ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟੜਾ ਦੇ ਨਜ਼ਦੀਕ ਸ਼ਨੀਵਾਰ ਰਾਤ ਇੱਕ ਬੇਹੱਦ ਦਰਦਨਾਕ ਅਤੇ ਭਿਆਨਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕ ਤੇਜ਼ ਰਫ਼ਤਾਰ ਕਾਰ ਅਤੇ ਟਰਾਲੇ ਵਿਚਾਲੇ ਹੋਈ ਇਸ ਸਿੱਧੀ ਟੱਕਰ ਵਿੱਚ ਦੋ ਨੌਜਵਾਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਇੱਕ ਹੋਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਹ ਹਾਦਸਾ ਸ਼ਨੀਵਾਰ ਰਾਤ ਕਰੀਬ 8 ਵਜੇ ਵਾਪਰਿਆ, ਜਿਸ ਨੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ।
ਅਚਾਨਕ ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ
ਪ੍ਰਤੱਖਦਰਸ਼ੀਆਂ ਮੁਤਾਬਕ, ਕਾਰ ਸਵਾਰ ਨੌਜਵਾਨ ਮਾਨਸਾ ਤੋਂ ਭੀਖੀ ਵੱਲ ਜਾ ਰਹੇ ਸਨ। ਇਸੇ ਦੌਰਾਨ ਸਾਹਮਣੇ (ਭੀਖੀ) ਪਾਸਿਓਂ ਆ ਰਹੇ ਇੱਕ ਟਰਾਲੇ ਦੇ ਅੱਗੇ ਅਚਾਨਕ ਕੋਈ ਚੀਜ਼ ਆ ਗਈ। ਟਰਾਲੇ ਦੇ ਡਰਾਈਵਰ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦਾ ਵਾਹਨ ਤੋਂ ਸੰਤੁਲਨ ਵਿਗੜ ਗਿਆ ਅਤੇ ਟਰਾਲਾ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਕਾਰ ਨਾਲ ਜਾ ਟਕਰਾਇਆ। ਟੱਕਰ ਐਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਨੌਜਵਾਨ ਗੱਡੀ ਦੇ ਅੰਦਰ ਹੀ ਬੁਰੀ ਤਰ੍ਹਾਂ ਫਸ ਗਏ।
ਇਸ ਦਰਦਨਾਕ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਨੌਜਵਾਨਾਂ ਦੀ ਪਛਾਣ ਜਤਨ ਵਰਮਾ (26) ਪੁੱਤਰ ਅਸ਼ੋਕ ਕੁਮਾਰ (ਵਾਸੀ ਮਾਨਸਾ) ਅਤੇ ਸੁਰਿੰਦਰ ਪਾਲ ਸਿੰਘ (30) ਪੁੱਤਰ ਕੁਲਵੰਤ ਸਿੰਘ (ਵਾਸੀ ਪਿੰਡ ਅੱਕਾਂਵਾਲੀ) ਵਜੋਂ ਹੋਈ ਹੈ। ਦੂਜੇ ਪਾਸੇ, ਕਾਰ ਵਿੱਚ ਸਵਾਰ ਤੀਜਾ ਨੌਜਵਾਨ ਅਵਤਾਰ ਸਿੰਘ (23) ਪੁੱਤਰ ਗਿਆਨ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਜ਼ਖਮੀ ਨੌਜਵਾਨ ਨੂੰ ਤੁਰੰਤ ਮਾਨਸਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸਨੂੰ ਮੁਢਲੀ ਸਹਾਇਤਾ ਤੋਂ ਬਾਅਦ ਹਾਇਰ ਮੈਡੀਕਲ ਸੈਂਟਰ ਰੈਫਰ ਕਰ ਦਿੱਤਾ।
ਮੈਡੀਕਲ ਅਧਿਕਾਰੀ ਅਤੇ ਪੁਲਿਸ ਦਾ ਬਿਆਨ
ਸਿਵਲ ਹਸਪਤਾਲ ਦੇ ਡਾਕਟਰ ਅਰਸ਼ਦੀਪ ਸਿੰਘ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੇਰ ਰਾਤ ਕੋਟੜਾ ਪਿੰਡ ਕੋਲ ਹੋਏ ਐਕਸੀਡੈਂਟ ਦੇ ਤਿੰਨ ਮਰੀਜ਼ ਹਸਪਤਾਲ ਲਿਆਂਦੇ ਗਏ ਸਨ। ਉਨ੍ਹਾਂ ਵਿੱਚੋਂ ਇੱਕ ਨੌਜਵਾਨ ਜਤਿਨ ਵਰਮਾ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ, ਜਦਕਿ ਸੁਰਿੰਦਰ ਪਾਲ ਸਿੰਘ ਅਤੇ ਅਵਤਾਰ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਦੋਵਾਂ ਨੂੰ ਰੈਫਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਬਾਅਦ ਵਿੱਚ ਸੁਰਿੰਦਰ ਪਾਲ ਸਿੰਘ ਨੇ ਵੀ ਦਮ ਤੋੜ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



