ਲੁਧਿਆਣਾ: ਮਹਾਨਗਰ ਦੇ ਇੱਕ ਨਿਜੀ ਹਸਪਤਾਲ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਅਤੇ ਪ੍ਰਬੰਧਕਾਂ ਦੀ ਵੱਡੀ ਨਾਕਾਮੀ ਅਤੇ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇੱਕ ਮਹਿਲਾ ਦੀ ਮ੍ਰਿਤਕ ਦੇਹ ਬਦਲ ਗਈ, ਜਿਸ ਦਾ ਦੂਜੇ ਪਰਿਵਾਰ ਵੱਲੋਂ ਸੰਸਕਾਰ ਵੀ ਕਰ ਦਿੱਤਾ ਗਿਆ। ਜਦੋਂ ਮਹਿਲਾ ਦੇ ਬੱਚੇ ਕੈਨੇਡਾ ਤੋਂ ਅੰਤਿਮ ਦਰਸ਼ਨਾਂ ਲਈ ਪਹੁੰਚੇ ਤਾਂ ਹਸਪਤਾਲ ਵਿੱਚ ਹੋਈ ਇਸ ਗੜਬੜੀ ਦਾ ਪਤਾ ਲੱਗਣ ‘ਤੇ ਪਰਿਵਾਰ ਦਾ ਗੁੱਸਾ ਫੁੱਟ ਪਿਆ।
ਵਿਦੇਸ਼ ਤੋਂ ਬੱਚਿਆਂ ਦੇ ਆਉਣ ਦਾ ਹੋ ਰਿਹਾ ਸੀ ਇੰਤਜ਼ਾਰ
ਜਾਣਕਾਰੀ ਅਨੁਸਾਰ 72 ਸਾਲਾ ਬਜ਼ੁਰਗ ਮਹਿਲਾ ਦੀ ਦੋ ਦਿਨ ਪਹਿਲਾਂ ਮੌਤ ਹੋ ਗਈ ਸੀ। ਮ੍ਰਿਤਕਾ ਦੇ ਬੱਚੇ ਕੈਨੇਡਾ ਵਿੱਚ ਰਹਿੰਦੇ ਹਨ, ਜਿਸ ਕਾਰਨ ਪਰਿਵਾਰ ਨੇ ਫੈਸਲਾ ਕੀਤਾ ਸੀ ਕਿ ਬੱਚਿਆਂ ਦੇ ਵਾਪਸ ਆਉਣ ਤੱਕ ਮ੍ਰਿਤਕ ਦੇਹ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਸੁਰੱਖਿਅਤ ਰੱਖਿਆ ਜਾਵੇ ਤਾਂ ਕਿ ਬੱਚੇ ਆਪਣੀ ਮਾਂ ਦਾ ਆਖਰੀ ਵਾਰ ਚਿਹਰਾ ਦੇਖ ਸਕਣ।
ਹਸਪਤਾਲ ਪਹੁੰਚਣ ‘ਤੇ ਉੱਡੇ ਹੋਸ਼
ਅੱਜ ਜਦੋਂ ਕੈਨੇਡਾ ਤੋਂ ਬੱਚੇ ਪੰਜਾਬ ਪਹੁੰਚੇ ਅਤੇ ਪਰਿਵਾਰ ਮ੍ਰਿਤਕ ਦੇਹ ਲੈਣ ਲਈ ਹਸਪਤਾਲ ਪਹੁੰਚਿਆ ਤਾਂ ਉੱਥੇ ਮੌਜੂਦ ਸਟਾਫ ਨੇ ਦੱਸਿਆ ਕਿ ਮਹਿਲਾ ਦੀ ਲਾਸ਼ ਪਹਿਲਾਂ ਹੀ ਕੋਈ ਹੋਰ ਪਰਿਵਾਰ ਲੈ ਗਿਆ ਹੈ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਦੂਜੇ ਪਰਿਵਾਰ ਨੇ ਉਸ ਦੇਹ ਨੂੰ ਆਪਣੀ ਰਿਸ਼ਤੇਦਾਰ ਸਮਝ ਕੇ ਅੰਤਿਮ ਸੰਸਕਾਰ ਕਰ ਦਿੱਤਾ ਹੈ। ਇਹ ਸੁਣਦਿਆਂ ਹੀ ਪਰਿਵਾਰਿਕ ਮੈਂਬਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਪੀੜਤ ਪਰਿਵਾਰ ਨੇ ਹਸਪਤਾਲ ਵਿੱਚ ਲਾਇਆ ਧਰਨਾ
ਗੁੱਸੇ ਵਿੱਚ ਆਏ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਹਸਪਤਾਲ ਦੇ ਅੰਦਰ ਹੀ ਜ਼ਮੀਨ ‘ਤੇ ਬੈਠ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਮ੍ਰਿਤਕਾ ਦੇ ਪਤੀ ਅਤੇ ਬੱਚਿਆਂ ਨੇ ਹਸਪਤਾਲ ਪ੍ਰਸ਼ਾਸਨ ‘ਤੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਹ ਮਹਿਜ਼ ਇੱਕ ਗਲਤੀ ਨਹੀਂ ਬਲਕਿ ਬਹੁਤ ਵੱਡੀ ਅਣਗਹਿਲੀ ਅਤੇ ਨਾਲ ਹੀ ਲਾਪਰਵਾਹੀ ਹੈ। ਉਨ੍ਹਾਂ ਕਿਹਾ, “ਅਸੀਂ ਆਪਣੇ ਬੱਚਿਆਂ ਨੂੰ ਸਿਰਫ਼ ਮਾਂ ਦਾ ਆਖਰੀ ਮੂੰਹ ਦਿਖਾਉਣ ਲਈ ਦੋ ਦਿਨ ਉਡੀਕ ਕੀਤੀ, ਪਰ ਹਸਪਤਾਲ ਦੀ ਨਾਕਾਮੀ ਨੇ ਸਾਨੂੰ ਇਸ ਅੰਤਿਮ ਹੱਕ ਤੋਂ ਵੀ ਵਾਂਝਾ ਕਰ ਦਿੱਤਾ।”
ਹਸਪਤਾਲ ਪ੍ਰਸ਼ਾਸਨ ਨੇ ਮੰਨੀ ਗਲਤੀ
ਹੰਗਾਮਾ ਵਧਦਾ ਦੇਖ ਹਸਪਤਾਲ ਪ੍ਰਸ਼ਾਸਨ ਨੇ ਆਪਣੀ ਸਫਾਈ ਪੇਸ਼ ਕੀਤੀ ਹੈ। ਹਸਪਤਾਲ ਦੇ ਨੁਮਾਇੰਦਿਆਂ ਨੇ ਮੰਨਿਆ ਕਿ ਸਟਾਫ ਕੋਲੋਂ ਵੱਡੀ ਲਾਪਰਵਾਹੀ ਹੋਈ ਹੈ ਅਤੇ ਲਾਸ਼ਾਂ ਦੀ ਪਛਾਣ ਕਰਨ ਵਿੱਚ ਗਲਤੀ ਹੋਈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਪੀੜਤ ਪਰਿਵਾਰ ਨਾਲ ਗੱਲਬਾਤ ਕਰ ਰਹੇ ਹਨ ਅਤੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਨਿਜੀ ਹਸਪਤਾਲਾਂ ਦੇ ਪ੍ਰਬੰਧਾਂ ਅਤੇ ਮੁਰਦਾਘਰਾਂ ਵਿੱਚ ਮ੍ਰਿਤਕ ਦੇਹਾਂ ਦੀ ਸਾਂਭ-ਸੰਭਾਲ ਦੀ ਸੁਰੱਖਿਆ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



