ਤਰਨ ਤਾਰਨ : ਲਾਰੈਂਸ ਬਿਸ਼ਨੋਈ ਗੈਂਗ ਤੋਂ ਵੱਖ ਹੋ ਕੇ ਆਪਣਾ ਵੱਖਰਾ ਫਿਰੌਤੀ ਨੈੱਟਵਰਕ ਚਲਾਉਣ ਵਾਲੇ ਖ਼ਤਰਨਾਕ ਗੈਂਗਸਟਰ ਗੋਲਡੀ ਢਿੱਲੋਂ ਨੂੰ ਚੰਡੀਗੜ੍ਹ ਪੁਲਿਸ ਅਤੇ ਕੇਂਦਰੀ ਏਜੰਸੀਆਂ ਵੱਲੋਂ ਜਲਦ ਹੀ ਸਪੇਨ ਤੋਂ ਭਾਰਤ ਡਿਪੋਰਟ ਕਰਕੇ ਲਿਆਂਦਾ ਜਾ ਸਕਦਾ ਹੈ। ਇਸੇ ਦੌਰਾਨ, ਚੰਡੀਗੜ੍ਹ ਦੇ ਸੈਕਟਰ-11 ਸਥਿਤ ਸ਼੍ਰੀ ਕੁਮਾਰ ਮੈਡੀਕਲ ਹਾਲ ਦੇ ਕੈਸ਼ੀਅਰ ਜਾਨਕੀ ਦਾਸ ਦੇ ਹਾਈ-ਪ੍ਰੋਫਾਈਲ ਕਤਲ ਮਾਮਲੇ ਵਿੱਚ ਕ੍ਰਾਈਮ ਬ੍ਰਾਂਚ ਨੂੰ ਇੱਕ ਹੋਰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਪਹਿਲਾਂ ਫੜੇ ਗਏ ਸ਼ੂਟਰ ਅਮਿਤ ਉਰਫ਼ ਸ਼ਰਾਬੀ ਦੀ ਨਿਸ਼ਾਨਦੇਹੀ ’ਤੇ ਕਾਰਵਾਈ ਕਰਦੇ ਹੋਏ ਤਰਨ ਤਾਰਨ ਤੋਂ ਹਥਿਆਰ ਸਪਲਾਈ ਕਰਨ ਵਾਲੇ ਤਿੰਨ ਹੋਰ ਸ਼ੂਟਰਾਂ ਨੂੰ ਦਬੋਚ ਲਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਹੋਈ ਪਛਾਣ
ਕ੍ਰਾਈਮ ਬ੍ਰਾਂਚ ਵੱਲੋਂ ਤਰਨ ਤਾਰਨ ਤੋਂ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਦੀ ਪਛਾਣ ਸਚਿਨ ਸਿਲਵੇਸਟਰ, ਗੁਰਮੀਤ ਸਿੰਘ ਉਰਫ਼ ਬਾਦਸ਼ਾਹ,ਆਕਾਸ਼ ਉਰਫ਼ ਮਣੀ ਅਨੁਸਾਰ ਹੋਈ ਹੈ।
ਯੂਟਿਊਬ ਤੋਂ ਸਿੱਖੇ ਤਰੀਕੇ
ਪੁਲਿਸ ਦੀ ਸ਼ੁਰੂਆਤੀ ਪੁੱਛਗਿੱਛ ਦੌਰਾਨ ਇਹ ਬੇਹੱਦ ਹੈਰਾਨੀਜਨਕ ਖੁਲਾਸਾ ਹੋਇਆ ਹੈ ਕਿ ਤਰਨ ਤਾਰਨ ਤੋਂ ਦੋ ਆਧੁਨਿਕ ਪਿਸਤੌਲਾਂ (ਇੱਕ ਵਿਦੇਸ਼ੀ ਜ਼ਿਗਾਨਾ ਅਤੇ ਇੱਕ .32 ਬੋਰ) ਦਾ ਇੰਤਜ਼ਾਮ ਕਰਨ ਤੋਂ ਬਾਅਦ ਮੁਲਜ਼ਮ ਅਮਿਤ, ਸੰਨੀ ਅਤੇ ਆਰਿਆਨ ਜੰਮੂ ਦੇ ਸੰਘਣੇ ਜੰਗਲਾਂ ਵਿੱਚ ਚਲੇ ਗਏ ਸਨ। ਗੈਂਗਸਟਰ ਗੋਲਡੀ ਢਿੱਲੋਂ ਨੇ ਉਨ੍ਹਾਂ ਨੂੰ ਨਿਸ਼ਾਨੇ ‘ਤੇ “ਬਰਸਟ ਫਾਇਰ” (ਇੱਕੋ ਵਾਰ ਕਈ ਗੋਲੀਆਂ ਚਲਾਉਣ) ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਸਨ। ਇਸ ਦੇ ਲਈ ਸ਼ੂਟਰਾਂ ਨੇ ਯੂਟਿਊਬ (YouTube) ਤੋਂ ਵੀਡੀਓਜ਼ ਦੇਖ ਕੇ ਹਥਿਆਰ ਚਲਾਉਣ ਦੇ ਤਰੀਕੇ ਸਿੱਖੇ ਅਤੇ ਜੰਗਲਾਂ ਵਿੱਚ ਸਿੰਗਲ ਅਤੇ ਬਰਸਟ ਫਾਇਰਿੰਗ ਦੀ ਬਾਕਾਇਦਾ ਪ੍ਰੈਕਟਿਸ ਵੀ ਕੀਤੀ।
ਕਤਲ ‘ਚ ਵਰਤੇ ਹਥਿਆਰ ਹਾਲੇ ਵੀ ਗਾਇਬ
ਪੁਲਿਸ ਮੁਤਾਬਕ ਕੈਸ਼ੀਅਰ ਜਾਨਕੀ ਦਾਸ ਦੇ ਕਤਲ ਵਿੱਚ ਵਰਤੀਆਂ ਗਈਆਂ ਦੋਵੇਂ ਅਹਿਮ ਪਿਸਤੌਲਾਂ ਹਾਲੇ ਤੱਕ ਬਰਾਮਦ ਨਹੀਂ ਹੋ ਸਕੀਆਂ ਹਨ। ਹਥਿਆਰਾਂ ਦੀ ਬਰਾਮਦਗੀ ਅਤੇ ਇਸ ਗੈਂਗ ਦੇ ਬਾਕੀ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਚੰਡੀਗੜ੍ਹ ਪੁਲਿਸ ਅਦਾਲਤ ਕੋਲੋਂ ਸ਼ੂਟਰ ਅਮਿਤ ਉਰਫ਼ ਸ਼ਰਾਬੀ ਦਾ ਹੋਰ ਪੁਲਿਸ ਰਿਮਾਂਡ ਮੰਗਣ ਦੀ ਤਿਆਰੀ ਕਰ ਰਹੀ ਹੈ, ਤਾਂ ਜੋ ਮਾਮਲੇ ਦੀਆਂ ਸਾਰੀਆਂ ਕੜੀਆਂ ਨੂੰ ਜੋੜਿਆ ਜਾ ਸਕੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Terrible love in Faridkot: ਪ੍ਰੇਮਿਕਾ ਨੇ ਬੁਲਾਇਆ, ਪਿਤਾ ਤੇ ਭਰਾ ਨੇ ਹੱਥ-ਪੈਰ ਬੰਨ੍ਹ ਕੇ ਨੌਜਵਾਨ ਦਾ ਰੇਤਿਆ ਗਲਾ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



