Death Incident: ਵਾਈ-ਫਾਈ ਨੂੰ ਠੀਕ ਕਰਦਿਆਂ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ, ਸਦਮੇ ‘ਚ ਪਰਿਵਾਰ

ਫਤਿਹਗੜ੍ਹ ਚੂੜੀਆਂ: ਫਤਿਹਗੜ੍ਹ ਚੂੜੀਆਂ ਦੇ ਅਜਨਾਲਾ ਰੋਡ ‘ਤੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ, ਜਿੱਥੇ ‘ਨੈੱਟ ਪਲੱਸ’ ਕੰਪਨੀ ਦੇ ਡੀਲਰ ਹੈਪੀ ਜੌਨ ਹੰਸ ਦੀ…

ਫਤਿਹਗੜ੍ਹ ਚੂੜੀਆਂ: ਫਤਿਹਗੜ੍ਹ ਚੂੜੀਆਂ ਦੇ ਅਜਨਾਲਾ ਰੋਡ ‘ਤੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ, ਜਿੱਥੇ ‘ਨੈੱਟ ਪਲੱਸ’ ਕੰਪਨੀ ਦੇ ਡੀਲਰ ਹੈਪੀ ਜੌਨ ਹੰਸ ਦੀ ਡਿਊਟੀ ਦੌਰਾਨ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਸ ਹਾਦਸੇ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਜਾਗੀ ਹੈ।

ਜਾਣੋ ਕਿਵੇਂ ਵਾਪਰਿਆ ਹਾਦਸਾ?

ਮ੍ਰਿਤਕ ਦੇ ਪਿਤਾ ਅਤੇ ਮੌਕੇ ‘ਤੇ ਮੌਜੂਦ ਮੁਲਾਜ਼ਮ ਨੇ ਦੱਸਿਆ ਕਿ ਹੈਪੀ ਅਜਨਾਲਾ ਰੋਡ ‘ਤੇ ਇੱਕ ਵਾਈ-ਫਾਈ (Wi-Fi) ਦੀ ਸ਼ਿਕਾਇਤ ਦੂਰ ਕਰਨ ਗਿਆ ਸੀ। ਕੰਮ ਦੌਰਾਨ ਅਚਾਨਕ ਉਸ ਦੀ ਲੋਹੇ ਦੀ ਪੌੜੀ ਹਾਈ-ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈ। ਕਰੰਟ ਦਾ ਝਟਕਾ ਇੰਨਾ ਜ਼ਬਰਦਸਤ ਸੀ ਕਿ ਉਹ ਸਿੱਧਾ ਹੇਠਾਂ ਜਾ ਡਿੱਗਿਆ। ਉਸ ਨੂੰ ਤੁਰੰਤ ਨਜ਼ਦੀਕੀ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਆਪਣੇ ਪਿੱਛੇ ਪਤਨੀ, ਇੱਕ ਪੁੱਤਰ, ਦੋ ਧੀਆਂ ਅਤੇ ਬਜ਼ੁਰਗ ਪਿਤਾ ਨੂੰ ਛੱਡ ਗਿਆ ਹੈ।

ਮੌਤ ਦੀ ਖਬਰ ਸੁਣ ਕੇ ਜਾ ਰਹੇ ਰਿਸ਼ਤੇਦਾਰ ਦਾ ਵੀ ਹੋਇਆ ਹਾਦਸਾ

ਖ਼ਬਰ ਸੁਣ ਕੇ ਹਸਪਤਾਲ ਜਾ ਰਿਹਾ ਰਿਸ਼ਤੇਦਾਰ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ। ਹੈਪੀ ਜੌਨ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਅਤੇ ਰਿਸ਼ਤੇਦਾਰਾਂ ਵਿੱਚ ਚੀਕ-ਚਿਹਾੜਾ ਮਚ ਗਿਆ। ਜਦੋਂ ਮ੍ਰਿਤਕ ਦਾ ਕਰੀਬੀ ਰਿਸ਼ਤੇਦਾਰ ਪ੍ਰੇਮ ਆਪਣੇ ਬੇਟੇ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਹਸਪਤਾਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਉਸੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ 

ਇਸ ਦੁਖਾਂਤ ਨੇ ਪੀੜਤ ਪਰਿਵਾਰ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਘਰ ਦੇ ਕਮਾਊ ਜੀਅ ਦੀ ਅਚਾਨਕ ਮੌਤ ਅਤੇ ਦੂਜੇ ਪਾਸੇ ਰਿਸ਼ਤੇਦਾਰ ਦੇ ਜ਼ਖਮੀ ਹੋਣ ਕਾਰਨ ਮਾਹੌਲ ਬੇਹੱਦ ਗਮਗੀਨ ਹੋ ਗਿਆ ਹੈ। ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਸੂਚਨਾ ਦੇ ਦਿੱਤੀ ਗਈ ਹੈ।

  ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ   

 

Leave a Reply

Your email address will not be published. Required fields are marked *