ਨਵੀਂ ਦਿੱਲੀ : ਸਾਬਕਾ ਭਾਰਤੀ ਬੱਲੇਬਾਜ਼ ਅਤੇ ਮਸ਼ਹੂਰ ਕ੍ਰਿਕਟ ਵਿਸ਼ਲੇਸ਼ਕ ਆਕਾਸ਼ ਚੋਪੜਾ ਨੇ ਵੀਰਵਾਰ ਨੂੰ ਟੀ-20 ਵਿਸ਼ਵ ਕੱਪ 2026 ਲਈ ਆਪਣੀ ਇੱਕ ਵਿਕਲਪਿਕ ਭਾਰਤੀ ਟੀਮ ਦੀ ਚੋਣ ਕੀਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਟੀਮ ਵਿੱਚ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਜਗ੍ਹਾ ਨਹੀਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਬੀ.ਸੀ.ਸੀ.ਆਈ. (BCCI) ਵੱਲੋਂ ਪਹਿਲਾਂ ਹੀ ਚੁਣੇ ਗਏ 15 ਮੈਂਬਰੀ ਸਕੁਐਡ ਵਿੱਚੋਂ ਵੀ ਗਿੱਲ ਦਾ ਨਾਂ ਗਾਇਬ ਸੀ, ਜਿਸ ‘ਤੇ ਹੁਣ ਆਕਾਸ਼ ਚੋਪੜਾ ਦੀ ਇਸ ਚੋਣ ਨੇ ਮੁੜ ਬਹਿਸ ਛੇੜ ਦਿੱਤੀ ਹੈ।
ਖ਼ਰਾਬ ਫਾਰਮ ਅਤੇ ਸਟ੍ਰਾਈਕ ਰੇਟ ਬਣਿਆ ਰੁਕਾਵਟ
ਸ਼ੁਭਮਨ ਗਿੱਲ ਦੇ ਟੀ-20 ਪ੍ਰਦਰਸ਼ਨ ‘ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਏਸ਼ੀਆ ਕੱਪ ਤੋਂ ਬਾਅਦ ਵਾਪਸੀ ਕਰਦਿਆਂ ਉਨ੍ਹਾਂ ਨੇ 15 ਮੈਚਾਂ ਵਿੱਚ ਸਿਰਫ 291 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 137.26 ਰਿਹਾ ਹੈ ਅਤੇ ਉਹ ਇੱਕ ਵੀ ਅਰਧ-ਸੈਂਕੜਾ ਲਗਾਉਣ ਵਿੱਚ ਨਾਕਾਮ ਰਹੇ। ਹਾਲ ਹੀ ਵਿੱਚ ਦੱਖਣੀ ਅਫਰੀਕਾ ਵਿਰੁੱਧ ਹੋਈ ਸੀਰੀਜ਼ ਵਿੱਚ ਵੀ ਗਿੱਲ ਦਾ ਬੱਲਾ ਖ਼ਾਮੋਸ਼ ਰਿਹਾ, ਜਿੱਥੇ ਉਨ੍ਹਾਂ ਨੇ ਤਿੰਨ ਮੈਚਾਂ ਵਿੱਚ ਸਿਰਫ 32 ਦੌੜਾਂ ਬਣਾਈਆਂ। ਮੁੱਖ ਚੋਣਕਾਰ ਅਜੀਤ ਅਗਰਕਰ ਅਨੁਸਾਰ ਟੀਮ ਕੰਬੀਨੇਸ਼ਨ ਕਾਰਨ ਉਨ੍ਹਾਂ ਨੂੰ ਡਰਾਪ ਕਰਨ ਦਾ ਫੈਸਲਾ ਲਿਆ ਗਿਆ ਹੈ।
ਭਵਿੱਖ ਦੇ ਕਪਤਾਨ ਤੋਂ ਟੀਮ ‘ਚੋਂ ਬਾਹਰ ਹੋਣ ਤੱਕ ਦਾ ਸਫਰ
26 ਸਾਲਾ ਸ਼ੁਭਮਨ ਗਿੱਲ ਨੂੰ ਕੁਝ ਸਮਾਂ ਪਹਿਲਾਂ ਤੱਕ ਭਾਰਤ ਦੇ ਤਿੰਨੋਂ ਫਾਰਮੈਟਾਂ ਦਾ ਅਗਲਾ ਕਪਤਾਨ ਮੰਨਿਆ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਟੀ-20 ਟੀਮ ਦਾ ਉਪ-ਕਪਤਾਨ ਵੀ ਬਣਾਇਆ ਗਿਆ ਸੀ। ਹਾਲਾਂਕਿ, ਖ਼ਰਾਬ ਫਾਰਮ ਅਤੇ ਹੋਰ ਬਿਹਤਰ ਵਿਕਲਪਾਂ ਦੀ ਮੌਜੂਦਗੀ ਕਾਰਨ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਟੀਮ ਤੋਂ ਬਾਹਰ ਰੱਖਣ ਦਾ ਸਖ਼ਤ ਫੈਸਲਾ ਲਿਆ ਹੈ। ਹੁਣ ਓਪਨਿੰਗ ਦੀ ਜ਼ਿੰਮੇਵਾਰੀ ਸੰਜੂ ਸੈਮਸਨ ‘ਤੇ ਹੋਵੇਗੀ, ਜਦਕਿ ਈਸ਼ਾਨ ਕਿਸ਼ਨ ਨੂੰ ਬੈਕਅੱਪ ਵਿਕਲਪ ਵਜੋਂ ਰੱਖਿਆ ਗਿਆ ਹੈ।
ਆਕਾਸ਼ ਚੋਪੜਾ ਦੀ ਵਿਕਲਪਿਕ ਟੀਮ ਦੇ ਮੁੱਖ ਖਿਡਾਰੀ
ਆਕਾਸ਼ ਚੋਪੜਾ ਨੇ ਆਪਣੀ ਇਸ ਟੀਮ ਵਿੱਚ ਤਜ਼ਰਬੇਕਾਰ ਅਤੇ ਨੌਜਵਾਨ ਖਿਡਾਰੀਆਂ ਦਾ ਸੁਮੇਲ ਰੱਖਿਆ ਹੈ। ਉਨ੍ਹਾਂ ਦੀ ਟੀਮ ਵਿੱਚ ਸ਼ਾਮਲ ਪ੍ਰਮੁੱਖ ਖਿਡਾਰੀ ਇਸ ਪ੍ਰਕਾਰ ਹਨ। ਇਸ ਮੈਚ ਦੌਰਾਨ ਬੱਲੇਬਾਜੀ ਰੁਤੂਰਾਜ ਗਾਇਕਵਾੜ, ਯਸ਼ਸਵੀ ਜੈਸਵਾਲ, ਸ਼੍ਰੇਅਸ ਅਈਅਰ, ਕੇ.ਐਲ. ਰਾਹੁਲ ਵੱਲੋਂ ਕੀਤੀ ਜਾਵੇਗੀ। ਰਿਸ਼ਭ ਪੰਤ, ਜਿਤੇਸ਼ ਸ਼ਰਮਾ ਵਿਕਟਕੀਪਰ ਵਜੋਂ ਹੋਣਗੇ। ਇਸ ਦੇ ਨਾਲ ਹੀ ਦੱਸ ਦੇਈਏ ਕਿ ਆਲਰਾਊਂਡਰ ਨੀਤੀਸ਼ ਕੁਮਾਰ ਰੈੱਡੀ, ਕਰੁਣਾਲ ਪਾਂਡਿਆ ਹੋਣਗੇ। ਦੀਪਕ ਚਾਹਰ, ਯੁਜ਼ਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ ਗੇਂਦਬਾਜੀ ਕਰਣਗੇ।
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



