LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਆਲਮੀ ਸੈਰ-ਸਪਾਟੇ ਦੇ ਸਥਾਨ ਵਜੋਂ ਵਿਕਸਤ ਕਰਨ ਦੀ ਸ਼ੁਰੂਆਤ

kiuj5236998

ਮੋਹਾਲੀ: ਸੂਬੇ ਦੇ ਲੋਕਾਂ ਦੀ ਮਿਸ਼ਨਰੀ ਭਾਵਨਾ ਨਾਲ ਸੇਵਾ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਨੂੰ ਆਲਮੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਦਾ ਐਲਾਨ ਕੀਤਾ ਹੈ।

ਇੱਥੇ ਐਮਿਟੀ ਯੂਨੀਵਰਸਿਟੀ ਵਿੱਚ ਪਹਿਲੇ ਟੂਰਿਜ਼ਮ ਸੰਮੇਲਨ ਤੇ ਟਰੈਵਲ ਮਾਰਟ ਦੇ ਉਦਘਾਟਨੀ ਸਮਾਰੋਹ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਪਰ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੇ ਕੰਮਾਂ ਨੂੰ ਸਭ ਤੋਂ ਵੱਧ ਤਰਜੀਹ ਜ਼ਰੂਰ ਮਿਲੇ ਤਾਂ ਕਿ ਤੁਹਾਨੂੰ ਲੋਕਾਂ ਦੀਆਂ ਦੁਆਵਾਂ ਤੇ ਸ਼ੁੱਭ ਇੱਛਾਵਾਂ ਮਿਲਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰ ਕੇ ਉਨ੍ਹਾਂ ਦੇ ਹੱਥਾਂ ਵਿੱਚ ਟਿਫ਼ਨ (ਰੋਟੀ ਵਾਲੇ ਡੱਬੇ) ਦੇਖਣਾ ਚਾਹੁੰਦੇ ਹਨ ਤਾਂ ਕਿ ਉਹ ਨਸ਼ਿਆਂ ਦੇ ਟੀਕਿਆਂ ਤੋਂ ਦੂਰ ਹੋਣ। ਉਨ੍ਹਾਂ ਉਮੀਦ ਜਤਾਈ ਕਿ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨਾ ਇਸ ਪਵਿੱਤਰ ਕਾਰਜ ਲਈ ਇਕ ਪ੍ਰੇਰਕ ਵਜੋਂ ਕੰਮ ਕਰੇਗਾ ਕਿਉਂਕਿ ਇਸ ਨਾਲ ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਖੁੱਲ੍ਹਣਗੇ।

ਦੇਸ਼ ਤੇ ਵਿਸ਼ਵ ਭਰ ਤੋਂ ਆਈਆਂ ਉੱਘੀਆਂ ਹਸਤੀਆਂ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੋਈ ਸਿਆਸੀ ਸਮਾਰੋਹ ਨਹੀਂ ਹੈ, ਸਗੋਂ ਇਹ ਅਜਿਹਾ ਸਮਾਗਮ ਹੈ, ਜੋ ਸੂਬੇ ਦੀ ਰੂਹ, ਮਿੱਟੀ ਤੇ ਦਿਲ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਆਪਣਾ ਕਾਰਜਕਾਲ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਉਨ੍ਹਾਂ ਦਾ ਸੁਪਨਾ ਗਤੀਸ਼ੀਲ ਤੇ ਗੁਰੂਆਂ ਦੇ ਵਰੋਸਾਏ ਪੰਜਾਬ ਦੇ ਛੁਪੇ ਹੋਏ ਪਹਿਲੂਆਂ ਤੋਂ ਲੋਕਾਂ ਨੂੰ ਜਾਣੂੰ ਕਰਵਾਉਣਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਵੱਡੀ ਗਿਣਤੀ ਵਿੱਚ ਸੈਲਾਨੀ ਸੂਬੇ ਵੱਲ ਖਿੱਚੇ ਆਉਣਗੇ। ਉਨ੍ਹਾਂ ਅਫ਼ਸੋਸ ਜ਼ਾਹਰ ਕੀਤਾ ਕਿ ਪਿਛਲੀ ਕਿਸੇ ਵੀ ਸਰਕਾਰ ਨੇ ਇਸ ਦਿਸ਼ਾ ਵਿੱਚ ਕੰਮ ਕਰਨ ਦਾ ਸੋਚਿਆ ਤੱਕ ਨਹੀਂ।

ਮੁੱਖ ਮੰਤਰੀ ਨੇ ਕਿਹਾ ਕਿ ਭੂਗੋਲਿਕ ਪੱਖੋਂ ਵੀ ਪੰਜਾਬ ਵਰੋਸਾਈ ਹੋਈ ਧਰਤ ਹੈ ਅਤੇ ਸੂਬਾ ਸਰਕਾਰ ਦੀ ਇੱਛਾ ਸੈਰ-ਸਪਾਟਾ ਖ਼ੇਤਰ ਨੂੰ ਨਵੀਂ ਉੱਚਾਈ ਉਤੇ ਲੈ ਕੇ ਜਾਣ ਦੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਰੋਜ਼ਾਨਾ ਇਕ ਲੱਖ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ ਅਤੇ ਹੁਣ ਸੂਬਾ ਸਰਕਾਰ ਦਾ ਧਿਆਨ ਪੰਜਾਬ ਦੀਆਂ ਹੋਰ ਥਾਵਾਂ ਦੇ ਵਿਸ਼ੇਸ਼ ਪਹਿਲੂਆਂ ਨੂੰ ਉਜਾਗਰ ਕਰਨ ਉਤੇ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਹਰੇਕ ਪਿੰਡ ਵਿੱਚ ਸ਼ਹੀਦਾਂ ਦੀਆਂ ਯਾਦਗਾਰਾਂ ਹਨ, ਜਿਨ੍ਹਾਂ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ਵਿੱਚ ਦੇਸ਼ ਦੀ ਖ਼ਾਤਰ ਜਾਨਾਂ ਕੁਰਬਾਨ ਕੀਤੀਆਂ, ਜਿਸ ਬਾਰੇ ਦੁਨੀਆ ਨੂੰ ਦੱਸਣ ਦੀ ਲੋੜ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਦਾ ਹਰੇਕ ਇੰਚ ਗੁਰੂਆਂ, ਪੀਰਾਂ-ਫ਼ਕੀਰਾਂ, ਸ਼ਹੀਦਾਂ ਤੇ ਕਵੀਆਂ ਦੀ ਚਰਨ ਛੋਹ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ‘ਗਲੋਬਲ ਸਿਟੀਜ਼ਨ’ ਹਨ, ਜਿਨ੍ਹਾਂ ਆਪਣੀ ਸਖ਼ਤ ਮਿਹਨਤ ਤੇ ਸਮਰਪਣ ਨਾਲ ਵਿਸ਼ਵ ਭਰ ਵਿੱਚ ਆਪਣੀ ਵੱਖਰੀ ਪਛਾਣ ਸਥਾਪਤ ਕੀਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਸਖ਼ਤ ਮਿਹਨਤ ਤੇ ਸਹਿਣਸ਼ੀਲਤਾ ਦੀ ਭਾਵਨਾ ਗੁੜ੍ਹਤੀ ਵਿੱਚ ਮਿਲੀ ਹੈ, ਜਿਸ ਕਾਰਨ ਉਨ੍ਹਾਂ ਦੁਨੀਆ ਭਰ ਵਿੱਚ ਆਪਣੇ ਲਈ ਵੱਖਰਾ ਮੁਕਾਮ ਸਥਾਪਤ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਹੈ, ਜਿਸ ਕਾਰਨ ਪੰਜਾਬੀਆਂ ਨੇ ਹਰੇਕ ਖ਼ੇਤਰ ਵਿੱਚ ਮੱਲਾਂ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਸਮਾਜ ਸੇਵਾ ਵਿੱਚ ਵੀ ਸਿਰਕੱਢ ਹਨ, ਜਿਹੜੇ ਹਰੇਕ ਸੰਕਟ ਦੇ ਸਮੇਂ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਿਆਰ ਹੁੰਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਦੇ ਅਮੀਰ ਦੇ ਸ਼ਾਨਾਮੱਤੇ ਵਿਰਸੇ ਨੇ ਸਦੀਆਂ ਤੋਂ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜੇ ਦੇਸ਼ ਨੂੰ ਨੰਬਰ ਇਕ ਬਣਾਉਣਾ ਹੈ ਤਾਂ ਪੰਜਾਬ ਨੂੰ ਜ਼ਰੂਰ ਵਿਸ਼ਵ ਭਰ ਵਿੱਚ ਮੋਹਰੀ ਸੂਬਾ ਬਣਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਅਤਿ-ਆਧੁਨਿਕ ਬੁਨਿਆਦੀ ਢਾਂਚਾ ਤੇ ਸਹੂਲਤਾਂ ਹਨ ਅਤੇ ਸੂਬਾ ਸਰਕਾਰ ਇਨ੍ਹਾਂ ਦਾ ਵਿਸਤਾਰ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਅਤੇ ਇਸ ਦੇ ਲੋਕਾਂ ਦੀ ਤਰੱਕੀ ਤੇ ਖ਼ੁਸ਼ਹਾਲੀ ਦੇ ਉਦੇਸ਼ ਨਾਲ ਇਸ ਮਹਾਨ ਕਾਰਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਨਿਵੇਸ਼ਕਾਂ ਨਾਲ ਸਿੱਧਾ ਸੰਵਾਦ ਰਚਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਸਾਰੇ ਨਿਵੇਸ਼ਕ ਤੇ ਉੱਦਮੀ ਦੂਰ-ਦੁਰਾਡਿਓਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁੱਜੇ ਹਨ। ਉਨ੍ਹਾਂ ਉਮੀਦ ਜਤਾਈ ਕਿ ਪੁਰਜ਼ੋਰ ਕੋਸ਼ਿਸ਼ਾਂ ਨਾਲ ਆਉਣ ਵਾਲੇ ਦਿਨਾਂ ਵਿੱਚ ਸੈਰ-ਸਪਾਟਾ ਖ਼ੇਤਰ ਨੂੰ ਵੱਡਾ ਹੁਲਾਰਾ ਮਿਲੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੂੰ ਵਿਸ਼ਵ ਸੈਰ-ਸਪਾਟਾ ਸਥਾਨ ਵਜੋਂ ਉਭਾਰਨ ਵਿੱਚ ਸਾਡੀ ਸਰਕਾਰ ਕੋਈ ਕਮੀ ਨਹੀਂ ਛੱਡੇਗੀ।


ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਲਾਮਿਸਾਲ ਕੋਸ਼ਿਸ਼ਾਂ ਰਾਹੀਂ ਪੰਜਾਬ ਵਿੱਚ 50840 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਟਾਟਾ ਸਟੀਲ ਨੇ ਜਮਸ਼ੇਦਪੁਰ ਤੋਂ ਬਾਅਦ ਸਭ ਤੋਂ ਵੱਡਾ ਨਿਵੇਸ਼ ਪੰਜਾਬ ਵਿੱਚ ਕੀਤਾ ਹੈ। ਇਸ ਤੋਂ ਇਲਾਵਾ ਜਿੰਦਲ ਸਟੀਲ, ਵਰਬਿਓ, ਕਲਾਸ, ਟੈਫੇ, ਹਿੰਦੋਸਤਾਨ ਲਿਵਰ ਤੇ ਹੋਰ ਕੰਪਨੀਆਂ ਵੀ ਪੰਜਾਬ ਵਿੱਚ ਨਿਵੇਸ਼ ਕਰ ਰਹੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਪੰਜਾਬ ਦੇ 2.25 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ।


ਮੁੱਖ ਮੰਤਰੀ ਨੇ ਅੰਮ੍ਰਿਤਸਰ ਵਿੱਚ 50 ਤੋਂ 100 ਏਕੜ ਜ਼ਮੀਨ ਵਿੱਚ ‘ਸੈਲੀਬ੍ਰੇਸ਼ਨ ਡੈਸਟੀਨੇਸ਼ਨ’ ਦੀ ਸਥਾਪਨਾ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਖ਼ੁਸ਼ੀ ਦੇ ਮੌਕਿਆਂ ਉਤੇ ਜਸ਼ਨ ਮਨਾਉਣ ਲਈ ਇਸ ਸੈਲੀਬ੍ਰੇਸ਼ਨ ਪੁਆਇੰਟ ਉਤੇ ਬੈਂਕੁਇਟ ਹਾਲਾਂ ਦਾ ਨਿਰਮਾਣ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਪਣੀ ਤਰ੍ਹਾਂ ਦਾ ਇਹ ਪਹਿਲਾ ‘ਸੈਲੀਬ੍ਰੇਸ਼ਨ ਪੁਆਇੰਟ’ ਸੂਬੇ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਸਹਾਈ ਸਾਬਤ ਹੋਵੇਗਾ।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਈਕੋ-ਟੂਰਿਜ਼ਮ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ ਕਿਉਂ ਜੋ ਸੂਬੇ ਨੂੰ ਕੁਦਰਤੀ ਸੌਗਾਤਾਂ ਦੀ ਬਖਸ਼ਿਸ਼ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਚਮਰੋੜ ਪੱਤਣ ਵਰਗੀਆਂ ਥਾਵਾਂ ਨੂੰ ਵੀ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਮਾਂ ਦੀ ਸ਼ੂਟਿੰਗ, ਪੋਸਟ-ਪ੍ਰੋਡਕਸ਼ਨ ਅਤੇ ਫਿਲਮਾਂ ਰਿਲੀਜ਼ ਕਰਨ ਲਈ ਪੰਜਾਬ ਵਿਚ ਫਿਲਮ ਸਿਟੀ ਵਿਕਸਤ ਕੀਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਸਰਹੱਦਾਂ ਤੋਂ ਪਾਰ ਜਾ ਕੇ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਕਈ ਨੀਤੀਆਂ ਲਾਗੂ ਕੀਤੀਆਂ ਹਨ ਅਤੇ ਲੋੜ ਪੈਣ ਉਤੇ ਇੰਡਸਟਰੀ ਦੇ ਦਿੱਗਜ਼ਾਂ ਮੁਤਾਬਕ ਨੀਤੀ ਵਿੱਚ ਸੋਧ ਵੀ ਕੀਤੀ ਜਾ ਸਕਦੀ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਉਦਯੋਗ ਪੱਖੀ ਮਾਹੌਲ ਹੈ ਅਤੇ ਸਨਅਤਕਾਰਾਂ ਲਈ ਹੁਣ ਸਹੀ ਮਾਅਨਿਆਂ ਵਿਚ ਸਿੰਗਲ ਵਿੰਡੋ ਪ੍ਰਣਾਲੀ ਲਾਗੂ ਹੋ ਚੁੱਕੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਤੋਂ ਪਹਿਲਾਂ ਇਹ ਪ੍ਰਣਾਲੀ ਸਿਰਫ਼ ਖਾਨਾਪੂਰਤੀ ਹੁੰਦੀ ਸੀ ਕਿਉਂਕਿ ਇਸ ਨੂੰ ਸਹੀ ਭਾਵਨਾ ਨਾਲ ਲਾਗੂ ਹੀ ਨਹੀਂ ਕੀਤਾ ਗਿਆ, ਜਿਸ ਕਰ ਕੇ ਨਿਵੇਸ਼ਕਾਰਾਂ ਦਾ ਸ਼ੋਸ਼ਣ ਹੁੰਦਾ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਐਮ.ਓ.ਯੂ. ਸੱਤਾ ਵਿਚਲੇ ਰਸੂਖ਼ਦਾਰ ਪਰਿਵਾਰਾਂ ਨਾਲ ਹੁੰਦੇ ਸਨ ਪਰ ਹੁਣ ਇਹ ਸਮਝੌਤੇ ਪੰਜਾਬ ਤੇ ਪੰਜਾਬ ਵਾਸੀਆਂ ਨਾਲ ਕੀਤੇ ਜਾ ਰਹੇ ਹਨ।


ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਸੂਬਾ ਸਰਕਾਰ ਨੇ ਹੁਣ ਤੱਕ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਨੌਜਵਾਨਾਂ ਨੂੰ 35848 ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਆਪਣੇ ਆਪ ਵਿੱਚ ਰਿਕਾਰਡ ਹੈ ਕਿ ਹੁਣ ਤੱਕ ਕਿਸੇ ਵੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਨੌਜਵਾਨਾਂ ਨੂੰ ਇੰਨੀਆਂ ਨੌਕਰੀਆਂ ਨਹੀਂ ਦਿੱਤੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਇਹ ਨੌਕਰੀਆਂ ਨਿਰੋਲ ਮੈਰਿਟ ਤੇ ਪਾਰਦਰਸ਼ਤਾ ਦੇ ਆਧਾਰ ਉਤੇ ਦਿੱਤੀਆਂ ਹਨ।

 

In The Market