ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਬਿਲਕਿਸ ਬਾਨੋ ਸਮੂਹਿਕ ਜਬਰ ਜਨਾਹ ਅਤੇ 2002 ਦੇ ਗੁਜਰਾਤ ਦੰਗਿਆਂ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ 7 ਮੈਂਬਰਾਂ ਦੀ ਹੱਤਿਆ ਦੇ 11 ਦੋਸ਼ੀਆਂ ਦੀ ਸਜ਼ਾ ਮੁਆਫੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਵੱਡਾ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ 11 ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਹੁਕਮ ਨੂੰ ਰੱਦ ਕਰ ਦਿੱਤਾ ਹੈ। 11 ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਗਈ ਸੀ। ਸੋਮਵਾਰ ਨੂੰ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਦਿੱਤੀ ਗਈ ਮਾਫੀ ਨੂੰ ਰੱਦ ਕਰ ਦਿੱਤਾ। ਗੁਜਰਾਤ ਸਰਕਾਰ ਨੇ ਪਿਛਲੇ ਸਾਲ ਇਸ ਮਾਮਲੇ ਵਿੱਚ 11 ਦੋਸ਼ੀਆਂ ਨੂੰ ਰਿਹਾਅ ਕੀਤਾ ਸੀ। ਅਦਾਲਤ ਦੇ ਫੈਸਲੇ ਤੋਂ ਬਾਅਦ ਹੁਣ ਸਾਰੇ 11 ਦੋਸ਼ੀਆਂ ਨੂੰ ਵਾਪਸ ਜੇਲ੍ਹ ਜਾਣਾ ਪਵੇਗਾ। ਜਸਟਿਸ ਬੀ. ਜਸਟਿਸ ਵੀ. ਨਾਗਰਥਨਾ ਅਤੇ ਜਸਟਿਸ ਉੱਜਵਲ ਭੂਯਨ ਦੀ ਬੈਂਚ ਨੇ 11 ਦਿਨਾਂ ਦੀ ਸੁਣਵਾਈ ਤੋਂ ਬਾਅਦ ਦੋਸ਼ੀਆਂ ਦੀ ਸਜ਼ਾ ਮਾਫ਼ੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਪਿਛਲੇ ਸਾਲ 12 ਅਕਤੂਬਰ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਕੀ ਹੈ ਪੂਰਾ ਮਾਮਲਾ? ਬਿਲਕਿਸ ਬਾਨੋ ਦੀ ਉਮਰ 21 ਸਾਲ ਅਤੇ ਪੰਜ ਮਹੀਨੇ ਦੀ ਗਰਭਵਤੀ ਸੀ ਜਦੋਂ ਉਸ ਨਾਲ ਫਿਰਕੂ ਦੰਗਿਆਂ ਦੌਰਾਨ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਦੰਗਿਆਂ ਦੌਰਾਨ ਮਾਰੇ ਗਏ ਪਰਿਵਾਰ ਦੇ ਸੱਤ ਮੈਂਬਰਾਂ ਵਿੱਚ ਉਸਦੀ ਤਿੰਨ ਸਾਲ ਦੀ ਧੀ ਵੀ ਸ਼ਾਮਲ ਸੀ।ਪਿਛਲੇ ਸਾਲ 15 ਅਗਸਤ ਨੂੰ ਸਾਰੇ 11 ਦੋਸ਼ੀਆਂ ਦੀ ਸਜ਼ਾ ਮੁਆਫੀ ਅਤੇ ਰਿਹਾਅ ਹੋਣ ਤੋਂ ਤੁਰੰਤ ਬਾਅਦ, ਸਮਾਜਿਕ ਕਾਰਕੁਨਾਂ ਅਤੇ ਸਿਆਸਤਦਾਨਾਂ ਨੇ ਸੁਪਰੀਮ ਕੋਰਟ ਵਿੱਚ ਕਈ ਪਟੀਸ਼ਨਾਂ ਦਾਇਰ ਕੀਤੀਆਂ ਸਨ। ਬਿਲਕਿਸ ਨੇ ਨਵੰਬਰ 'ਚ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ।
ਮੁਹਾਲੀ : ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ ਚੰਡੀਗੜ੍ਹ ਨੇ ਡੈਪੂਟੇਸ਼ਨ ਕੋਟੇ ਦੇ ਆਧਾਰ ’ਤੇ ਲੈਕਚਰਾਰਾਂ ਦੀਆਂ ਅਸਾਮੀਆਂ ਦੀ ਮੰਗ ਕੀਤੀ ਹੈ। ਡੀਪੀਆਈ ਸੈਕੰਡਰੀ ਪੰਜਾਬ ਨੂੰ ਜਾਰੀ ਇਕ ਪੱਤਰ ਵਿਚ ਚੰਡੀਗੜ੍ਹ ਦੇ ਸਕੂਲ ਸਿੱਖਿਆ ਵਿਭਾਗ ਨੇ ਪੰਜਾਬੀ, ਸਮਾਜ ਵਿਗਿਆਨ, ਮਨੋ-ਵਿਗਿਆਨ, ਸੰਗੀਤ, ਹੋਮ ਸਾਇੰਸ ਤੇ ਜੀਵ ਵਿਗਆਨ ਦੀ ਇਕ-ਇਕ ਅਸਾਮੀ ਤੇ ਸਰੀਰਕ ਸਿੱਖਿਆ ਤੇ ਖੇਡਾਂ ਵਿਸ਼ੇ ਦੀਆਂ ਦੀਆਂ ਦੋ ਅਸਾਮੀਆਂ ਮੰਗੀਆਂ ਹਨ। ਉਮੀਦਵਾਰਾਂ ਨੂੰ 24 ਜਨਵਰੀ 2024 ਨੂੰ ਤਿੰਨ ਤਰ੍ਹਾਂ ਦੇ ਮਾਪਦੰਡਾਂ ਦੇ ਆਧਾਰ ’ਤੇ ਭਰਤੀ ਲਈ ਵਿਚਾਰਿਆ ਜਾਵੇਗਾ। ਵੇਰਵਿਆਂ ਅਨੁਸਾਰ ਇਨ੍ਹਾਂ ਅਸਾਮੀਆਂ ਵਾਸਤੇ ਪੰਜਾਬ ਨੂੰ ਤੈਅ 60 ਜਦੋਂਕਿ ਹਰਿਆਣਾ ਦੇ ਉਮੀਦਵਾਰਾਂ ਨੂੰ 40 ਫ਼ੀਸਦੀ ਅਨੁਪਾਤ ਨਾਲ ਵਿਚਾਰਿਆ ਜਾਵੇਗਾ। ਇਸ ਵਿਚ ਕਾਰਜਕਾਲ ਤੇ ਹੋਰ ਗਤੀਵਿਧੀਆਂ ਦੇ 50 ਅੰਕ ਤੈਅ ਕੀਤੇ ਗਏ ਹਨ, ਜਿਨ੍ਹਾਂ ਵਿਚ ਪਿਛਲੇ 5 ਸਾਲਾਂ ਦੀ ਕਾਰਗੁਜ਼ਾਰੀ ਦੇ ਅੰਕ ਲੱਗਣਗੇ। ਇਸ ਵਿਚ ਸਾਲਾਨਾ ਗੁਪਤ ਰਿਪੋਰਟ/ਏਸੀਆਰ ਤੇ ਤਜਰਬੇ ਦੇ 20-20 'ਚੋਂ ਅੰਕ ਜਦੋਂਕਿ ਗੱਲਬਾਤ/ਇੰਟਰੈਕਸ਼ਨ ਦੇ 10 ਅੰਕ ਵਿਚੋਂ ਮੁਲਾਜ਼ਮ ਦੀ ਕਾਬਲੀਅਤ ਦੇ ਹਿਸਾਬ ਨਾਲ ਅੰਕ ਮਿਲਣਗੇ। ਇਸ ਤੋਂ ਇਲਾਵਾ ਸਬੰਧਤ ਵਿਸ਼ੇ ਦੇ ਲੈਚਰਾਰ ਨੂੰ ਪਿਛਲੇ ਪੰਜ ਸਾਲਾਂ ਦਾ ਨਤੀਜੇ ਦੇ ਵਰਵੇ, ਕੋਈ ਵੀ ਪੜਤਾਲ ਬਾਕੀ ਨਾ ਹੋਣ ਦਾ ਸਰਟੀਫ਼ਿਕੇਟ ਵੀ ਸਾਂਝਾ ਕਰਨਾ ਹੋਵੇਗਾ। ਇਹ ਵੀ ਕਿਹਾ ਗਿਆ ਹੈ ਕਿ ਮੁਲਾਜ਼ਮ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਪੜਤਾਲ ਬਕਾਇਆ ਨਹੀਂ ਹੋਣੀ ਚਾਹੀਦੀ। ਇਹ ਵੀ ਕਿਹਾ ਗਿਆ ਹੈ ਪੋਸਟ ਭਰਨ ਲਈ ਅੰਕਾਂ ਦੀਆਂ ਤਿੰਨਾਂ ਮੱਦਾਂ ਤੋਂ ਇਲਾਵਾਂ ਗੱਲਬਾਤ/ਇੰਟਰੈਕਸ਼ਨ ਵਾਲਾ ਪੱਖ ਅਹਿਮ ਰਹੇਗਾ। ਚੰਡੀਗੜ੍ਹ ਸਕੂਲ ਸਿੱਖਿਆ ਵਿਭਾਗ ਨੇ ਹਦਾਇਤ ਕੀਤੀ ਹੈ ਕਿ ਭਰਤੀ ਲਈ ਕਿਸੇ ਵੀ ਅਰਜ਼ੀ ਨੂੰ ਸਿੱਧੇ ਤੌਰ ’ਤੇ ਨਹੀਂ ਵਿਚਾਰਿਆ ਜਾਵੇਗਾ। ਜੇਕਰ ਪੰਜਾਬ ਤੋਂ ਕਿਸੇ ਅਧਿਆਪਕ ਦੀ ਡੈਪੂਟੇਸ਼ਨ ਲਈ ਅਰਜ਼ੀ ਨਹੀਂ ਆਉਂਦੀ ਤਾਂ ਭਰਤੀ ਵਾਸਤੇ ਦੂਜੀ ਸਟੇਟ ਦੇ ਟੀਚਰਾਂ ਨੂੰ ਮੌਕਾ ਦੇ ਦਿੱਤਾ ਜਾਵੇਗਾ।
ਲੁਧਿਆਣਾ : ਪੰਜਾਬ ਦੇ ਕਿਸੇ ਵੀ ਜ਼ਿਲ੍ਹੇ 'ਚ ਸਿੰਥੈਟਿਕ ਟ੍ਰੈਕ ਵਾਲੀਆਂ ਜ਼ਮੀਨਾਂ 'ਤੇ ਗਣਤੰਤਰ ਦਿਵਸ ਸਮਾਰੋਹ ਨਹੀਂ ਮਨਾਇਆ ਜਾਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਣਤੰਤਰ ਦਿਵਸ ਮੌਕੇ ਲੁਧਿਆਣਾ 'ਚ ਕੌਮੀ ਝੰਡਾ ਲਹਿਰਾਉਣਗੇ ਪਰ ਇਹ ਪਹਿਲੀ ਵਾਰ ਹੋਵੇਗਾ ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਇਸ ਦਾ ਪ੍ਰਬੰਧਕ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਰਾਜ ਪੱਧਰੀ ਪ੍ਰੋਗਰਾਮ ਹਮੇਸ਼ਾ ਗੁਰੂਨਾਨਕ ਸਟੇਡੀਅਮ 'ਚ ਹੁੰਦੇ ਸਨ। ਲੁਧਿਆਣਾ ਦੀ ਡੀਸੀ ਸੁਰਭੀ ਮਲਿਕ ਨੇ ਕਿਹਾ ਕਿ ਉਨ੍ਹਾਂ ਨੂੰ ਸੀਐਮ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਮਿਲੀ ਹੈ। ਹਾਲਾਂਕਿ ਗੁਰੂ ਨਾਨਕ ਸਟੇਡੀਅਮ ਵਿਖੇ ਸਿੰਥੈਟਿਕ ਟਰੈਕ ਵਿਛਾਉਣ ਦਾ ਕੰਮ ਲਗਪਗ ਮੁਕੰਮਲ ਹੋ ਚੁੱਕਾ ਹੈ ਅਤੇ ਟਰੈਕ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ, ਇਸ ਲਈ ਪੀਏਯੂ ਵਿਖੇ ਇਸ ਦਾ ਪ੍ਰੋਗਰਾਮ ਉਲੀਕਣ ਦਾ ਫੈਸਲਾ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ 'ਤੇ ਪੋਸਟ ਕਰਦਿਆਂ ਲਿਖਿਆ ਹੈ ਕਿ 26 ਜਨਵਰੀ ਨੂੰ ਲੁਧਿਆਣਾ 'ਚ ਹੋਣ ਵਾਲੀ ਗਣਤੰਤਰ ਦਿਵਸ ਦੀ ਪਰੇਡ ਪੀਏਯੂ ਗਰਾਊਂਡ 'ਚ ਹੋਵੇਗੀ। ਅਸੀਂ ਗੁਰੂ ਨਾਨਕ ਸਟੇਡੀਅਮ 'ਚ ਹੁਣੇ ਇਕ ਨਵਾਂ ਸਿੰਥੈਟਿਕ ਟਰੈਕ ਬਣਾਇਆ ਹੈ। ਅਸੀਂ ਨਹੀਂ ਚਾਹੁੰਦੇ ਕਿ ਪਰੇਡ ਨਾਲ ਟ੍ਰੈਕ ਨੂੰ ਕੋਈ ਨੁਕਸਾਨ ਹੋਵੇ। ਪੰਜਾਬ 'ਚ ਸਿੰਥੈਟਿਕ ਟਰੈਕ ਵਾਲੇ ਕਿਸੇ ਵੀ ਗਰਾਊਂਡ 'ਚ ਪਰੇਡ ਦਾ ਪ੍ਰਬੰਧ ਨਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।...
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਅੰਤਿ੍ਰੰਗ ਕਮੇਟੀ ਦੀ ਇਕੱਤਰਤਾ ਵਿਚ ਗੁਰਦੁਆਰਾ ਸਾਹਿਬਾਨ ਅੰਦਰ ਸਿਰੋਪਾਓ ਦੇਣ ਦੀ ਰਵਾਇਤ ਨੂੰ ਬੰਦ ਕਰਦਿਆਂ ਇਸ ਤੋਂ ਹੋਣ ਵਾਲੀ ਵਿੱਤੀ ਬੱਚਤ ਨੂੰ ਕੌਮ ਦੀ ਨੌਜਵਾਨੀ ਦੇ ਅਕਾਦਮਿਕ ਵਿਕਾਸ ਲਈ ਵਰਤਣ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਤਹਿਤ ਸਿਰੋਪਾਓ ਦੇਣ ਦੀ ਆਮ ਵਰਤੋਂ ’ਤੇ ਪਾਬੰਦੀ ਲਾਉਂਦਿਆਂ ਕੇਵਲ ਧਾਰਮਿਕ ਸ਼ਖ਼ਸੀਅਤਾਂ, ਨਗਰ ਕੀਰਤਨਾਂ ਦੌਰਾਨ ਪੰਜ ਪਿਆਰਿਆਂ, ਰਾਗੀ ਅਤੇ ਧਰਮ ਪ੍ਰਚਾਰਕਾਂ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਈ ਹੋਰ ਅਹਿਮ ਫੈਸਲਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਐਡਵੋਕੇਟ ਧਾਮੀ ਨੇ ਦੱਸਿਆ ਕਿ ਭਾਈ ਬੇਅੰਤ ਸਿੰਘ ਦੀ ਨੂੰਹ ਬੀਬੀ ਸੰਦੀਪ ਕੌਰ ਨੂੰ ਸ਼੍ਰੋਮਣੀ ਕਮੇਟੀ ਵਿਚ ਨੌਕਰੀ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅੱਗੇ ਦੱਸਿਆ ਕਿ ਬੀਤੇ ਸਮੇਂ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਅਕਾਲ ਬੁੰਗਾ ਛਾਉਣੀ ਨਿਹੰਗ ਸਿੰਘਾਂ ’ਤੇ ਪੁਲਿਸ ਵੱਲੋਂ ਤਾਬੜ-ਤੋੜ ਗੋਲੀਆਂ ਚਲਾਉਣ ਅਤੇ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋ ਕੇ ਕੀਤੀ ਮਰਿਆਦਾ ਦੀ ਉਲੰਘਣਾ ਦੀ ਜਾਂਚ ਲਈ ਗਠਤ ਕੀਤੀ ਕਮੇਟੀ ਨੇ ਵੀ ਆਪਣੀ ਰਿਪੋਰਟ ਸੌਂਪ ਦਿੱਤੀ ਹੈ, ਜਿਸ ਨੂੰ ਅੰਤਿ੍ਰੰਗ ਕਮੇਟੀ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪਾਸ ਭੇਜ ਦਿੱਤੀ ਹੈ। ਰਿਪੋਰਟ ਦੇ ਸੰਖੇਪ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ’ਤੇ ਇਕ ਹਜ਼ਾਰ ਤੋਂ ਵੱਧ ਗੋਲੀਆਂ ਚਲਾਈਆਂ ਗਈਆਂ ਸਾਹਮਣੇ ਆਈਆਂ ਹਨ। ਜਾਂਚ ਕਮੇਟੀ ਨੇ ਵੱਖ-ਵੱਖ ਲੋਕਾਂ ਦੇ ਬਿਆਨ ਦਰਜ ਕੀਤੇ ਹਨ, ਜਿਨ੍ਹਾਂ ਵਿਚ ਨਿਹੰਗ ਜਥੇਬੰਦੀਆਂ ਦੇ ਮੁਖੀ ਵੀ ਸ਼ਾਮਲ ਹਨ ਪਰ ਸਰਕਾਰ ਦੇ ਅਧਿਕਾਰੀ ਬਿਆਨ ਦੇਣ ਤੋਂ ਮੁਨਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਜਾਂਚ ਕਮੇਟੀ ਨੂੰ ਬਿਆਨ ਦੇਣ ਤੋਂ ਕੋਰੀ ਨਾਂਹ ਕੀਤੀ ਹੈ, ਜਦਕਿ ਐੱਸਐੱਸਪੀ ਨੇ ਕਈ ਪੱਤਰ ਅਤੇ ਮਿਲਣੀਆਂ ਲਈ ਜਾਣ ’ਤੇ ਵੀ ਹੁੰਗਾਰਾ ਨਹੀਂ ਭਰਿਆ। ਉਨ੍ਹਾਂ ਕਿਹਾ ਕਿ ਫ਼ੈਸਲੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ।
ਚੰਡੀਗੜ੍ਹ : ਕੜਾਕੇ ਦੀ ਠੰਢ ਦੇ ਮੱਦੇਨਜ਼ਰ ਚੰਡੀਗੜ੍ਹ ਵਿਚ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। 9 ਤੋਂ 13 ਜਨਵਰੀ ਤਕ ਸਕੂਲ ਸਵੇਰੇ 9.30 ਵਜੇ ਸਵੇਰੇ ਲੱਗਣਗੇ ਤੇ ਛੁੱਟੀ ਬਾਅਦ ਦੁਪਹਿਰ 3.00 ਵਜੇ ਹੋਵੇਗੀ।
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਅਹਿਮ ਮੁੱਦਿਆ ਉੱਤੇ ਵਿਸ਼ੇਸ਼ ਚਰਚਾ ਹੋਈ। ਇਕੱਤਰਤਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਮੁੱਖ ਦਫਤਰ ਅੰਮ੍ਰਿਤਸਰ ਵਿਖੇ ਹੋਈ। ਇਕੱਤਰਤਾ ਸਬੰਧੀ ਗੱਲਬਾਤ ਕਰਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਕਾਲ ਬੁੰਗਾ ਸੁਲਤਾਨਪੁਰ ਲੋਧੀ ਵਿਖੇ ਹੋਈ ਘਟਨਾ ਦੀ ਰਿਪੋਰਟ ਉਨ੍ਹਾਂ ਪਾਸ ਆ ਗਈ ਹੈ ਅਤੇ ਇਹ ਸਬ ਕਮੇਟੀ ਦੀ ਰਿਪੋਰਟ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਲਿਖਿਆ ਸੀ ਪੱਤਰ ਉਨ੍ਹਾਂ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਦੇ ਸੰਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ। ਜਿਸ ਨੇ 12 ਦਸੰਬਰ 2023 ਨੂੰ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਇਸ ਮਾਮਲੇ ਸੰਬੰਧੀ ਗੰਭੀਰਤਾ ਨਾਲ ਵਿਚਾਰ ਕਰਨ ਲਈ ਕਿਹਾ ਗਿਆ ਸੀ। 23 ਦਸੰਬਰ 2023 ਨੂੰ ਪ੍ਰਧਾਨ ਮੰਤਰੀ ਦਫਤਰ ਵੱਲੋਂ ਇੱਕ ਪੱਤਰ ਪ੍ਰਾਪਤ ਹੋਇਆ ਜਿਸ ਵਿੱਚ ਉਹਨਾਂ ਨੇ ਗ੍ਰਹਿ ਮੰਤਰੀ ਤੇ ਗ੍ਰਹਿ ਵਿਭਾਗ ਨੂੰ ਇਸ ਮਾਮਲੇ ਦੀ ਗੰਭੀਰਤਾ ਸਬੰਧੀ ਕਾਰਵਾਈ ਕਰਨ ਲਈ ਕਿਹਾ ਹੈ। ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ ਪੰਜ ਮੈਂਬਰੀ ਕਮੇਟੀ ਨੂੰ 31 ਦਸੰਬਰ 2023 ਦਾ ਸਮਾਂ ਦਿੱਤਾ ਗਿਆ ਸੀ, ਉਨ੍ਹਾਂ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸਮਾਂ ਵਧਾਉਣ ਦੀ ਬੇਨਤੀ ਕੀਤੀ ਸੀ, ਗਿਆਨੀ ਰਘਬੀਰ ਸਿੰਘ ਵੱਲੋਂ 27 ਜਨਵਰੀ 2024 ਤੱਕ ਦਾ ਆਖਰੀ ਸਮਾਂ ਦਿੱਤਾ ਗਿਆ ਹੈ। ਜਥੇਦਾਰ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਲਵੰਤ ਸਿੰਘ ਰਾਜੋਆਣਾ ਸਬੰਧੀ ਪਾਈ ਪਟੀਸ਼ਨ ਸਬੰਧੀ ਢੁਕਵਾਂ ਫੈਸਲਾ ਕਰੇ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਝਾਕੀ ਨੂੰ ਰੱਦ ਕਰਨ ਦੇ ਮੁੱਦੇ ਉਤੇ ‘ਨੰਗਾ-ਚਿੱਟਾ’ ਝੂਠ ਬੋਲਣ ਉਤੇ ਭਾਜਪਾ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਦੀ ਕਰੜੀ ਆਲੋਚਨਾ ਕੀਤੀ ਹੈ। ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸੂਬਾ ਸਰਕਾਰ ਹਮੇਸ਼ਾ ਤੋਂ ਇਹੀ ਤਰਕ ਰਿਹਾ ਹੈ ਕਿ ਮੋਦੀ ਸਰਕਾਰ ਨੇ ਆਪਣੀ ਪੰਜਾਬ ਵਿਰੋਧੀ ਖ਼ਬਤ ਕਾਰਨ ਸੂਬੇ ਦੀ ਝਾਕੀ ਨੂੰ ਰੱਦ ਕੀਤਾ ਪਰ ਜਾਖੜ ਕੇਂਦਰ ਸਰਕਾਰ ਦੇ ਇਸ ਨੂੰ ਕਦਮ ਨੂੰ ਆਪਣੀ ਬੇਥਵੀਆਂ ਨਾਲ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਾਖੜ ਨੇ ਸੂਬਾ ਸਰਕਾਰ ਦੀਆਂ ਝਾਕੀਆਂ ਰੱਦ ਹੋਣ ਦਾ ਕਾਰਨ ਉਨ੍ਹਾਂ ਉਤੇ ਮੁੱਖ ਮੰਤਰੀ ਦੀਆਂ ਤਸਵੀਰਾਂ ਹੋਣ ਦੀ ਗੱਲ ਆਖ ਕੇ ਸੂਬੇ ਦੇ ਲੋਕਾਂ ਨੂੰ ਗੁਮਰਾਹ ਕੀਤਾ ਹੈ ਅਤੇ ਇਹ ਸਾਰਾ ਬਿਆਨ ਜਾਖੜ ਦੀ ਮਹਿਜ਼ ਕੋਰੀ ਕਲਪਨਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਜਦੋਂ ਰੱਖਿਆ ਮੰਤਰਾਲੇ ਨੇ ਇਹ ਬਿਲਕੁੱਲ ਸਾਫ਼ ਕਰ ਦਿੱਤਾ ਹੈ ਕਿ ਇਸ ਝਾਕੀ ਉਤੇ ਕੋਈ ਤਸਵੀਰਾਂ ਨਹੀਂ ਸਨ ਤਾਂ ਜਾਖੜ ਦੇ ਝੂਠ ਦਾ ਪਰਦਾਫ਼ਾਸ਼ ਹੋ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਗਣਤੰਤਰ ਦਿਵਸ ਪਰੇਡ ਲਈ ਡਿਜ਼ਾਇਨ ਕੀਤੀ ਝਾਕੀ ਦਾ ਉਦੇਸ਼ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੇ ਨਾਲ-ਨਾਲ ਸ਼ਹੀਦਾਂ ਦੇ ਬਲੀਦਾਨ ਦੀ ਰਵਾਇਤ ਨੂੰ ਦਰਸਾਉਣਾ ਸੀ। ਗਣਤੰਤਰ ਦਿਵਸ ਪਰੇਡ ਲਈ ਸੂਬੇ ਦੀ ਝਾਕੀ ਨੂੰ ਰੱਦ ਕਰਨ ਉਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਉਨ੍ਹਾਂ ਦੁਹਰਾਇਆ ਕਿ ਸੱਤਾ ਦੀ ਭੁੱਖੀ ਕੇਂਦਰ ਸਰਕਾਰ ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਵੱਲੋਂ ਪਾਏ ਲਾਮਿਸਾਲ ਯੋਗਦਾਨ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਹੇਠੀ ਕਰਨ ਲਈ ਭਾਜਪਾ ਸਰਕਾਰ ਕੋਝੇ ਹਥਕੰਡੇ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਾਦਤ ਤੇ ਬਲੀਦਾਨ ਪੰਜਾਬ ਦੀ ਸ਼ਾਨਾਮੱਤੀ ਵਿਰਾਸਤ ਦਾ ਹਿੱਸਾ ਹਨ, ਜਿਨ੍ਹਾਂ ਨੂੰ ਪੰਜਾਬ ਦੀਆਂ ਝਾਕੀਆਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਝਾਕੀਆਂ ਦੇ ਦੇਸ਼-ਭਗਤੀ ਤੇ ਪ੍ਰਗਤੀਸ਼ੀਲ ਵਿਚਾਰਾਂ ਨੂੰ ਰੱਦ ਕਰ ਕੇ ਕੇਂਦਰ ਸਰਕਾਰ ਨੇ ਮਹਾਨ ਦੇਸ਼-ਭਗਤਾਂ ਤੇ ਕੌਮੀ ਨਾਇਕਾਂ ਦੇ ਬਲੀਦਾਨ ਦਾ ਨਿਰਾਦਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਜਾਖੜ ਵਰਗੇ ਨਵੇਂ-ਨਵੇਂ ਬਣੇ ‘ਭਗਤ’ ਆਪਣੀ ਅੰਧ-ਭਗਤੀ ਵਿੱਚ ਪੰਜਾਬ ਦੇ ਹਿੱਤਾਂ ਨੂੰ ਸਿਰੇ ਤੋਂ ਦਰਕਿਨਾਰ ਕਰਦਿਆਂ ਮੋਦੀ ਸਰਕਾਰ ਦੇ ਤਾਨਾਸ਼ਾਹੀ ਕਦਮਾਂ ਨੂੰ ਜਾਇਜ਼ ਠਹਿਰਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨਾਲ ਸਬੰਧਤ ਹੋਣ ਦੇ ਬਾਵਜੂਦ ਇਹ ਆਗੂ ਮਹਿਜ਼ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਆਪਣੀ ਹਾਈ ਕਮਾਂਡ ਨਾਲ ਮਿਲ ਕੇ ਸੂਬੇ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਆਪਣੇ ਆਕਾਵਾਂ ਦੀਆਂ ਇੱਛਾਵਾਂ ਅਨੁਸਾਰ ਝੂਠ ਬੋਲਣ ਵਿੱਚ ਹਾਲੇ ਪੂਰੀ ਤਰ੍ਹਾਂ ਮਾਹਿਰ ਨਹੀਂ ਹੋਏ ਹਨ। ਉਨ੍ਹਾਂ ਕਿਹਾ ਕਿ ਜਾਖੜ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ, ਜਿਸ ਕਾਰਨ ਉਹ ਆਪਣੀ ਹਾਈ ਕਮਾਂਡ ਵੱਲੋਂ ਤਿਆਰ ਕੀਤੀਆਂ ਸਕਰਿਪਟਾਂ ਪੜ੍ਹਨ ਵਿੱਚ ਹਾਲੇ ਪੂਰੇ ਉਸਤਾਦ ਨਹੀਂ ਬਣੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਿੰਨੀ ਬਦਕਿਸਮਤੀ ਵਾਲੀ ਗੱਲ ਹੈ ਕਿ ਭਾਜਪਾਈ ਲੀਡਰਸ਼ਿਪ ਪੰਜਾਬ ਦੀ ਹੇਠੀ ਕਰ ਰਹੀ ਹੈ ਅਤੇ ਇਹ ਆਗੂ ਆਪਣੇ ਲੀਡਰਾਂ ਦਾ ਗੁਣਗਾਣ ਕਰਨ ਵਿੱਚ ਮਸਤ ਹਨ।
ਚੰਡੀਗੜ੍ਹ: ਸੂਬੇ ਦੇ ਘੋੜਾ ਮਾਲਕਾਂ ਅਤੇ ਬਰੀਡਰਾਂ ਨੂੰ ਵੱਡੀ ਖੁਸ਼ਖਬਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੇ ਮਾਘੀ ਮੇਲੇ ਦੌਰਾਨ 9 ਤੋਂ 16 ਜਨਵਰੀ ਤੱਕ ਚੱਲਣ ਵਾਲੇ ਪਸ਼ੂਧਨ ਮੇਲੇ ਵਿੱਚ ਘੋੜਿਆਂ ਸਬੰਧੀ ਗਤੀਵਿਧੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਤੇਜ਼ੀ ਨਾਲ ਫੈਲਣ ਵਾਲੀ ਇਸ ਜ਼ੂਨੋਟਿਕ ਗਲੈਂਡਰਜ਼ ਬਿਮਾਰੀ ਨੂੰ ਰੋਕਣ ਅਤੇ ਨੈਸ਼ਨਲ ਐਕਸ਼ਨ ਪਲਾਨ ਫ਼ਾਰ ਗਲੈਂਡਰਜ਼ (ਭਾਰਤ ਸਰਕਾਰ) ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਸਰਕਾਰ ਨੇ ਮਈ 2023 ਵਿੱਚ ਘੋੜਿਆਂ ਸਬੰਧੀ ਗਤੀਵਿਧੀਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਅੰਮ੍ਰਿਤਸਰ, ਬਠਿੰਡਾ, ਲੁਧਿਆਣਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਤੋਂ ਘੋੜਿਆਂ ਵਿੱਚ ਗਲੈਂਡਰਜ਼ ਬਿਮਾਰੀ ਫੈਲਣ ਦੀਆਂ ਰਿਪੋਰਟਾਂ ਮਿਲੀਆਂ ਸਨ, ਜਿਸ ਕਾਰਨ ਸੂਬਾ ਸਰਕਾਰ ਨੇ ਘੋੜਿਆਂ ਸਬੰਧੀ ਗਤੀਵਿਧੀਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ, ਬਠਿੰਡਾ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਨਿਗਰਾਨੀ ਦੌਰਾਨ ਗਲੈਂਡਰਜ਼ ਦਾ ਕੋਈ ਵੀ ਕੇਸ ਪਾਜ਼ੇਟਿਵ ਨਹੀਂ ਆਇਆ ਹੈ, ਜਿਸ ਕਾਰਨ ਸੂਬਾ ਸਰਕਾਰ ਨੇ ਇਹ ਪਾਬੰਦੀ ਹਟਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਘੋੜਾ ਮਾਲਕਾਂ ਨੂੰ ਮਾਘੀ ਮੇਲੇ ਦੌਰਾਨ ਪਸ਼ੂਧਨ ਮੇਲੇ ਵਿੱਚ ਹਿੱਸਾ ਲੈਣ ਦੀ ਆਗਿਆ ਦਿੱਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਹੁਸ਼ਿਆਰਪੁਰ ਦੇ ਘੋੜੇ ਇਸ ਮੇਲੇ ਵਿੱਚ ਹਿੱਸਾ ਨਹੀਂ ਲੈ ਸਕਦੇ ਹਨ ਕਿਉਂਕਿ ਉੱਥੇ ਅਜੇ ਟੈਸਟਿੰਗ ਚੱਲ ਰਹੀ ਹੈ। ਸ੍ਰੀ ਖੁੱਡੀਆਂ ਨੇ ਦੱਸਿਆ ਕਿ ਚਾਹਵਾਨ ਮਾਲਕਾਂ ਨੂੰ ਹਿੱਸਾ ਲੈ ਰਹੇ ਘੋੜਿਆਂ ਦੀ ਐਨ.ਆਰ.ਡੀ.ਡੀ.ਐਲ. ਜਲੰਧਰ ਜਾਂ ਐਨ.ਆਰ.ਸੀ.ਈ. ਹਿਸਾਰ ਜਾਂ ਸੂਬੇ ਦੁਆਰਾ ਪ੍ਰਵਾਨਿਤ ਡਾਇਗਨੌਸਟਿਕ ਲੈਬ ਤੋਂ ਗਲੈਂਡਰਜ਼ ਟੈਸਟਿੰਗ ਦੀ ਨੈਗੇਟਿਵ ਰਿਪੋਰਟ ਲਿਆਉਣਾ ਯਕੀਨੀ ਬਣਾਉਣਾ ਹੋਵੇਗਾ ਅਤੇ ਇਹ ਰਿਪੋਰਟ 30 ਦਿਨਾਂ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਹਿੱਸਾ ਲੈਣ ਵਾਲੇ ਘੋੜਿਆਂ ਦੇ ਸਾਰੇ ਮਾਲਕਾਂ ਨੂੰ ਸਬੰਧਤ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦੁਆਰਾ ਤਸਦੀਕਸ਼ੁਦਾ “ਅੰਡਰਟੇਕਿੰਗ” ਲੈ ਕੇ ਆਉਣੀ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮੇਲੇ ਵਾਲੇ ਸਥਾਨ 'ਤੇ ਘੋੜਿਆਂ ਦੀ ਐਂਟਰੀ ਤੋਂ ਪਹਿਲਾਂ ਇਸ ਅੰਡਰਟੇਕਿੰਗ ਦੀ ਜਾਂਚ ਐਨ.ਆਰ.ਡੀ.ਡੀ.ਐਲ., ਜਲੰਧਰ ਅਤੇ ਸਕ੍ਰੀਨਿੰਗ ਕਮੇਟੀ ਦੁਆਰਾ ਕੀਤੀ ਜਾਵੇਗੀ।...
ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਵੀਰਵਾਰ ਨੂੰ ਵਸੀਕਾ ਨਵੀਸ ਜਸਪਾਲ ਸਿੰਘ, ਵਾਸੀ ਮੁਹੱਲਾ ਕੋਟ ਮੰਗਲ ਸਿੰਘ, ਸ਼ਿਮਲਾਪੁਰੀ, ਲੁਧਿਆਣਾ ਨੂੰ ਮਾਲ ਮਹਿਕਮੇ ਦੇ ਮੁਲਾਜ਼ਮਾਂ ਦੇ ਨਾਂ 'ਤੇ 10,000 ਰੁਪਏ ਰਿਸ਼ਵਤ ਦੇਣ ਦੀ ਮੰਗ ਕਰਦਿਆਂ ਗ੍ਰਿਫਤਾਰ ਕਰ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਓਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਖਿਲਾਫ਼ ਇਹ ਮਾਮਲਾ ਈਸ਼ਰ ਨਗਰ ਲੁਧਿਆਣਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਉਪਰ ਦਰਜ ਕਰਵਾਈ ਗਈ ਸ਼ਿਕਾਇਤ ਦੀ ਪੜਤਾਲ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ।ਸ਼ਿਕਾਇਤਕਰਤਾ ਨੇ ਆਪਣੀ ਔਨਲਾਈਨ ਸ਼ਿਕਾਇਤ ਵਿੱਚ ਦੱਸਿਆ ਕਿ ਉਸਨੇ 07.11.2023 ਨੂੰ ਸਬ ਰਜਿਸਟਰਾਰ ਲੁਧਿਆਣਾ ਕੇਂਦਰੀ ਦੇ ਦਫ਼ਤਰ ਤੋਂ ਨਿਊ ਜਨਤਾ ਨਗਰ, ਲੁਧਿਆਣਾ ਸਥਿਤ ਆਪਣੇ ਪਲਾਟ ਦੀ ਰਜਿਸਟਰੀ ਦਰਜ ਕਰਵਾਈ ਸੀ। ਉਪਰੋਕਤ ਡੀਡ ਰਾਈਟਰ ਸਬ ਰਜਿਸਟਰਾਰ ਲੁਧਿਆਣਾ ਕੇਂਦਰੀ ਦੇ ਮੁਲਾਜ਼ਮਾਂ ਤੋਂ ਉਸਦਾ ਇਹ ਕੰਮ ਕਰਵਾਉਣ ਬਦਲੇ 10,000 ਰੁਪਏ ਦੀ ਰਿਸ਼ਵਤ ਦੇਣ ਲਈ ਦਬਾਅ ਪਾ ਰਿਹਾ ਸੀ। ਸ਼ਿਕਾਇਤਕਰਤਾ ਨੇ ਉਕਤ ਮੁਲਜ਼ਮ ਜਸਪਾਲ ਸਿੰਘ ਨਾਲ ਹੋਈ ਗੱਲਬਾਤ ਨੂੰ ਰਿਕਾਰਡ ਕਰ ਲਿਆ ਅਤੇ ਔਨਲਾਈਨ ਸ਼ਿਕਾਇਤ ਆਡੀਓ ਸਬੂਤਾਂ ਸਮੇਤ ਵਿਜੀਲੈਂਸ ਬਿਊਰੋ ਕੋਲ ਦਰਜ ਕਰਵਾ ਦਿੱਤੀ।ਉਨ੍ਹਾਂ ਅੱਗੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਮੁਲਜ਼ਮ ਸ਼ਿਕਾਇਤਕਰਤਾ ਤੋਂ ਪਲਾਟ ਦੀ ਵਿਕਰੀ ਡੀਡ ਕਰਵਾਉਣ ਬਦਲੇ ਮਾਲ ਮਹਿਕਮੇ ਦੇ ਮੁਲਾਜ਼ਮਾਂ ਦੇ ਨਾਂ 'ਤੇ 10,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਬ ਰਜਿਸਟਰਾਰ (ਕੇਂਦਰੀ) ਲੁਧਿਆਣਾ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।ਇਸ ਸਬੰਧੀ ਉਕਤ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਲੁਧਿਆਣਾ : ਪੰਜਾਬ ’ਚ ਵੀਰਵਾਰ ਨੂੰ ਸੰਘਣੀ ਧੁੰਦ ਛਾਈ ਰਹੀ। ਤੇਜ਼ ਹਵਾ ਕਾਰਨ ਦਿਨ ਦੇ ਤਾਪਮਾਨ ’ਚ 10 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਅੰਮ੍ਰਿਤਸਰ ਸਭ ਤੋਂ ਠੰਢਾ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਵੱਧ ਤੋਂ ਵੱਧ ਤਾਪਮਾਨ 11.4 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਅਨੁਸਾਰ ਸੂਬੇ ’ਚ ਸੱਤ ਜਨਵਰੀ ਤੱਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਅੱਠ ਜਨਵਰੀ ਤੋੋਂ ਗੜਬੜ ਵਾਲੀਆਂ ਪੱਛਮੀ ਪੌਣਾਂ ਦੇ ਸਰਗਰਮ ਹੋਣ ਕਾਰਨ ਕੁਝ ਜ਼ਿਲ੍ਹਿਆਂ ’ਚ ਹਲਕੀ ਬਾਰਿਸ਼ ਹੋ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਅਨੁਸਾਰ ਲੁਧਿਆਣੇ ’ਚ 53 ਸਾਲ ਬਾਅਦ ਜਨਵਰੀ ’ਚ ਚਾਰ ਦਿਨਾਂ ਦੌਰਾਨ ਦੂਜੀ ਵਾਰ ਦਿਨ ਦਾ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ। 1970 ਤੋਂ ਬਾਅਦ ਚਾਰ ਜਨਵਰੀ ਨੂੰ ਲੁਧਿਆਣੇ ’ਚ ਦਿਨ ਦਾ ਤਾਪਮਾਨ 9.6 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਪਹਿਲਾਂ ਨਵੇਂ ਸਾਲ ਦੇ ਪਹਿਲੇ ਦਿਨ ਵੀ ਲੁਧਿਆਣੇ ਦਾ ਦਿਨ ਦਾ ਤਾਪਮਾਨ 9.5 ਡਿਗਰੀ ਸੈਲਸੀਅਸ ਰਿਹਾ ਸੀ। ਵੀਰਵਾਰ ਨੂੰ ਘੱਟ ਤੋਂ ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਰਿਹਾ। ਦਿਨ ਤੇ ਰਾਤ ਦੇ ਤਾਪਮਾਨ ’ਚ ਮਹਿਜ਼ ਚਾਰ ਡਿਗਰੀ ਸੈਲਸੀਅਸ ਦਾ ਫ਼ਰਕ ਰਿਹਾ। ਇਸੇ ਤਰ੍ਹਾਂ ਬਠਿੰਡੇ ਦਾ ਦਿਨ ਦਾ ਤਾਪਮਾਨ 13.4 ਡਿਗਰੀ ਤੇ ਰਾਤ ਦਾ 5.6 ਡਿਗਰੀ, ਫ਼ਰੀਦਕੋਟ ’ਚ ਦਿਨ ਦਾ ਤਾਪਮਾਨ 10 ਤੇ ਰਾਤ ਦਾ 6.8 ਡਿਗਰੀ, ਗੁਰਦਾਸਪੁਰ ਦਾ ਦਿਨ ਦਾ ਤਾਪਮਾਨ 10 ਡਿਗਰੀ ਤੇ ਰਾਤ ਦਾ 6 ਡਿਗਰੀ ਤੇ ਪਟਿਆਲੇ ਦਾ ਦਿਨ ਦਾ ਤਾਪਮਾਨ 10.5 ਤੇ ਰਾਤ ਦਾ ਤਾਪਮਾਨ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।...
What has changed in the hit and run law? ਕੇਂਦਰ ਸਰਕਾਰ ਦੇ ਨਵੇਂ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਦੇਸ਼ ਭਰ 'ਚ ਹੰਗਾਮਾ ਹੋਇਆ ਹੈ। ਕਾਨੂੰਨ ਵਿੱਚ ਹਾਲ ਹੀ ਵਿੱਚ ਕੀਤੀ ਗਈ ਸੋਧ ਦਾ ਦੇਸ਼ ਭਰ ਵਿੱਚ ਜ਼ੋਰਦਾਰ ਵਿਰੋਧ ਹੋ ਰ...
ਚੰਡੀਗੜ੍ਹ: 6ਵੀਆਂ ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਦੀਆਂ ਮੱਲਖੰਭ ਟੀਮਾਂ (ਲੜਕੇ ਤੇ ਲੜਕੀਆਂ) ਦੀ ਚੋਣ ਲਈ ਟਰਾਇਲ 3 ਜਨਵਰੀ ਅਤੇ ਵਾਲੀਬਾਲ (ਲੜਕੀਆਂ) ਦੀ ਟੀਮ ਲਈ ਚੋਣ ਟਰਾਇਲ 5 ਜਨਵਰੀ ਨੂੰ ਲਏ ਜਾ ਰਹੇ ਹਨ। ਇਹ ਖੇਡਾਂ ਤਾਮਿਲਨਾਡੂ ਵਿਖੇ 19 ਤੋਂ 31 ਜਨਵਰੀ 2024 ਤੱਕ ਕਰਵਾਈਆਂ ਜਾ ਰਹੀਆਂ ਹਨ। ਖੇਡ ਵਿਭਾਗ ਦੇ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੱਲਖੰਭ (ਲੜਕੇ ਅਤੇ ਲੜਕੀਆਂ) ਦੀ ਟੀਮ ਲਈ ਚੋਣ ਟਰਾਇਲ 3 ਜਨਵਰੀ ਨੂੰ ਸਵੇਰੇ 11 ਵਜੇ ਸੈਫਰਨ ਪਬਲਿਕ ਸਕੂਲ ਫਗਵਾੜਾ (ਕਪੂਰਥਲਾ) ਵਿਖੇ ਲਏ ਜਾ ਰਹੇ ਹਨ।ਇਸੇ ਤਰ੍ਹਾਂ ਵਾਲੀਬਾਲ (ਲੜਕੀਆਂ) ਦੀ ਟੀਮ ਲਈ ਚੋਣ ਟਰਾਇਲ 5 ਜਨਵਰੀ ਨੂੰ ਸਵੇਰੇ 11 ਵਜੇ ਸਪੋਰਟਸ ਕੰਪਲੈਕਸ ਸੈਕਟਰ 63 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਲਏ ਜਾ ਰਹੇ ਹਨ। ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਟਰਾਇਲਾਂ ਵਿੱਚ ਹਿੱਸਾ ਲੈਣ ਦੇ ਚਾਹਵਾਨ ਖਿਡਾਰੀ/ਖਿਡਾਰਨਾਂ ਦੀ ਜਨਮ ਮਿਤੀ 1 ਜਨਵਰੀ 2005 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ।
ਅੰਮ੍ਰਿਤਸਰ : ਪੰਜਾਬ ਪੁਲਿਸ ਨੇ ਸੋਮਵਾਰ ਨੂੰ ਦੋ ਅਹਿਮ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਅੰਤਰ-ਰਾਜੀ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ’ਚੋਂ 10 ਕਿੱਲੋ ਅਫੀਮ ਬਰਾਮਦ ਹੋਈ। ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਫੜੇ ਗਏ ਨਸ਼ਾ ਤਸਕਰਾਂ ਦੀ ਪਛਾਣ ਪਿਸ਼ੌਰਾ ਸਿੰਘ ਤੇ ਅਰਜੋਧ ਸਿੰਘ ਉਰਫ਼ ਜੋਧਾ ਦੋਵੇਂ ਵਾਸੀ ਪਿੰਡ ਬੋਪਾਰਾਏ ਮਡਲ, ਥਾਣਾ ਸਦਰ ਪੱਟੀ, ਤਰਨਤਾਰਨ ਵਜੋਂ ਕੀਤੀ ਹੈ। ਪੁਲਿਸ ਟੀਮਾਂ ਨੇ ਅਫ਼ੀਮ ਜ਼ਬਤ ਕਰਨ ਤੋਂ ਇਲਾਵਾ ਉਨ੍ਹਾਂ ਦੀ ਸਵਿਫਟ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ, ਜਿਸ ਵਿਚ ਉਹ ਅਫ਼ੀਮ ਦੀ ਖੇਪ ਸਪਲਾਈ ਕਰਨ ਜਾ ਰਹੇ ਸਨ। ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਇੰਫਾਲ, ਮਨੀਪੁਰ ਵਿਚ ਇਕ ਵਿਅਕਤੀ ਤੋਂ ਅਫ਼ੀਮ ਖ਼ਰੀਦੀ ਹੈ ਅਤੇ ਉਹ ਕਿਸੇ ਨੂੰ ਪਹੁੰਚਾਉਣ ਜਾ ਰਹੇ ਹਨ, ਦੀ ਭਰੋਸੇਯੋਗ ਸੂਚਨਾ ਦੇ ਆਧਾਰ ’ਤੇ ਡੀਸੀਪੀ ਹਰਪ੍ਰੀਤ ਮੰਡੇਰ, ਏਡੀਸੀਪੀ ਸਿਟੀ-3 ਅਭਿਮਨਿਊ ਰਾਣਾ ਆਈਪੀਐੱਸ, ਏਸੀਪੀ ਈਸਟ ਗੁਰਿੰਦਰਬੀਰ ਸਿੰਘ ਦੀ ਨਿਗਰਾਨੀ ਹੇਠ ਸੀਆਈਏ ਸਟਾਫ-3 ਦੀ ਪੁਲਿਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਵਿਸ਼ੇਸ਼ ਮੁਹਿੰਮ ਚਲਾ ਕੇ ਦੋਵਾਂ ਮੁਲਜ਼ਮਾਂ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਅਫ਼ੀਮ ਦੀ ਖੇਪ ਪਹੁੰਚਾਉਣ ਲਈ ਕਿਸੇ ਦੀ ਉਡੀਕ ਕਰ ਰਹੇ ਸਨ।ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਅਨੁਸਾਰ ਉਨ੍ਹਾਂ ਨੇ ਇੰਫਾਲ, ਮਨੀਪੁਰ ਦੇ ਇਕ ਵਿਅਕਤੀ ਤੋਂ ਅਫ਼ੀਮ ਖ਼ਰੀਦੀ ਹੈ।
ਨਵੀਂ ਦਿੱਲੀ : ਨਵੇਂ ਸਾਲ ਦੀ ਆਮਦ ਮੌਕੇ ਲੋਕਾਂ ਵੱਲੋੋਂ ਜਸ਼ਨ ਮਨਾਏ ਗਏ ਸਨ। ਦੇਸ਼ ਦੀ ਰਾਜਧਾਨੀ ਦੇ ਲੋਕ ਲੱਖਾਂ ਰੁਪਏ ਦੀ ਸ਼ਰਾਬ ਪੀ ਗਏ ਹਨ। ਨਵੇਂ ਸਾਲ 'ਤੇ ਅੰਗਰੇਜ਼ੀ ਸ਼ਰਾਬ ਦੀ ਵਿਕਰੀ 24 ਲੱਖ ਬੋਤਲਾਂ ਦਿੱਲੀ ਵਾਲੇ ਪੀ ਗਏ ਹਨ। 31 ਦਸੰਬਰ ਨੂੰ ਸ਼ਰਾਬ ਦੀਆਂ 24 ਲੱਖ 724 ਬੋਤਲਾਂ ਦੀ ਵਿਕਰੀ ਹੋਈ। ਉੱਥੇ, ਇਸ ਤੋਂ ਇੱਕ ਦਿਨ ਪਹਿਲਾਂ 30 ਦਸੰਬਰ ਨੂੰ 17 ਲੱਖ 79 ਹਜ਼ਾਰ 379 ਬੋਤਲਾਂ ਵਿਕੀਆਂ। 31 ਦਸੰਬਰ ਨੂੰ ਹੋਈ ਸ਼ਰਾਬ ਦੀ ਵਿਕਰੀ ਦਸੰਬਰ ਮਹੀਨੇ 'ਚ ਕਿਸੇ ਦਿਨ 'ਚ ਸਭ ਤੋਂ ਵੱਧ ਹੈ। ਇਹ ਅੰਕੜਾ ਪਿਛਲੇ ਸਾਲ ਭਾਵ 31 ਦਸੰਬਰ 2022 ਦੇ ਅੰਕੜੇ ਤੋਂ ਕਰੀਬ ਚਾਰ ਲੱਖ ਜ਼ਿਆਦਾ ਹੈ। ਇਸੇ ਤਰ੍ਹਾਂ ਇਸ ਦਸੰਬਰ ਮਹੀਨੇ 'ਚ ਕਰੀਬ ਪੰਜ ਕਰੋੜ ਸ਼ਰਾਬ ਦੀਆਂ ਬੋਤਲਾਂ ਦਿੱਲੀ ਵਾਲੇ ਪੀ ਗਏ। ਵਿਕਰੀ ਦੇ ਅੰਕੜਿਆਂ ਅਨੁਸਾਰ, ਇਸ ਸਾਲ 24 ਦਸੰਬਰ ਨੂੰ 19,42,717 ਬੋਤਲਾਂ ਵੇਚੀਆਂ ਗਈਆਂ, ਜੋ ਇਸ ਮਹੀਨੇ ਕਿਸੇ ਇਕ ਦਿਨ 'ਚ ਸਭ ਤੋਂ ਜ਼ਿਆਦਾ ਸਨ। 24 ਦਸੰਬਰ 2022 ਨੂੰ 14,69 357 ਬੋਤਲਾਂ ਵਿਕੀਆਂ ਸਨ।
ਨਵੀਂ ਦਿੱਲੀ : ਹਿੱਟ ਐਂਡ ਰਨ ਕਾਨੂੰਨ ਵਿਚ ਸਜ਼ਾ ਨੂੰ ਸਖ਼ਤ ਕਰਨ ਦੇ ਵਿਰੋਧ ਵਿਚ ਡਰਾਈਵਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਦਾ ਅੱਜ ਦੂਜਾ ਦਿਨ ਹੈ। ਹੜਤਾਲ ਦਾ ਅਸਰ ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਉੱਤਰਾਖੰਡ ਸਮੇਤ ਕਈ ਸੂਬਿਆਂ 'ਚ ਦਿਖਾਈ ਦੇ ਰਿਹਾ ਹੈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਹਿਟ ਐਂਡ ਰਨ ਕੇਸਾਂ ਸਬੰਧੀ ਨਵੇਂ ਕਾਨੂੰਨ ਦੇ ਖ਼ਿਲਾਫ਼ ਯੂਪੀ ਸਟੇਟ ਟਰਾਂਸਪੋਰਟ ਦੇ ਬੱਸ ਡਰਾਈਵਰਾਂ ਨੇ ਹੜਤਾਲ ਕੀਤੀ। ਪੈਟਰੋਲ ਪੰਪਾਂ 'ਤੇ ਲੱਗੀਆਂ ਕਤਾਰਾਂ ਮਹਾਰਾਸ਼ਟਰ ਦੇ ਨਾਗਪੁਰ 'ਚ ਡਰਾਈਵਰਾਂ ਦੀ ਹੜਤਾਲ ਦਾ ਅਸਰ ਦੂਜੇ ਦਿਨ ਵੀ ਦੇਖਣ ਨੂੰ ਮਿਲ ਰਿਹਾ ਹੈ। ਸਵੇਰ ਤੋਂ ਹੀ ਪੈਟਰੋਲ ਪੰਪਾਂ 'ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਕੀ ਹੈ ਕਾਨੂੰਨ? ਜ਼ਿਕਰਯੋਗ ਹੈ ਕਿ ਨਵੇਂ ਕਾਨੂੰਨ ਦੇ ਤਹਿਤ ਟੱਕਰ ਮਾਰ ਕੇ ਭੱਜਣ ਤੇ ਦੁਰਘਟਨਾ ਦੀ ਸੂਚਨਾ ਨਾ ਦੇਣ 'ਤੇ ਡਰਾਈਵਰਾਂ ਨੂੰ 10 ਸਾਲ ਤੱਕ ਦੀ ਸਜ਼ਾ ਤੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਪਹਿਲਾਂ ਆਈਪੀਸੀ ਦੀ ਧਾਰਾ 304ਏ (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਤਹਿਤ ਦੋਸ਼ੀ ਨੂੰ ਸਿਰਫ਼ ਦੋ ਸਾਲ ਦੀ ਜੇਲ੍ਹ ਹੋ ਸਕਦੀ ਸੀ।
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪ੍ਰਮੁੱਖ ਪ੍ਰੋਜੈਕਟ ’ਸੜਕ ਸੁਰੱਖਿਆ ਫੋਰਸ’ ਦੀ ਸ਼ੁਰੂਆਤ ਤੋਂ ਪਹਿਲਾਂ ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਇੱਕ ਹੋਰ ਪਹਿਲਕਦਮੀ ਕਰਦਿਆਂ ਪੰਜਾਬ ਪੁਲਿਸ ਨੇ ਮੈਪਮਾਈਇੰਡੀਆ ਦੇ ਸਹਿਯੋਗ ਨਾਲ ਸੂਬੇ ਭਰ ਦੇ 784 ਦੁਰਘਟਨਾਵਾਂ ਵਾਲੇ ਬਲੈਕ ਸਪਾਟਾਂ ਨੂੰ ਨੇਵੀਗੇਸ਼ਨ ਸਿਸਟਮ ਮੈਪਲਸ ਐਪ ਰਾਹੀਂ ਮੈਪ ਕੀਤਾ ਹੈ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਪਲਸ ਐਪ ਦੀ ਵਰਤੋਂ ਕਰਨ ਵਾਲੇ ਨਾਗਰਿਕ ਹੁਣ ਪੰਜਾਬੀ ਵਿੱਚ ਵੌਇਸ ਅਲਰਟ ਪ੍ਰਾਪਤ ਕਰਨਗੇ ਜੋ ਯਾਤਰੀਆਂ ਨੂੰ ਅੱਗੇ ਆਉਣ ਵਾਲੇ ਬਲੈਕ ਸਪਾਟ ਬਾਰੇ ਸੁਚੇਤ ਕਰਨਗੇ, ਜਿਸ ਨਾਲ ਪੰਜਾਬ ਸੜਕ ਸੁਰੱਖਿਆ ਦੇ ਹਿੱਸੇ ਵਜੋਂ ਦੁਰਘਟਨਾਗ੍ਰਸਤ ਸਥਾਨਾਂ ਦੀ ਮੈਪਿੰਗ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ। ਮੈਪਮਾਈਇੰਡੀਆ ਦੀ ਮੈਪਲਸ ਐਪ, ਜਿਸ ਨੂੰ ਵਿਸ਼ੇਸ਼ ਤੌਰ ’ਤੇ ਭਾਰਤ ਲਈ 100 ਫ਼ੀਸਦ ਸਵਦੇਸ਼ੀ ਐਪ ਵਜੋਂ ਤਿਆਰ ਕੀਤਾ ਗਿਆ ਹੈ, ਵੌਇਸ ਸੰਦੇਸ਼ “ਬਲੈਕਸਪੌਟ 100 ਮੀਟਰ ਦੀ ਦੂਰੀ ਤੇ ਹੈ”ਦੇ ਕੇ ਯਾਤਰੀਆਂ ਨੂੰ ਸੁਚੇਤ ਕਰੇਗੀ, ਜਿਸ ਨਾਲ ਪੰਜਾਬ ਦੁਰਘਟਨਾਵਾਂ ਬਾਰੇ ਜਾਣਕਾਰੀ ਦੇਣ ਵਾਲਾ ਇੱਕਮਾਤਰ ਸੂਬਾ ਬਣਿਆ ਹੈ। ਐਕਸੀਡੈਂਟ ਬਲੈਕ ਸਪਾਟ ਇੱਕ ਅਜਿਹੀ ਥਾਂ ਹੈ ਜਿੱਥੇ ਇਤਿਹਾਸ ਵਿੱਚ ਆਮ ਤੌਰ ’ਤੇ ਸੜਕੀ ਆਵਾਜਾਈ ਹਾਦਸੇ ਵਾਪਰਦੇ ਰਹਿੰਦੇ ਹਨ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਟਰੈਫ਼ਿਕ ਅਮਰਦੀਪ ਸਿੰਘ ਰਾਏ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਡਰਾਈਵਿੰਗ ਸਹਾਇਤਾ ਪੰਜਾਬ ਦੀਆਂ ਸੜਕਾਂ ’ਤੇ ਸਮੁੱਚੇ ਸੁਰੱਖਿਅਤ ਡਰਾਈਵਿੰਗ ਅਨੁਭਵ ਲਈ ਤਿਆਰ ਕੀਤੀ ਗਈ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਪੰਜਾਬੀ ਵਿੱਚ ਵੌਇਸ ਅਲਰਟ ਨੂੰ ਸਰਗਰਮੀ ਨਾਲ ਲਾਗੂ ਕਰਨਾ ਇੱਕ ਵਧੇਰੇ ਚੌਕਸ ਡਰਾਈਵਿੰਗ ਕਮਿਊਨਿਟੀ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ। ਉਹਨਾਂ ਕਿਹਾ ਕਿ ਦੁਰਘਟਨਾ ਦੇ ਬਲੈਕ ਸਪਾਟਸ ਦੀ ਅਜਿਹੀ ਵਿਆਪਕ ਮੈਪਿੰਗ ਨੂੰ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਨ ਲਈ ਪੰਜਾਬ ਮਾਣ ਮਹਿਸੂਸ ਕਰਦਾ ਹੈ। ਇਸ ਤੋਂ ਇਲਾਵਾ, ਇਸ ਨਵੀਨਤਾਕਾਰੀ ਸੁਰੱਖਿਆ ਨੂੰ ਉਪਭੋਗਤਾਵਾਂ ਦੀਆਂ ਲੋੜਾਂ ਅਨੁਸਾਰ ਬਣਾਇਆ ਗਿਆ ਹੈ, ਜੋ ਖੇਤਰੀ ਭਾਸ਼ਾਵਾਂ ਵਿੱਚ ਵੌਇਸ ਅਲਰਟ ਦੀ ਪੇਸ਼ਕਸ਼ ਕਰਦੀ ਹੈ। ਪੰਜਾਬ ਦੇ ਟ੍ਰੈਫਿਕ ਸਲਾਹਕਾਰ ਡਾ: ਨਵਦੀਪ ਅਸੀਜਾ ਨੇ ਕਿਹਾ ਕਿ ਮੈਪਮਾਈਇੰਡੀਆ ਦੇ ਸਹਿਯੋਗ ਨਾਲ ਸੂਬੇ ਭਰ ਵਿੱਚ ਟ੍ਰੈਫਿਕ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਬਿਨਾਂ ਕਿਸੇ ਲਾਗਤ ਦੇ ਨਾਗਰਿਕਾਂ, ਯਾਤਰੀਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਤਰਜੀਹ ਦੇਣ ਲਈ ਸਾਡੇ ਯਤਨਾਂ ਵਿੱਚੋਂ ਇੱਕ ਵਿਸ਼ੇਸ਼ ਕਦਮ ਹੈ।...
ਚੰਡੀਗੜ੍ਹ: ਸੂਬਾ ਵਾਸੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਆਖਿਆ ਕਿ ਪੰਜਾਬ ਨੇ 1080 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਾਈਵੇਟ ਕੰਪਨੀ ਜੀ.ਵੀ.ਕੇ. ਪਾਵਰ ਦੀ ਮਾਲਕੀ ਵਾਲਾ ਗੋਇੰਦਵਾਲ ਪਾਵਰ ਪਲਾਂਟ ਖ਼ਰੀਦ ਕੇ ਇਤਿਹਾਸ ਸਿਰਜਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਦਫ਼ਾ ਹੈ ਜਦੋਂ ਸਰਕਾਰ ਨੇ ਕੋਈ ਪ੍ਰਾਈਵੇਟ ਪਾਵਰ ਪਲਾਂਟ ਖ਼ਰੀਦ ਕੇ ਪੁੱਠਾ ਗੇੜ ਸ਼ੁਰੂ ਕੀਤਾ ਹੈ, ਜਦੋਂ ਕਿ ਪਿਛਲੇ ਸਮੇਂ ਵਿੱਚ ਸੂਬਾ ਸਰਕਾਰਾਂ ਆਪਣੇ ਚਹੇਤਿਆਂ ਨੂੰ ਨਿਗੂਣੀਆਂ ਕੀਮਤਾਂ ਉਤੇ ਸਰਕਾਰੀ ਅਦਾਰੇ ਵੇਚਣ ਦੀਆਂ ਆਦੀ ਸਨ। ਉਨ੍ਹਾਂ ਕਿਹਾ ਕਿ ਕਿਸੇ ਸੂਬਾ ਸਰਕਾਰ ਵੱਲੋਂ ਪਾਵਰ ਪਲਾਂਟ ਦਾ ਇਹ ਸਭ ਤੋਂ ਘੱਟ ਕੀਮਤ ਉਤੇ ਕੀਤਾ ਸਮਝੌਤਾ ਹੈ ਕਿਉਂਕਿ 600 ਮੈਗਾਵਾਟ ਦੀ ਸਮਰੱਥਾ ਵਾਲੇ ਕੋਰਬਾ ਵੈਸਟ, ਝਾਬੂਆ ਪਾਵਰ ਅਤੇ ਲੈਂਕੋ ਅਮਰਕੰਟਕ ਵਰਗੇ ਪਾਵਰ ਪਲਾਂਟ ਕ੍ਰਮਵਾਰ 1804 ਕਰੋੜ ਰੁਪਏ, 1910 ਕਰੋੜ ਅਤੇ 1818 ਕਰੋੜ ਰੁਪਏ ਵਿੱਚ ਖ਼ਰੀਦੇ ਗਏ। ਉਨ੍ਹਾਂ ਕਿਹਾ ਕਿ ਇਹ 540 ਮੈਗਾਵਾਟ ਦੀ ਸਮਰੱਥਾ ਵਾਲਾ ਪਾਵਰ ਪਲਾਂਟ ਦੋ ਕਰੋੜ ਰੁਪਏ ਪ੍ਰਤੀ ਮੈਗਾਵਾਟ ਦੇ ਹਿਸਾਬ ਨਾਲ ਖ਼ਰੀਦਿਆ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕਿਸੇ ਪਾਵਰ ਪਲਾਂਟ ਲਈ ਹੁਣ ਤੱਕ ਦੀ ਸਭ ਤੋਂ ਘੱਟ ਕੀਮਤ ਹੈ, ਜਦੋਂ ਕਿ ਹੁਣ ਤੱਕ ਹੋਈਆਂ ਖ਼ਰੀਦਾਂ ਮੁਤਾਬਕ ਕੀਮਤ ਤਿੰਨ ਕਰੋੜ ਰੁਪਏ ਪ੍ਰਤੀ ਮੈਗਾਵਾਟ ਪਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਲਾਂਟ ਦਾ ਨਾਮ ਤੀਜੇ ਗੁਰੂ ਸਾਹਿਬ ਦੇ ਨਾਮ ਉਤੇ ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਥਰਮਲ ਪਲਾਂਟ ਦੀ ਸਮਰੱਥਾ 61 ਫੀਸਦੀ ਸੀ, ਜਦੋਂ ਕਿ ਇਸ ਵਿੱਚੋਂ ਸਿਰਫ਼ 34 ਫੀਸਦੀ ਤੱਕ ਦੀ ਹੀ ਵਰਤੋਂ ਹੁੰਦੀ ਸੀ ਪਰ ਹੁਣ ਇਸ ਪਲਾਂਟ ਦੀ ਸਮਰੱਥਾ ਨੂੰ 75 ਤੋਂ 80 ਫੀਸਦੀ ਤੱਕ ਕੀਤਾ ਜਾਵੇਗਾ, ਜਿਸ ਨਾਲ ਸੂਬੇ ਵਿੱਚ ਬਿਜਲੀ ਪੈਦਾਵਾਰ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਬਿਜਲੀ ਖ਼ਰੀਦ ਸਮਝੌਤਿਆਂ ਵਿੱਚੋਂ 33 ਫੀਸਦੀ (ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਹੋਏ ਤਿੰਨ ਸਮਝੌਤਿਆਂ ਵਿੱਚ ਇਕ) ਦੀ ਕਟੌਤੀ ਹੋ ਜਾਵੇਗੀ। ਭਗਵੰਤ ਸਿੰਘ ਮਾਨ ਨੇ ਵਿਅੰਗ ਕੀਤਾ ਕਿ ਪਹਿਲੀ ਜਨਵਰੀ 2018 ਨੂੰ ਬਠਿੰਡਾ ਤੇ ਰੋਪੜ ਦੇ ਸਰਕਾਰੀ ਪਾਵਰ ਪਲਾਂਟ ਪੱਕੇ ਤੌਰ ਉਤੇ ਬੰਦ ਕਰ ਦਿੱਤੇ ਗਏ ਸਨ ਪਰ ਅੱਜ ਲੋਕ—ਪੱਖੀ ਸਰਕਾਰ ਨੇ ਸੂਬੇ ਵਿੱਚ ਬਿਜਲੀ ਸਪਲਾਈ ਵਧਾਉਣ ਲਈ ਪ੍ਰਾਈਵੇਟ ਪਾਵਰ ਪਲਾਂਟ ਖ਼ਰੀਦਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਛਵਾੜਾ ਕੋਲਾ ਖਾਣ ਦਾ ਕੋਲਾ ਸਿਰਫ਼ ਸਰਕਾਰੀ ਬਿਜਲੀ ਪਲਾਂਟਾਂ ਲਈ ਵਰਤਿਆ ਜਾ ਸਕਦਾ ਹੈ। ਇਸ ਕਰ ਕੇ ਹੁਣ ਇਸ ਪਲਾਂਟ ਦੀ ਖ਼ਰੀਦ ਨਾਲ ਇਹ ਕੋਲਾ ਇੱਥੇ ਬਿਜਲੀ ਉਤਪਾਦਨ ਲਈ ਵਰਤਿਆ ਜਾ ਸਕੇਗਾ, ਜਿਸ ਨਾਲ ਸੂਬੇ ਦੇ ਹਰੇਕ ਖ਼ੇਤਰ ਨੂੰ ਬਿਜਲੀ ਮੁਹੱਈਆ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਖ਼ਰੀਦ ਸਮਝੌਤੇ ਨਾਲ ਬਿਜਲੀ ਦੀ ਦਰ ਵਿੱਚ ਪ੍ਰਤੀ ਯੂਨਿਟ ਇਕ ਰੁਪਏ ਦੀ ਕਟੌਤੀ ਕਰਨ ਵਿੱਚ ਮਦਦ ਮਿਲੇਗੀ, ਜਿਸ ਨਾਲ ਬਿਜਲੀ ਖ਼ਰੀਦ ਉਤੇ 300 ਤੋਂ 350 ਕਰੋੜ ਰੁਪਏ ਦੀ ਬੱਚਤ ਹੋਵੇਗੀ। ਇਸ ਨਾਲ ਸੂਬੇ ਦੇ ਖ਼ਪਤਕਾਰਾਂ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਪਛਵਾੜਾ ਕੋਲਾ ਖਾਣ ਤੋਂ ਕੋਲਾ ਮਿਲਣ ਕਾਰਨ ਬਿਜਲੀ ਦੀ ਉੱਚ ਪੈਦਾਵਾਰ (ਦੁੱਗਣੀ ਤੋਂ ਵੱਧ) ਕਰਨ ਵਿੱਚ ਮਦਦ ਮਿਲੇਗੀ ਕਿਉਂਕਿ ਪਲਾਂਟ ਲੋਡ ਫੈਕਟਰ ਹੁਣ ਤੱਕ ਦੇ ਔਸਤਨ 34 ਫੀਸਦੀ ਦੇ ਮੁਕਾਬਲੇ 75 ਤੋਂ 80 ਫੀਸਦੀ ਤੱਕ ਪੁੱਜਣ ਦੀ ਸੰਭਾਵਨਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਖੁੱਲ੍ਹਣਗੇ, ਜਿਸ ਨਾਲ ਉਹ ਸੂਬੇ ਦੀ ਤਰੱਕੀ ਤੇ ਖ਼ੁਸ਼ਹਾਲੀ ਵਿੱਚ ਬਰਾਬਰ ਭਾਈਵਾਲ ਬਣਨਗੇ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ 540 ਮੈਗਾਵਾਟ (2&270) ਦੀ ਸਮਰੱਥਾ ਵਾਲਾ ਗੋਇੰਦਵਾਲ ਪਲਾਂਟ ਦੇ ਪ੍ਰਾਜੈਕਟ ਦਾ ਵਿਚਾਰ ਸਾਲ 1992 ਵਿੱਚ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਤੌਰ ਉਤੇ 500 ਮੈਗਾਵਾਟ ਦੀ ਸਮਰੱਥਾ ਵਾਲੇ ਪਲਾਂਟ ਦਾ ਸਮਝੌਤਾ ਸਾਲ 2000 ਵਿੱਚ ਹੋਇਆ ਸੀ ਜਿਸ ਤੋਂ ਬਾਅਦ 540 ਮੈਗਾਵਾਟ ਦੀ ਸਮਰੱਥਾ ਵਾਲੇ ਪਲਾਂਟ ਲਈ ਐਮ.ਓ.ਯੂ. ਸਾਲ 2006 ਵਿੱਚ ਹੋਇਆ ਸੀ ਅਤੇ ਇਸ ਉਪਰੰਤ ਸਾਲ 2009 ਵਿੱਚ 540 ਮੈਗਾਵਾਟ ਲਈ ਸੋਧਿਆ ਹੋਇਆ ਬਿਜਲੀ ਖਰੀਦ ਸਮਝੌਤਾ ਹੋਇਆ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪ੍ਰਾਜੈਕਟ ਸਾਲ 2016 ਵਿੱਚ ਅਮਲ ਵਿੱਚ ਆਇਆ ਸੀ ਪਰ ਹੁਣ ਪੀ.ਐਸ.ਪੀ.ਸੀ.ਐਲ. ਨੇ 11 ਹੋਰ ਕੰਪਨੀਆਂ ਦੇ ਮੁਕਾਬਲੇ ਵਿੱਚ ਇਸ ਨੂੰ ਖਰੀਦ ਲਿਆ ਸੀ। ਇਨ੍ਹਾਂ 11 ਕੰਪਨੀਆਂ ਵਿੱਚ ਜਿੰਦਲ ਪਾਵਰ, ਅਦਾਨੀ ਪਾਵਰ, ਵੇਦਾਂਤਾ ਗਰੁੱਪ, ਰਸ਼ਮੀ ਮੇਟਾਲਿਕਸ, ਸ਼ੇਰੀਸ਼ਾ ਟੈਕਨਾਲੌਜਿਜ਼, ਸਾਈ ਵਰਧਾ ਪਾਵਰ, ਮੇਗਾ ਇੰਜਨੀਅਰਿੰਗ ਐਂਡ ਇਨਫ੍ਰਾਸਟਰੱਕਚਰ, ਇੰਡੀਆ ਕੋਕ ਐਂਡ ਪਾਵਰ ਪ੍ਰਾਈਵੇਟ ਲਿਮਟਡ, ਆਰ.ਕੇ.ਜੀ. ਫੰਡ (ਆਰ.ਕੇ.ਜੀ. ਟਰੱਸਟ), ਕੇ.ਐਲ.ਯੂ. ਰਿਸੋਰਸ ਅਤੇ ਕੈਪਰੀ ਗਲੋਬਲ ਹੋਲਡਿੰਗ ਐਂਡ ਪ੍ਰਾਈਵੇਟ ਲਿਮਟਡ ਨੇ ਫਰਵਰੀ, 2023 ਨੂੰ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾਈਆਂ ਸਨ, ਜਿਸ ਤੋਂ ਬਾਅਦ ਆਖਰ ਵਿੱਚ ਪੀ.ਐਸ.ਪੀ.ਸੀ.ਐਲ ਨੇ ਇਸ ਨੂੰ ਖਰੀਦ ਲਿਆ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਾਲ 2016-2023 ਦਰਮਿਆਨ ਸੂਬਾ ਸਰਕਾਰ ਨੇ ਇਸ ਪਲਾਂਟ ਤੋਂ 7902 ਕਰੋੜ ਰੁਪਏ ਅਦਾ ਕਰਕੇ 11165 ਮਿਲੀਅਨ ਯੂਨਿਟ ਬਿਜਲੀ ਖਰੀਦੀ ਸੀ। ਉਨ੍ਹਾਂ ਕਿਹਾ ਕਿ ਦੁੱਖ ਇਸ ਗੱਲ ਦਾ ਹੈ ਕਿ ਬਿਨਾਂ ਬਿਜਲੀ ਖਰੀਦੇ ਜੀ.ਵੀ.ਕੇ. ਥਰਮਲ ਪਲਾਂਟ ਨੂੰ 1718 ਕਰੋੜ ਅਦਾ ਕਰਨੇ ਪਏ। ਪਾਵਰ ਪਲਾਂਟ ਨੂੰ 7.08 ਰੁਪਏ ਪ੍ਰਤੀ ਔਸਤਨ ਯੂਨਿਟ ਮੁਤਾਬਕ ਅਦਾਇਗੀ ਕੀਤੀ ਗਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਛਵਾੜਾ ਕੋਲ ਖਾਣ ਤੋਂ ਕੋਲੇ ਦੀ ਸਪਲਾਈ ਸ਼ੁਰੂ ਹੋਣ ਨਾਲ ਬਿਜਲੀ ਦੀ ਕੀਮਤ ਪ੍ਰਤੀ ਯੂਨਿਟ 4.50 ਰੁਪਏ ਪ੍ਰਤੀ ਯੂਨਿਟ ਹੋਵੇਗੀ ਜਿਸ ਨਾਲ ਸਾਲਾਨਾ 300-350 ਕਰੋੜ ਰੁਪਏ ਦੀ ਬੱਚਤ ਹੋਵੇਗੀ ਅਤੇ ਇਹ ਪੈਸਾ ਲੋਕਾਂ ਦੀ ਭਲਾਈ ਉਤੇ ਖਰਚਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ 31 ਦਸੰਬਰ ਤੱਕ ਪੀ.ਐਸ.ਪੀ.ਸੀ.ਐਲ. ਦੇ ਸਾਰੇ ਬਕਾਏ ਅਦਾ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਪਲਾਂਟ ਸਰਕਾਰ ਦੇ ਹੱਥਾਂ ਵਿੱਚ ਆਉਣ ਨਾਲ ਸੂਬੇ ਵਿੱਚ ਹੁਣ ਤਿੰਨ ਸਰਕਾਰੀ ਅਤੇ ਦੋ ਪ੍ਰਾਈਵੇਟ ਥਰਮਲ ਪਲਾਂਟ ਕਾਰਜਸ਼ੀਲ ਹਨ। ਭਗਵੰਤ ਸਿੰਘ ਮਾਨ ਨੇ ਚੇਤੇ ਕਰਦਿਆਂ ਕਿਹਾ ਕਿ ਸਾਲ 2009 ਵਿੱਚ ਇਸ ਪਲਾਂਟ ਦੀ ਸ਼ੁਰੂਆਤ ਮੌਕੇ ਹੋਏ ਸਮਾਗਮ ਦੌਰਾਨ ਉਨ੍ਹਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਸੀ ਅਤੇ ਖੁਸ਼ਕਿਸਮਤੀ ਨਾਲ ਹੁਣ ਪਰਮਾਤਮਾ ਨੇ ਇਸ ਪਲਾਂਟ ਨੂੰ ਖਰੀਦਣ ਲਈ ਵੀ ਉਨ੍ਹਾਂ ਨੂੰ ਚੁਣਿਆ ਹੈ ਅਤੇ ਇਸ ਪ੍ਰਾਜੈਕਟ ਨਾਲ ਲੋਕਾਂ ਨੂੰ ਹੋਰ ਵਧੇਰੇ ਬਿਜਲੀ ਸਪਲਾਈ ਮਿਲੇਗੀ। ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਮਾਈ ਭਾਗੋ, ਗ਼ਦਰੀ ਬਾਬਿਆਂ ਸਮੇਤ ਮਹਾਨ ਸ਼ਹੀਦਾਂ ਨੂੰ ਰੱਦ ਕੀਤੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਗਣਤੰਤਰ ਦਿਵਸ ਦੀ ਪਰੇਡ ਵਿੱਚ ਪੰਜਾਬ ਦੀਆਂ ਝਾਕੀਆਂ ਨੂੰ ਸ਼ਾਮਲ ਨਾ ਕਰਕੇ ਇਨ੍ਹਾਂ ਨਾਇਕਾਂ ਦੇ ਮਹਾਨ ਯੋਗਦਾਨ ਅਤੇ ਕੁਰਬਾਨੀਆਂ ਦਾ ਮਹੱਤਵ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਵਰਤਾਰਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿਉਂ ਜੋ ਇਹ ਕਦਮ ਸਾਡੇ ਮਹਾਨ ਦੇਸ਼ ਭਗਤਾਂ ਅਤੇ ਕੌਮੀ ਨੇਤਾਵਾਂ ਦਾ ਘੋਰ ਨਿਰਾਦਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਭਾਜਪਾ ਮੁਖੀ ਝਲਕੀਆਂ ਦੇ ਮਸਲੇ ਉਤੇ ਸਾਫ ਤੌਰ ਉਤੇ ਝੂਠ ਬੋਲ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਅਕਾਵਾਂ ਵਾਂਗ ਝੂਠ ਬੋਲਣ ਦੀ ਕਲਾ ਵਿੱਚ ਪ੍ਰਪੱਕ ਹੋਣ ਦੀ ਮੁਹਾਰਤ ਹਾਸਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜਾਖੜ ਨੇ ਹਾਲ ਹੀ ਵਿੱਚ ਭਾਜਪਾ ਦਾ ਪੱਲਾ ਫੜਿਆ ਹੈ ਜਿਸ ਕਰਕੇ ਉਹ ਅਜੇ ਹਾਈ ਕਮਾਂਡ ਵੱਲੋਂ ਤਿਆਰ ਕੀਤੀਆਂ ਸਕ੍ਰਿਪਟਾਂ ਪੜ੍ਹਨ ਦੇ ਆਦੀ ਨਹੀਂ ਹੋਏ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਭਾਜਪਾ ਲੀਡਰਸ਼ਿਪ ਪੰਜਾਬ ਨੂੰ ਲਾਂਭੇ ਕਰਕੇ ਝਲਕੀਆਂ ਦਿਖਾਉਣ ਬਾਰੇ ਸੋਚ ਰਹੀ ਹੈ।
ਲੁਧਿਆਣਾ : ਪੰਜਾਬ ’ਚ ਚੱਲ ਰਹੀ ਸੀਤ ਲਹਿਰ ਕਾਰਨ ਸੋਮਵਾਰ ਨੂੰ ਦਿਨ ਭਰ ਧੁੰਦ ਛਾਈ ਰਹੀ। ਸੂਬੇ ’ਚ ਵੱਧ ਤੋਂ ਵੱਧ ਤਾਪਮਾਨ ’ਚ ਰਿਕਾਰਡ ਅੱਠ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਤਾਪਮਾਨ ਵਿਚਲਾ ਫ਼ਰਕ ਵੀ ਸਿਰਫ਼ ਢਾਈ ਤੋਂ ਚਾਰ ਡਿਗਰੀ ਸੈਲਸੀਅਸ ਰਹਿ ਗਿਆ, ਜਿਸ ਕਾਰਨ ਦਿਨ ਭਰ ਕੜਾਕੇ ਦੀ ਠੰਢ ਰਹੀ। ਲੁਧਿਆਣਾ ’ਚ ਵੱਧ ਤੋਂ ਵੱਧ ਤਾਪਮਾਨ 10.6 ਤੇ ਘੱਟ ਤੋਂ ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ ’ਚ ਕਰੀਬ 2.5 ਡਿਗਰੀ ਸੈਲਸੀਅਸ ਦਾ ਹੀ ਫ਼ਰਕ ਰਿਹਾ। ਇਸੇ ਤਰ੍ਹਾਂ ਪਠਾਨਕੋਟ ’ਚ ਵੱਧ ਤੋਂ ਵੱਧ ਤਾਪਮਾਨ 14.4 ਤੇ ਘੱਟ ਤੋਂ ਘੱਟ ਤਾਪਮਾਨ 11.6, ਪਟਿਆਲਾ ’ਚ ਵੱਧ ਤੋਂ ਵੱਧ ਤਾਪਮਾਨ 10.8 ਤੇ ਘੱਟ ਤੋਂ ਘੱਟ ਤਾਪਮਾਨ 7.0, ਫ਼ਿਰੋਜ਼ਪੁਰ ’ਚ ਵੱਧ ਤੋਂ ਵੱਧ ਤਾਪਮਾਨ 12.4 ਤੇ ਘੱਟ ਤੋਂ ਘੱਟ 9.4 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਚਾਰ ਜਨਵਰੀ ਤਕ ਕਈ ਜ਼ਿਲ੍ਹਿਆਂ ’ਚ ਸੰਘਣੀ ਧੁੰਦ ਪੈ ਸਕਦੀ ਹੈ। ਦਿਸਣ ਸਮਰੱਥਾ 20 ਤੋਂ 50 ਮੀਟਰ ਦਰਮਿਆਨ ਰਹਿ ਸਕਦੀ ਹੈ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਸਵੇਰੇ ਆਪਣੇ ਗ੍ਰਹਿ ਵਿਖੇ ਸਾਲ 2024 ਲਈ ਪੰਜਾਬ ਸਰਕਾਰ ਦੀ ਡਾਇਰੀ ਅਤੇ ਕੈਲੰਡਰ ਜਾਰੀ ਕੀਤਾ।ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਕੈਲੰਡਰ ਅਤੇ ਡਾਇਰੀ ਦਾ ਖਾਕਾ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਡਿਜ਼ਾਇਨ ਅਤੇ ਤਿਆਰ ਕੀਤਾ ਗਿਆ ਹੈ ਅਤੇ ਕੰਟਰੋਲਰ ਪ੍ਰਿੰਟਿੰਗ ਐਂਡ ਸਟੇਸ਼ਨਰੀ ਪੰਜਾਬ ਵੱਲੋਂ ਛਾਪਿਆ ਗਿਆ ਹੈ।ਇਸ ਦੌਰਾਨ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਦੱਸਿਆ ਕਿ ਕਈ ਸਾਲਾਂ ਬਾਅਦ ਸਾਲ ਦੇ ਪਹਿਲੇ ਦਿਨ ਡਾਇਰੀ ਅਤੇ ਕੈਲੰਡਰ ਜਾਰੀ ਕੀਤਾ ਗਿਆ ਹੈ। ਇਸ ਮੌਕੇ ਮੁੱਖ ਸਕੱਤਰ ਅਨੁਰਾਗ ਵਰਮਾ, ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਵਿਜੋਏ ਕੁਮਾਰ ਸਿੰਘ, ਸਕੱਤਰ ਸੂਚਨਾ ਤੇ ਲੋਕ ਸੰਪਰਕ ਮਾਲਵਿੰਦਰ ਸਿੰਘ ਜੱਗੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਭੁਪਿੰਦਰ ਸਿੰਘ ਤੇ ਹੋਰ ਹਾਜ਼ਰ ਸਨ।
ਬਲਜਿੰਦਰ ਸਿੰਘ ਮਹੰਤ, ਮੋਹਾਲੀ: ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਭਾਸ਼ਾ ਵਿਭਾਗ ਪੰਜਾਬ ਦੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵੱਲੋਂ ਦਫ਼ਤਰ ਦੇ ਵਿਹੜੇ 01 ਜਨਵਰੀ 2024 ਨੂੰ ਭਾਸ਼ਾ ਵਿਭਾਗ ਪੰਜਾਬ ਦੀ 76ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼੍ਰੀ ਐੱਸ.ਕੇ.ਅਗਰਵਾਲ (ਪ੍ਰਧਾਨ, ਜ਼ਿਲ੍ਹਾ ਖਪਤਕਾਰ ਕਮਿਸ਼ਨ, ਮੋਹਾਲੀ ਅਤੇ ਰੂਪਨਗਰ) ਅਤੇ ਮੁੱਖ ਵਕਤਾ ਵਜੋਂ ਪ੍ਰੋ. ਜਲੌਰ ਸਿੰਘ ਖੀਵਾ (ਸਾਬਕਾ ਪ੍ਰਿੰਸੀਪਲ, ਸਰਕਾਰੀ ਬ੍ਰਿਜਿੰਦਰਾ ਕਾਲਜ, ਫਰੀਦਕੋਟ) ਵੱਲੋਂ ਸ਼ਿਰਕਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ, ਪੰਜਾਬ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰֹ’ ਕਹਿੰਦਿਆਂ ਮਾਂ-ਬੋਲੀ ਪੰਜਾਬੀ ਨੂੰ ਬਣਦਾ ਸਤਿਕਾਰ ਦੇਣ ਦੀ ਗੱਲ ਆਖੀ ਗਈ। ਉਨ੍ਹਾਂ ਵੱਲੋਂ ਭਾਸ਼ਾ ਵਿਭਾਗ, ਪੰਜਾਬ ਦੇ ਇਤਿਹਾਸ ਅਤੇ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਉਂਦੇ ਹੋਏ ਦੱਸਿਆ ਗਿਆ ਕਿ 01 ਜਨਵਰੀ 1948 ਨੂੰ ‘ਪੰਜਾਬੀ ਸੈਕਸ਼ਨ’ ਦੇ ਨਾਂ ਨਾਲ ਸਥਾਪਿਤ ਹੋਇਆ ਅਤੇ 1956 ਤੋਂ ‘ਭਾਸ਼ਾ ਵਿਭਾਗ ਪੰਜਾਬ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਾਲ 1948 ਤੋਂ ਲੈ ਕੇ ਸਾਲ 2024 ਤੱਕ ਇਹ 76 ਸਾਲਾਂ ਦਾ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਬੋਰਡਾਂ ਉੱਤੇ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ ਦਾ ਐਲਾਨ ਕੀਤਾ ਗਿਆ ਜੋ ਬਹੁਤ ਹੀ ਸਲਾਹੁਣਯੋਗ ਹੈ। ਇਸ ਮੌਕੇ ਉਨ੍ਹਾਂ ਨੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਦੀਆਂ ਸਰਗਰਮੀਆਂ ਬਾਰੇ ਵੀ ਵਿਸਥਾਰ ਸਹਿਤ ਜਾਣੂ ਕਰਵਾਇਆ। ਮੁੱਖ ਮਹਿਮਾਨ ਐੱਸ. ਕੇ. ਅਗਰਵਾਲ ਵੱਲੋਂ ਆਪਣੇ ਭਾਸ਼ਣ ’ਚ ਬੋਲਦਿਆਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਵੱਲੋਂ ਮਨਾਏ ਜਾ ਰਹੇ ਭਾਸ਼ਾ ਵਿਭਾਗ ਪੰਜਾਬ ਦੇ 76ਵੇਂ ਸਥਾਪਨਾ ਦਿਹਾੜੇ ਸਦਕਾ ਸਾਡੇ ਨਵੇਂ ਸਾਲ ਦੀ ਸ਼ੁਰੂਆਤ ਸਾਹਿਤ ਨਾਲ ਹੋਈ ਹੈ। ਸਾਹਿਤ ਮਨੁੱਖ ਲਈ ਇਕ ਥੈਰੇਪੀ ਵਾਂਗ ਕੰਮ ਕਰਦੇ ਹੈ। ਉਨ੍ਹਾਂ ਆਖਿਆ ਕਿ ਮਾਂ-ਬੋਲੀ ਪੰਜਾਬੀ ਸਦਕਾ ਹੀ ਮੈਂ ਅੱਜ ਇਸ ਮੁਕਾਮ 'ਤੇ ਪਹੁੰਚਿਆ ਹਾਂ। ਉਨ੍ਹਾਂ ਇਹ ਵੀ ਆਖਿਆ ਕਿ ਅਦਾਲਤੀ ਕਾਰਵਾਈ ਕਰਦਿਆਂ ਕਈ ਵਾਰ ਮਾਂ-ਬੋਲੀ ਸਾਡਾ ਸਹਾਰਾ ਬਣਦੀ ਹੈ। ਮੁੱਖ ਬੁਲਾਰੇ ਪ੍ਰੋ. ਜਲੌਰ ਸਿੰਘ ਖੀਵਾ ਵੱਲੋਂ ਭਾਸ਼ਾ ਵਿਭਾਗ, ਪੰਜਾਬ ਦੇ ਸਥਾਪਨਾ ਦਿਹਾੜੇ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਗਿਆ ਕਿ ਭਾਸ਼ਾ ਵਿਭਾਗ ਭਾਸ਼ਾ ਅਤੇ ਸਾਹਿਤ ਦੀ ਤਰੱਕੀ ਲਈ ਸਦਾ ਕਾਰਜਸ਼ੀਲ ਰਿਹਾ ਹੈ ਪਰ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਆਪਣੀਆਂ ਨਿਵੇਕਲੀਆਂ ਪੈੜਾਂ ਕਰਕੇ ਮੋਹਰੀ ਹੈ। ਉਨ੍ਹਾਂ ਵੱਲੋਂ ਪੰਜਾਬੀ ਬੋਲੀ ਬਾਰੇ ਸੱਭਿਆਚਾਰ ਦੇ ਪ੍ਰਸੰਗ ਵਿਚ ਗੱਲ ਕਰਦੇ ਹੋਏ ਆਖਿਆ ਗਿਆ ਕਿ ਬੋਲੀ ਦਾ ਆਧਾਰ ਵਿਆਕਰਨ ਨਹੀਂ ਸਗੋਂ ਸੱਭਿਆਚਾਰ ਹੁੰਦਾ ਹੈ। ਮਨੁੱਖ ਦੇ ਵਿਕਾਸ ਦਾ ਆਧਾਰ ਉਸਦੀ ਬੋਲੀ ਅਤੇ ਭਾਸ਼ਾ ਹੈ। ਉਨ੍ਹਾਂ ਬੋਲੀ ਅਤੇ ਭਾਸ਼ਾ ਵਿਚ ਅੰਤਰ ਕਰਦੇ ਹੋਏ ਆਖਿਆ ਕਿ ਬੋਲੀ ਵਿਚ 'ਮੂੰਹ ਆਈ ਬਾਤ' ਹੁੰਦੀ ਹੈ ਅਤੇ ਭਾਸ਼ਾ ਵਿਚ 'ਪਹਿਲਾਂ ਤੋਲੋ ਫਿਰ ਬੋਲੋ' ਦੀ ਪ੍ਰਧਾਨਤਾ ਹੈ। ਉਨ੍ਹਾਂ ਵੱਲੋਂ ਇਹ ਵੀ ਆਖਿਆ ਗਿਆ ਕਿ ਪੰਜਾਬੀ ਵਿਸ਼ਵ ਪੱਧਰ ਦੀ ਭਾਸ਼ਾ ਹੈ ਕਿਉਂਕਿ ਇਸ ਵ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Healthy Eating Habits: आज ही बंद कर दें 'गेहूं के आटे की रोटी' खाना, होंगे हैरान कर देने वाले फायदे
दर्दनाक हादसा! कार और ई-रिक्शा की टक्कर, 2 महिलाओं की मौत, बच्चा घायल
Amla Juice Benefits: आंवले का जूस पीने से कई स्वास्थ्य संबंधी समस्याएं होती है दूर, जान लें पीने का सही तरीका