LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ 2023: ਪੰਜਾਬ ਦੁਨੀਆਂ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਰਵਾਇਤੀ ਪਕਵਾਨਾਂ ਦੀ ਪੇਸ਼ਕਸ ਲਈ ਤਿਆਰ

mohali58963

ਮੋਹਾਲੀ : ਜਿਵੇਂ ਕਿ ਪੰਜਾਬੀਆਂ ਨੂੰ ਉਨ੍ਹਾਂ ਦੀ ਪਰਾਹੁਣਚਾਰੀ ਅਤੇ ਸੁਆਦਲੇ ਪਕਵਾਨਾਂ ਲਈ ਜਾਣਿਆ ਜਾਂਦਾ ਹੈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਪਹਿਲੇ ਟਰੂਜ਼ਿਮ ਸਮਿਟ ਅਤੇ ਟਰੈਵਲ ਮਾਰਟ 2023 ਰਾਹੀਂ ਦੁਨੀਆਂ ਭਰ ਦੇ ਸੈਲਾਨੀਆਂ ਨੂੰ ਸੂਬੇ ਵੱਲ ਆਕਰਸ਼ਿਤ ਕਰਨ ਲਈ ਰਵਾਇਤੀ ਸੁਆਦਲੇ ਪਕਵਾਨਾਂ ਦੀ ਪੇਸ਼ਕਸ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਐਮਿਟੀ ਯੂਨੀਵਰਸਿਟੀ ਵਿਖੇ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਅਤੇ ਨਿਵੇਸ਼ ਪੰਜਾਬ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਜਾ ਰਹੇ ਪਹਿਲੇ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ 2023 ਦੇ ਸ਼ੁਰੂਆਤੀ ਦਿਨ ਮੌਕੇ "ਅੰਮ੍ਰਿਤਸਰਸ ਹਿੰਟਰਲੈਂਡ ਐਂਡ ਕਲੇਨਰੀ ਟੂਰਿਜ਼ਮ" ਵਿਸ਼ੇ ’ਤੇ ਇੱਕ ਪੈਨਲ ਚਰਚਾ ਕੀਤੀ ਗਈ।
ਇਸ ਵਿਸ਼ੇ ’ਤੇ ਚਰਚਾ ਵਿੱਚ ਸ਼ਮੂਲੀਅਤ ਕਰਦਿਆਂ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ ਨੇ ਕਿਹਾ ਕਿ ਜਦੋਂ ਅਸੀਂ ਪਕਵਾਨਾਂ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦਾ ਨਾਂ ਸਭ ਤੋਂ ਉੱਪਰ ਹੁੰਦਾ ਹੈ ਅਤੇ ਦੁਨੀਆ ਭਰ ਵਿੱਚ ਕੋਈ ਵੀ ਅਜਿਹੀ ਥਾਂ ਨਹੀਂ ਹੈ ਜਿੱਥੇ ਤੁਹਾਨੂੰ ਪੰਜਾਬੀ ਪਕਵਾਨ ਨਾ ਮਿਲਦੇ ਹੋਣ।
ਉਨ੍ਹਾਂ ਕਿਹਾ ਕਿ ਜਿੱਥੇ ਦੁਨੀਆਂ ਭਰ ਦੇ ਲੋਕ ਪੰਜਾਬੀ ਪਕਵਾਨਾਂ ਦਾ ਸੁਆਦ ਲੈਂਦੇ ਹਨ, ਉੱਥੇ ਪੰਜਾਬ ਦੇ ਕਈ ਮਸ਼ਹੂਰ ਪਕਵਾਨ ਅਜਿਹੇ ਵੀ ਹਨ ਜਿਹਨਾਂ ਵਿੱਚ ਫਾਜ਼ਿਲਕਾ ਦਾ ਸਥਾਨਕ ਤੌਰ ’ਤੇ ਮਸ਼ਹੂਰ ਤੋਸ਼ਾ, ਕੋਟਕਪੂਰਾ ਦਾ ਆਟਾ ਚਿਕਨ, ਕੋਟਕਪੂਰਾ ਦਾ ਢੋਡਾ ਆਦਿ ਸ਼ਾਮਲ ਹਨ, ਜਿਨ੍ਹਾਂ ਨੂੰ ਵਿਸ਼ਵ ਪੱਧਰ ’ਤੇ ਮਾਨਤਾ ਦੀ ਲੋੜ ਹੈ।
ਚਰਚਾ ਨੂੰ ਅੱਗੇ ਵਧਾਉਂਦਿਆਂ ਪਾਰਟਨਰ ਕੇਪੀਐਮਜੀ ਹਿਮਾਂਸ਼ੂ ਰਤਨ, ਜੋ ਸੈਸ਼ਨ ਦੇ ਸੰਚਾਲਕ ਸਨ, ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਕਿਵੇਂ ਪ੍ਰਮਾਣਿਕ ਅਤੇ ਲੁਭਾਵਣੇ ਤਜ਼ਰਬਿਆਂ ਵਿੱਚ ਦਿਲਚਸਪੀ ਰੱਖਣ ਵਾਲੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਅੰਮ੍ਰਿਤਸਰ ਅਤੇ ਇਸ ਦੇ ਨੇੜਲੇ ਇਲਾਕਿਆਂ ਦੇ ਰਿਵਾਇਤੀ ਪਕਵਾਨਾਂ ਦਾ ਲਾਭ ਉਠਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ-ਪ੍ਰਸਿੱਧ ਅੰਮ੍ਰਿਤਸਰੀ ਕੁਲਚੇ ਤੋਂ ਲੈ ਕੇ ਘੱਟ ਜਾਣੇ-ਪਛਾਣੇ ਖੇਤਰੀ ਪਕਵਾਨਾਂ ਤੱਕ, ਭੋਜਨ ਅਤੇ ਸੱਭਿਆਚਾਰ ਦੇ ਮਾਮਲੇ ਵਿੱਚ ਅੰਮ੍ਰਿਤਸਰ ਦੀ ਵਿਰਾਸਤ ਸ਼ਾਨਦਾਰ ਹੈ।
ਸੰਮੇਲਨ ਦੇ ਬੁਲਾਰੇ ਵਜੋਂ ਸ਼ਾਮਲ ਹੋਏ ਸਾਡਾ ਪਿੰਡ ਦੇ ਸੀਐਮਡੀ ਈਸ਼ ਗੰਭੀਰ ਨੇ ਪੰਜਾਬ ਦੇ ਪਕਵਾਨਾਂ ਨੂੰ ਇਸ ਦੇ ਵਿਰਸੇ, ਸੱਭਿਆਚਾਰ ਅਤੇ ਪਰੰਪਰਾ ਦੇ ਨਾਲ-ਨਾਲ ਪੇਸ਼ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਆਪਣੇ ਬਹੁ-ਚਰਚਿਤ ਪ੍ਰਾਜੈਕਟ ’ਸਾਡਾ ਪਿੰਡ’ ਦੀ ਸ਼ੁਰੂਆਤ ਕੀਤੀ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਅਤੇ ਪੁਰਾਣੀਆਂ ਚੀਜ਼ਾਂ, ਜਿਨ੍ਹਾਂ ਨੂੰ ਲੋਕਾਂ ਨੇ ਰੱਦ ਵਿੱਚ ਰੱਖ ਦਿੱਤਾ ਸੀ, ਨੂੰ ਪ੍ਰਾਚੀਨ ਕਲਾਕ੍ਰਿਤੀਆਂ ਵਿੱਚ ਤਬਦੀਲ ਕਰ ਦਿੱਤਾ।
ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈਕ) ਅੰਮ੍ਰਿਤਸਰ ਚੈਪਟਰ ਦੇ ਕਨਵੀਨਰ ਗਗਨਦੀਪ ਸਿੰਘ ਨੇ ਬਾਜਰੇ ਨੂੰ ਖੁਰਾਕ ਵਿੱਚ ਸ਼ਾਮਲ ਕਰਨ ਦਾ ਜ਼ੋਰ ਦਿੱਤਾ।
ਪ੍ਰਸਿੱਧ ਸ਼ੈੱਫ ਅਤੇ ਇੰਡੀਅਨ ਫੈਡਰੇਸ਼ਨ ਆਫ ਕਲੇਨਰੀ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ ਨੇ ਰਵਾਇਤੀ ਪੰਜਾਬੀ ਭੋਜਨ ਨੂੰ ਮੁੜ ਸੁਰਜੀਤ ਕਰਨ ’ਤੇ ਜ਼ੋਰ ਦਿੱਤਾ, ਜਿਸ ਬਾਰੇ ਲੋਕ ਜਾਣੂ ਨਹੀਂ ਹਨ। ਉਨ੍ਹਾਂ ਕਿਹਾ ਕਿ ਖਾਣਾ ਬਣਾਉਣਾ ਗਿਆਨ ਅਤੇ ਹੁਨਰ ਦਾ ਸੁਮੇਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਖਾਣੇ ਬਾਰੇ ਦਸਤਾਵੇਜ਼ੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਹੋਟਲ ਮੈਨੇਜਮੈਂਟ ਦੇ ਵਿਦਿਆਰਥੀ ਰਵਾਇਤੀ ਪੰਜਾਬੀ ਖਾਣੇ ਦੇ ਸਵਾਦ ਨੂੰ ਅਗਲੇ ਪੱਧਰ ਤੱਕ ਲੈ ਜਾ ਸਕਣ।

In The Market