ਵੀਅਤਨਾਮ : ਵੀਅਤਨਾਮ ਦੇ ਪ੍ਰਸਿੱਧ ‘ਫੂ ਕੁਓਕ’ (Phu Quoc) ਟਾਪੂ ਨੇੜੇ ਸੈਲਾਨੀਆਂ ਨਾਲ ਭਰੀ ਇੱਕ ਤੇਜ਼ ਰਫ਼ਤਾਰ ਸਪੀਡਬੋਟ ਸਮੁੰਦਰ ਵਿੱਚ ਪਲਟਣ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਇਸ ਦਰਦਨਾਕ ਘਟਨਾ ਵਿੱਚ 15 ਭਾਰਤੀ ਨਾਗਰਿਕਾਂ ਦੀ ਜਾਨ ਚਲੀ ਗਈ ਹੈ। ਹਨੋਈ ਸਥਿਤ ਭਾਰਤੀ ਦੂਤਾਵਾਸ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ‘ਤੇ ਖੋਜ ਅਤੇ ਬਚਾਅ ਮੁਹਿੰਮ ਚਲਾਈ ਗਈ, ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਰਾਹਤ ਪਹੁੰਚਾਈ ਜਾ ਸਕੇ।
ਸ਼ਨੀਵਾਰ ਦੁਪਹਿਰ ਨੂੰ ਵਾਪਰਿਆ ਭਿਆਨਕ ਕਾਂਡ
ਰਿਪੋਰਟਾਂ ਅਨੁਸਾਰ, ਇਹ ਹਾਦਸਾ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਵਾਪਰਿਆ। ‘ਓਸ਼ਨ ਪੀਅਰ ਆਈਲੈਂਡ ਕੰਪਨੀ’ ਵੱਲੋਂ ਚਲਾਈ ਜਾ ਰਹੀ ਇਹ ਸਪੀਡਬੋਟ ‘ਹੌਨ ਮੇ ਰਟ’ (Hon May Rut) ਨਾਮਕ ਸਥਾਨ ਤੋਂ ਸੈਲਾਨੀਆਂ ਨੂੰ ਲੈ ਕੇ ‘ਐਨ ਥੋਈ ਪੋਰਟ’ ਵੱਲ ਵਧ ਰਹੀ ਸੀ। ਫੂ ਕੁਓਕ ਹਵਾਈ ਅੱਡੇ ਤੋਂ ਲਗਭਗ 25 ਕਿਲੋਮੀਟਰ ਦੂਰ ‘ਹੋਨ ਮੇ ਰਟ ਐਨਗਵਾਈ’ ਕੋਲ ਤੱਟ ਤੋਂ ਮਹਿਜ਼ 400 ਮੀਟਰ ਪਹਿਲਾਂ ਕਿਸ਼ਤੀ ਅਚਾਨਕ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਉਸ ਵਿੱਚ ਸਵਾਰ ਸਾਰੇ ਲੋਕ ਸਮੁੰਦਰ ਦੇ ਡੂੰਘੇ ਪਾਣੀ ਵਿੱਚ ਡਿੱਗ ਗਏ।
ਅਸ਼ਾਂਤ ਸਮੁੰਦਰ ਕਾਰਨ ਬਚਾਅ ਕਾਰਜ ਵਿੱਚ ਪਈਆਂ ਰੁਕਾਵਟਾਂ
ਹਾਦਸੇ ਦੇ ਸਮੇਂ ‘ਐਨ ਥੋਈ’ ਨੇੜੇ ਸਮੁੰਦਰ ਦੀਆਂ ਲਹਿਰਾਂ ਕਾਫ਼ੀ ਤੇਜ਼ ਅਤੇ ਅਸ਼ਾਂਤ ਸਨ, ਹਾਲਾਂਕਿ ਉੱਥੇ ਮੀਂਹ ਨਹੀਂ ਪੈ ਰਿਹਾ ਸੀ। ਆਸ-ਪਾਸ ਤੋਂ ਲੰਘ ਰਹੀਆਂ ਹੋਰ ਕਿਸ਼ਤੀਆਂ ਦੇ ਮਾਲਕਾਂ ਨੇ ਜਿਵੇਂ ਹੀ ਹਾਦਸਾ ਦੇਖਿਆ, ਉਹ ਤੁਰੰਤ ਮਦਦ ਲਈ ਪਹੁੰਚ ਗਏ। ਬਚਾਅ ਕਾਰਜ ਵਿੱਚ ਸ਼ਾਮਲ ਇੱਕ ਸਥਾਨਕ ਨਾਗਰਿਕ ਨੇ ਦੱਸਿਆ ਕਿ ਕਈ ਸੈਲਾਨੀ ਪਲਟੀ ਹੋਈ ਕਿਸ਼ਤੀ ਦੇ ਅੰਦਰ ਹੀ ਬੁਰੀ ਤਰ੍ਹਾਂ ਫਸ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਬਾਹਰ ਕੱਢਣਾ ਬੇਹੱਦ ਮੁਸ਼ਕਿਲ ਹੋ ਗਿਆ। ਇਹੀ ਕਾਰਨ ਰਿਹਾ ਕਿ ਬਹੁਤ ਘੱਟ ਲੋਕਾਂ ਨੂੰ ਹੀ ਜ਼ਿੰਦਾ ਬਚਾਇਆ ਜਾ ਸਕਿਆ।
ਭਾਰਤੀ ਦੂਤਾਵਾਸ ਵੱਲੋਂ ਐਮਰਜੈਂਸੀ ਹੈਲਪਲਾਈਨ ਨੰਬਰ ਜਾਰੀ
ਇਸ ਮੰਦਭਾਗੀ ਘਟਨਾ ਤੋਂ ਬਾਅਦ ਭਾਰਤ ਸਰਕਾਰ ਪੂਰੀ ਤਰ੍ਹਾਂ ਹਰਕਤ ਵਿੱਚ ਹੈ। ਪ੍ਰਭਾਵਿਤ ਪਰਿਵਾਰਾਂ ਦੀ ਤੁਰੰਤ ਮਦਦ ਅਤੇ ਜਾਣਕਾਰੀ ਸਾਂਝੀ ਕਰਨ ਲਈ ‘ਹੋ ਚੀ ਮਿਨ੍ਹ ਸਿਟੀ’ ਵਿੱਚ ਭਾਰਤੀ ਵਣਜ ਦੂਤਾਵਾਸ (ਕੌਂਸਲੇਟ) ਅਤੇ ‘ਹਨੋਈ’ ਸਥਿਤ ਭਾਰਤੀ ਦੂਤਾਵਾਸ ਦੋਵਾਂ ਥਾਵਾਂ ‘ਤੇ ਵਿਸ਼ੇਸ਼ ਐਮਰਜੈਂਸੀ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਪੀੜਤਾਂ ਦੇ ਪਰਿਵਾਰ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਜਾਂ ਸਹਾਇਤਾ ਲਈ ਇਨ੍ਹਾਂ ਕੰਟਰੋਲ ਰੂਮ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ।
ਸੈਲਾਨੀਆਂ ਦਾ ਗੜ੍ਹ ਬਣ ਰਿਹਾ ਹੈ ‘ਫੂ ਕੁਓਕ’
ਵੀਅਤਨਾਮ ਦਾ ਇਹ ਸਭ ਤੋਂ ਵੱਡਾ ਟਾਪੂ ਵਿਦੇਸ਼ੀ ਸੈਲਾਨੀਆਂ ਦੀ ਪਸੰਦੀਦਾ ਜਗ੍ਹਾ ਹੈ। ਇੱਕ ਸਰਕਾਰੀ ਰਿਪੋਰਟ ਮੁਤਾਬਕ, ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ ਹੀ ਇੱਥੇ ਰਿਕਾਰਡ 57 ਲੱਖ ਸੈਲਾਨੀ ਪਹੁੰਚੇ ਹਨ, ਜੋ ਪਿਛਲੇ ਸਾਲ ਦੇ ਮੁਕਾਬਲੇ 30 ਫੀਸਦੀ ਜ਼ਿਆਦਾ ਹੈ। ਖਾਸ ਗੱਲ ਇਹ ਹੈ ਕਿ ਇਸ ਦੌਰਾਨ ਇੱਥੇ ਆਉਣ ਵਾਲੇ ਅੰਤਰਰਾਸ਼ਟਰੀ ਸੈਲਾਨੀਆਂ ਦੀ ਗਿਣਤੀ ਵਿੱਚ 50 ਫੀਸਦੀ ਦਾ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਫਿਲਹਾਲ ਸਥਾਨਕ ਪੁਲਿਸ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
POCSO ਐਕਟ ਤਹਿਤ ਮਸ਼ਹੂਰ TV ਅਦਾਕਾਰ ਰੋਹਿਤ ਚੰਦੇਲ ਗ੍ਰਿਫ਼ਤਾਰ, ਨਾਬਾਲਗ ਲੜਕੀ ਨਾਲ ਕੁੱਟਮਾਰ ਅਤੇ ਪਿੱਛਾ ਕਰਨ ਦਾ ਆਰੋਪ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



