ਮੁੰਬਈ : ਟੈਲੀਵਿਜ਼ਨ ਜਗਤ ਦੇ ਜਾਣੇ-ਪਛਾਣੇ ਅਦਾਕਾਰ ਰੋਹਿਤ ਚੰਦੇਲ ਵੱਡੀ ਕਾਨੂੰਨੀ ਮੁਸੀਬਤ ਵਿੱਚ ਫਸ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮੁੰਬਈ ਪੁਲਿਸ ਨੇ ਇੱਕ 16 ਸਾਲਾ ਨਾਬਾਲਗ ਲੜਕੀ ਦਾ ਪਿੱਛਾ ਕਰਨ, ਉਸ ਨੂੰ ਲਗਾਤਾਰ ਪ੍ਰੇਸ਼ਾਨ ਕਰਨ ਅਤੇ ਉਸ ਨਾਲ ਕੁੱਟਮਾਰ ਕਰਨ ਦੇ ਗੰਭੀਰ ਆਰੋਪਾਂ ਤਹਿਤ ਰੋਹਿਤ ਚੰਦੇਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਦਾਕਾਰ ਖ਼ਿਲਾਫ਼ ਪੋਕਸੋ (POCSO) ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਲੱਗੇ ਗੰਭੀਰ ਆਰੋਪ
ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, 29 ਸਾਲਾ ਅਦਾਕਾਰ ਆਪਣੇ ਮੋਬਾਈਲ ਨੰਬਰ ਅਤੇ ਕੁਝ ਹੋਰ ਨੰਬਰਾਂ ਤੋਂ ਨਾਬਾਲਗ ਲੜਕੀ ਨੂੰ ਵਾਰ-ਵਾਰ ਫ਼ੋਨ ਕਰਕੇ ਤੰਗ-ਪ੍ਰੇਸ਼ਾਨ ਕਰਦਾ ਸੀ। ਸ਼ਿਕਾਇਤ ਮੁਤਾਬਕ ਇਹ ਮਾਮਲਾ 5 ਜੁਲਾਈ ਦਾ ਹੈ, ਜਦੋਂ ਰੋਹਿਤ ਚੰਦੇਲ ਨੇ ਲੜਕੀ ਦੀ ਰਿਹਾਇਸ਼ੀ ਇਮਾਰਤ ਦੇ ਨੇੜੇ ਉਸ ਦਾ ਰਸਤਾ ਰੋਕਿਆ, ਉਸ ਦਾ ਪਿੱਛਾ ਕੀਤਾ ਅਤੇ ਬਹਿਸਬਾਜ਼ੀ ਕਰਦਿਆਂ ਗਾਲੀ-ਗਲੋਚ ਤੇ ਕੁੱਟਮਾਰ ਕੀਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾ ਅਤੇ ਮੁਲਜ਼ਮ ਪਹਿਲਾਂ ਤੋਂ ਇੱਕ-ਦੂਜੇ ਨੂੰ ਜਾਣਦੇ ਸਨ।
ਪੁਲਿਸ ਹਿਰਾਸਤ ਵਿੱਚ ਭੇਜਿਆ ਗਿਆ ਅਦਾਕਾਰ
ਪੀੜਤ ਪਰਿਵਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਪੰਤ ਨਗਰ ਪੁਲਿਸ ਨੇ ਕਾਰਵਾਈ ਕਰਦਿਆਂ ਰੋਹਿਤ ਚੰਦੇਲ ਖ਼ਿਲਾਫ਼ ਪੋਕਸੋ ਐਕਟ ਸਮੇਤ ਭਾਰਤੀ ਨਿਆਏ ਸੰਹਿਤਾ (BNS) ਦੀਆਂ ਧਾਰਾਵਾਂ 78 ਅਤੇ 115(2) ਦੇ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਮੁਲਜ਼ਮ ਅਦਾਕਾਰ ਨੂੰ ਦਹੀਸਰ ਸਥਿਤ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ। ਇਸ ਤੋਂ ਬਾਅਦ ਉਸ ਨੂੰ ਵਿਸ਼ੇਸ਼ ਪੋਕਸੋ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ।
‘ਰੋਹਿਤ ਚੰਦੇਲ ਕਰ ਚੁੱਕਾ ਇਹਨਾਂ ਨਾਟਕਾਂ ‘ਚ ਕੰਮ
ਰੋਹਿਤ ਚੰਦੇਲ ਟੀਵੀ ਇੰਡਸਟਰੀ ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਹਨ। ਉਹ ਅੱਜ-ਕੱਲ੍ਹ ਪ੍ਰਸਿੱਧ ਟੀਵੀ ਸ਼ੋਅ ‘ਸੈਰਬ’ ਵਿੱਚ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਹਿੱਟ ਸੀਰੀਅਲ ‘ਪੰਡਿਆ ਸਟੋਰ’ ਵਿੱਚ ‘ਧਵਲ ਮਕਵਾਨਾ’ ਅਤੇ ‘ਕਾਸ਼ੀਬਾਈ ਬਾਜੀਰਾਓ ਬੱਲਾਲ’ ਵਿੱਚ ‘ਬਾਜੀਰਾਓ’ ਦਾ ਮੁੱਖ ਕਿਰਦਾਰ ਨਿਭਾ ਕੇ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ ਸੀ। ਫਿਲਹਾਲ, ਮੁੰਬਈ ਪੁਲਿਸ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਪੂਰੇ ਘਟਨਾਕ੍ਰਮ ਦਾ ਪਰਦਾਫਾਸ਼ ਕਰਨ ਲਈ ਅਦਾਕਾਰ ਦੇ ਮੋਬਾਈਲ ਫ਼ੋਨ, ਕਾਲ ਰਿਕਾਰਡ ਅਤੇ ਹੋਰ ਡਿਜੀਟਲ ਸਬੂਤਾਂ ਨੂੰ ਖੰਗਾਲ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Major accident in Vietnam: ਸੈਲਾਨੀਆਂ ਨਾਲ ਭਰੀ ਸਪੀਡਬੋਟ ਸਮੁੰਦਰ ‘ਚ ਪਲਟੀ, 15 ਭਾਰਤੀ ਨਾਗਰਿਕਾਂ ਦੀ ਮੌਤ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



