 2 ਵਜੇ ਵਾਪਰੀ। ਬੱਸ ‘ਚੋਂ 25 ਲਾਸ਼ਾਂ ਕੱਢੀਆਂ ਗਈਆਂ ਹਨ। ਬੱਸ ਵਿੱਚ ਕੁੱਲ 33 ਲੋਕ ਸਵਾਰ ਸਨ। ਮਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ।
ਬੱਸ ਡਰਾਈਵਰ ਦਾ ਦਾਅਵਾ – ਟਾਇਰ ਫਟ ਗਿਆ ਸੀ
ਇਸ ਹਾਦਸੇ ਵਿੱਚ ਛੇ ਤੋਂ ਅੱਠ ਲੋਕ ਜ਼ਖ਼ਮੀ ਹੋਏ ਹਨ। ਫਿਲਹਾਲ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਜ਼ਖਮੀਆਂ ਨੂੰ ਬੁਲਢਾਣਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਜਾ ਰਿਹਾ ਹੈ। ਬੱਸ ਦਾ ਡਰਾਈਵਰ ਵੀ ਵਾਲ-ਵਾਲ ਬਚ ਗਿਆ ਅਤੇ ਦੱਸਿਆ ਕਿ ਬੱਸ ਦਾ ਟਾਇਰ ਫਟਣ ਨਾਲ ਬੱਸ ਪਲਟ ਗਈ, ਜਿਸ ਕਾਰਨ ਬੱਸ ਨੂੰ ਅੱਗ ਲੱਗ ਗਈ।



