LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੋਡਵੇਜ਼ ਦੀ ਚਲਦੀ ਬੱਸ 'ਚੋਂ ਕੁੜੀ ਨੇ ਮਾਸੂਮ ਸਮੇਤ ਮਾਰ ਦਿੱਤੀ ਛਾਲ, ਪਰਿਵਾਰ ਰਹਿ ਗਿਆ ਸੀ ਪਿੱਛੇ, ਬੀਬੀਆਂ ਵੇਖ ਡਰਾਈਵਰ ਨੇ ਭਜਾ ਲਈ ਸੀ ਬੱਸ

khanna bus new

ਲੁਧਿਆਣਾ ਜ਼ਿਲ੍ਹੇ ਦੇ ਖੰਨਾ 'ਚ ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ਨੇ ਮਹਿਲਾ ਸਵਾਰੀਆਂ ਨੂੰ ਦੇਖ ਕੇ ਬੱਸ ਰੋਕਣ ਦੀ ਬਜਾਏ ਭਜਾ ਲਈ। ਬੱਸ 'ਚ ਸਵਾਰ ਹੋਈ ਕੁੜੀ ਦਾ ਪਰਿਵਾਰ ਪਿੱਛੇ ਰਹਿ ਗਿਆ, ਇਸ ਲਈ 18 ਸਾਲਾ ਲੜਕੀ ਨੇ ਆਪਣੇ ਮਾਸੂਮ ਭਾਂਜੇ ਸਮੇਤ ਚੱਲਦੀ ਬੱਸ ਤੋਂ ਛਾਲ ਮਾਰ ਦਿੱਤੀ। ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਆਰਤੀ (18) ਅਤੇ ਰਾਜਵੀਰ (3) ਵਾਸੀ ਗਿਆਸਪੁਰਾ (ਲੁਧਿਆਣਾ) ਵਜੋਂ ਹੋਈ ਹੈ। ਆਰਤੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਰੈਫਰ ਕਰਨਾ ਪਿਆ। 
ਮੂਲ ਰੂਪ ਵਿੱਚ ਬਿਹਾਰ ਦੀ ਰਹਿਣ ਵਾਲੀ ਕੁੰਤੀ ਦੇਵੀ ਨੇ ਦੱਸਿਆ ਕਿ ਉਹ ਪੰਜਾਬ ਦੇ ਲੁਧਿਆਣਾ ਦੇ ਗਿਆਸਪੁਰਾ ਵਿੱਚ ਰਹਿੰਦੀ ਹੈ। ਉਹ ਆਪਣੀਆਂ ਦੋ ਧੀਆਂ ਅਤੇ ਪੋਤੇ ਸਮੇਤ ਸਮਰਾਲਾ ਰੋਡ, ਖੰਨਾ ਵਿਖੇ ਸਥਿਤ ਖਾਟੂ ਸ਼ਿਆਮ ਧਾਮ ਵਿਖੇ ਆਈ ਹੋਈ ਸੀ। ਇਸ ਤੋਂ ਬਾਅਦ ਉਹ ਲੁਧਿਆਣਾ ਜਾਣ ਵਾਲੀ ਸਰਕਾਰੀ ਬੱਸ ਫੜਨ ਲਈ ਬੱਸ ਸਟੈਂਡ ਗਈ। ਜਦੋਂ ਰੋਡਵੇਜ਼ ਦੀ ਬੱਸ ਉੱਥੇ ਪਹੁੰਚੀ ਤਾਂ ਉਸ ਦੀ ਛੋਟੀ ਧੀ ਆਰਤੀ ਆਪਣੇ ਭਾਂਜੇ ਰਾਜਵੀਰ ਨਾਲ ਬੱਸ ਵਿੱਚ ਸਵਾਰ ਹੋ ਗਈ। ਇਸ ਦੌਰਾਨ ਡਰਾਈਵਰ ਬੱਸ ਭਜਾ ਕੇ ਲੈ ਗਿਆ। ਉਹ ਪਿੱਛਿਓਂ ਫੋਨ ਕਰਦੇ ਰਹੇ। ਬੱਸ ਵਿੱਚ ਸਵਾਰ ਆਰਤੀ ਨੇ ਵੀ ਬੱਸ ਰੋਕਣ ਲਈ ਆਵਾਜ਼ਾਂ ਮਾਰੀਆਂ ਪਰ ਬੱਸ ਨਹੀਂ ਰੋਕੀ ਗਈ। 
ਘਟਨਾ ਮਗਰੋਂ ਵੀ ਨਹੀਂ ਰੋਕੀ ਬੱਸ
ਕਿਉਂਕਿ ਆਰਤੀ ਹੀ ਬੈਗ ਦੇ ਨਾਲ ਸੀ। ਬੈਗ ਵਿੱਚ ਪੈਸੇ ਅਤੇ ਮੋਬਾਈਲ ਸੀ। ਇਸ ਕਾਰਨ ਆਰਤੀ ਨੇ ਆਪਣੇ ਭਾਂਜੇ ਅਤੇ ਬੈਗ ਸਮੇਤ ਚੱਲਦੀ ਬੱਸ ਤੋਂ ਛਾਲ ਮਾਰ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਕੁੜੀ ਦੇ ਛਾਲ ਮਾਰਨ ਤੋਂ ਬਾਅਦ ਵੀ ਡਰਾਈਵਰ ਅਤੇ ਕੰਡਕਟਰ ਨੇ ਬੱਸ ਨਹੀਂ ਰੋਕੀ ਅਤੇ ਭੱਜ ਗਏ। ਰਾਹਗੀਰਾਂ ਨੇ ਆਰਤੀ ਅਤੇ ਮਾਸੂਮ ਬੱਚੇ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ। 
ਸਿਰ ਤੇ ਮੂੰਹ 'ਤੇ ਗੰਭੀਰ ਸੱਟਾਂ
ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਫਰੈਂਕੀ ਨੇ ਦੱਸਿਆ ਕਿ ਆਰਤੀ ਦੇ ਸਿਰ ਅਤੇ ਮੂੰਹ ’ਤੇ ਗੰਭੀਰ ਸੱਟਾਂ ਹਨ। ਜਿਸ ਕਾਰਨ ਉਸ ਨੂੰ ਰੈਫਰ ਕਰਨਾ ਪਿਆ। ਬੱਚੇ ਦੇ ਸਿਰ 'ਤੇ ਸੱਟ ਜ਼ਰੂਰ ਲੱਗੀ ਹੈ, ਪਰ ਉਸ ਦੀ ਹਾਲਤ ਸਥਿਰ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦਾ ਸੀਟੀ ਸਕੈਨ ਕੀਤਾ ਜਾ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਸੜਕ ਹਾਦਸੇ ਦੀ ਸੂਚਨਾ ਸਬੰਧਤ ਥਾਣੇ ਨੂੰ ਭੇਜ ਦਿੱਤੀ ਗਈ।

In The Market