ਚੰਡੀਗੜ੍ਹ: ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਮੰਤਰੀ, ਲਾਲ ਚੰਦ ਕਟਾਰੂਚੱਕ ਵੱਲੋਂ ਰਾਸ਼ਨ ਡੀਪੂ ਹੋਲਡਰ ਐਸੋਸੀਏਸ਼ਨ, ਪੰਜਾਬ ਦੇ ਨੁਮਾਇੰਦਿਆਂ ਨਾਲ ਉਨ੍ਹਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਾਲ 2023-24 ਦੌਰਾਨ ਰਾਜ ਵਿੱਚ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਵੰਡੀ ਜਾਣ ਵਾਲੀ ਕਣਕ ਦੀ ਬਣਦੀ ਮਾਰਜਨ ਮਨੀ ਅਤੇ ਅੰਤਰ-ਰਾਜੀ ਟਰਾਂਸਪੋਰਟੇਸ਼ਨ ਦੀ ਭਰਪਾਈ ਲਈ 50.06 ਕਰੋੜ ਰੁਪਏ ਦੀ ਅਗਾਊਂ ਕੇਂਦਰੀ ਸਹਾਇਤਾ ਸੂਬੇ ਦੇ ਖਜ਼ਾਨੇ ਵਿੱਚ ਟਰਾਂਸਫਰ ਕਰ ਦਿੱਤੀ ਗਈ ਹੈ ਅਤੇ ਸੂਬਾ ਸਰਕਾਰ ਵੱਲੋਂ ਵੀ ਬਣਦਾ 50 ਫੀਸਦੀ ਹਿੱਸਾ (50.06 ਕਰੋੜ ਰੁਪਏ) ਵਿਭਾਗ ਨੂੰ ਅਲਾਟ ਕਰ ਦਿੱਤਾ ਗਿਆ ਹੈ।
ਉਨ੍ਹਾਂ ਵਲੋਂ ਅਧਿਕਾਰੀਆਂ ਨੂੰ ਹੁਕਮ ਕੀਤੇ ਗਏ ਹਨ ਕਿ ਵੰਡ ਸਾਇਕਲ ਅਪ੍ਰੈਲ 23 ਤੋਂ ਜੂਨ 23 ਦੀ ਬਣਦੀ ਮਾਰਜਨ ਮਨੀ ਡਿਪੂ ਹੋਲਡਰਾਂ ਨੂੰ ਅਦਾ ਕਰਨ ਸਬੰਧੀ ਕਾਰਵਾਈ ਇੱਕ ਹਫਤੇ ਦੇ ਅੰਦਰ ਸ਼ੁਰੂ ਕਰ ਦਿੱਤੀ ਜਾਵੇ।
ਉਨਾਂ ਵੱਲੋਂ ਸੂਚਿਤ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ, 100 ਫੀਸਦੀ ਕੇਂਦਰ ਸਰਕਾਰ ਵੱਲੋਂ ਪ੍ਰਯੋਜਿਤ ਸਕੀਮ ਹੋਣ ਕਾਰਨ, ਇਸ ਸਕੀਮ ਦੇ ਬਣਦੇ ਕਲੇਮ ਭਾਰਤ ਸਰਕਾਰ ਨੂੰ ਭੇਜੇ ਜਾ ਰਹੇ ਹਨ ਅਤੇ ਆਸ ਹੈ ਕਿ ਇੱਕ ਮਹੀਨੇ ਦੇ ਅੰਦਰ-ਅੰਦਰ ਇਹ ਰਾਸ਼ੀ ਵੀ ਸਾਰੇ ਡਿਪੂ ਹੋਲਡਰਾਂ ਨੂੰ ਜਾਰੀ ਕਰ ਦਿੱਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਖਪਤਕਾਰਾਂ ਦੇ ਨਾਲ ਨਾਲ ਡਿਪੂ ਹੋਲਡਰਾਂ ਦੇ ਵਾਜਬ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਡਿਪੂ ਹੋਲਡਰਾਂ ਦੀਆਂ ਬਾਕੀ ਜਾਇਜ਼ ਮੰਗਾਂ ਨੂੰ ਵੀ ਜਲਦ ਅਮਲੀ ਜਾਮਾ ਪਹਿਨਾਇਆ ਜਾਵੇਗਾ। ਇਸ ਮੌਕੇ ਉੱਤੇ ਰਾਸ਼ਨ ਡੀਪੂ ਹੋਲਡਰ ਐਸੋਸੀਏਸ਼ਨ, ਪੰਜਾਬ ਤੋਂ ਪ੍ਰਧਾਨ ਸੁਰਿੰਦਰ ਸਿੰਘ ਛਿੰਦਾ, ਸੀਨੀਅਰ ਵਾਈਸ ਪ੍ਰਧਾਨ ਰਾਮਪਾਲ ਮਹਾਜਨ, ਸੰਜੀਵ ਕੁਮਾਰ ਸ਼ਰਮਾ ਲਾਡੀ, ਮਨਮੋਹਨ ਅਰੋੜਾ, ਬਲਦੇਵ ਰਾਜ ਪਠਾਨਕੋਟ, ਕਪਿਲਾ, ਜ਼ਿਲ੍ਹਾ ਪ੍ਰਧਾਨ ਪਟਿਆਲਾ ਸੁਦਰਸ਼ਨ ਮਿੱਤਲ, ਬਲਜੀਤ ਮਹਾਜਨ, ਕਪਿਲ ਸਰਮਾ, ਵਿਨੋਦ ਕੁਮਾਰ, ਗੁਰਿਦਰ ਸਿੰਘ ਅੰਮ੍ਰਿਤਸਰ, ਪਵਨ ਸੁਜਾਨਪੁਰ, ਵਿਜੇ ਕੁਮਾਰ, ਬਲਵੀਰ ਚੰਦ ਅਤੇ ਹੋਰ ਨੁਮਾਇੰਦੇ ਹਾਜ਼ਿਰ ਸਨ।