ਸੰਗਰੂਰ : ਜ਼ਿਲ੍ਹਾ ਸੰਗਰੂਰ ਦੀ ਸਬ-ਡਿਵੀਜ਼ਨ ਮੂਨਕ ਦੇ ਅਧੀਨ ਆਉਂਦੇ ਪਿੰਡ ਬੱਲਰਾਂ ਸਥਿਤ ‘ਗਿਆਨ ਗੰਗਾ ਇੰਟਰਨੈਸ਼ਨਲ ਸਕੂਲ’ ਵਿੱਚ ਬੱਚਿਆਂ ਦੀ ਸਿਹਤ ਅਤੇ ਵਾਤਾਵਰਣ ਨਾਲ ਖਿਲਵਾੜ ਕਰਨ ਦਾ ਇੱਕ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਕਰੀਬ 700 ਦੀ ਵਿਦਿਆਰਥੀ ਗਿਣਤੀ ਵਾਲੇ ਇਸ ਨਿੱਜੀ ਸਕੂਲ ਵੱਲੋਂ ਪਖਾਨਿਆਂ ਅਤੇ ਸੀਵਰੇਜ ਦਾ ਗੰਦਾ ਪਾਣੀ ਕਥਿਤ ਤੌਰ ‘ਤੇ ਇੱਕ ਗੁਪਤ ਬੋਰ ਰਾਹੀਂ ਸਿੱਧਾ ਧਰਤੀ ਦੇ ਹੇਠਲੇ ਸਾਫ਼ ਪਾਣੀ ਵਿੱਚ ਸੁੱਟਿਆ ਜਾ ਰਿਹਾ ਸੀ। ਪਿੰਡ ਵਾਸੀਆਂ ਦੀ ਮੁਸਤੈਦੀ ਅਤੇ ਸ਼ਿਕਾਇਤ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਮੌਕੇ ‘ਤੇ ਛਾਪੇਮਾਰੀ ਕਰਕੇ ਇਸ ਵੱਡੀ ਲਾਪਰਵਾਹੀ ਦਾ ਪਰਦਾਫਾਸ਼ ਕੀਤਾ ਹੈ।
ਇਹ ਸਾਰਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਕਰੀਬ 15 ਸਾਲਾਂ ਤੋਂ ਚੱਲ ਰਹੇ ਇਸ ਸਕੂਲ ਵਿੱਚ ਨਵਾਂ ਬੋਰ ਕਰਵਾਉਣ ਲਈ ਇੱਕ ਵੱਡੀ ਮਸ਼ੀਨ ਪਹੁੰਚੀ। ਪਿੰਡ ਵਾਸੀਆਂ ਨੂੰ ਸ਼ੱਕ ਹੋਇਆ ਕਿ ਜਦੋਂ ਪੀਣ ਵਾਲੇ ਪਾਣੀ ਲਈ ਪਹਿਲਾਂ ਹੀ ਇੱਕ ਬੋਰ ਮੌਜੂਦ ਹੈ, ਤਾਂ ਨਵੇਂ ਬੋਰ ਦੀ ਕੀ ਲੋੜ ਪੈ ਗਈ? ਜਦੋਂ ਲੋਕਾਂ ਨੇ ਬਾਰੀਕੀ ਨਾਲ ਪਤਾ ਕੀਤਾ ਤਾਂ ਭੇਤ ਖੁੱਲ੍ਹਿਆ ਕਿ ਪੁਰਾਣਾ ਸੀਵਰੇਜ ਵਾਲਾ ਬੋਰ ਹੁਣ ਘੱਟ ਪਾਣੀ ਖਿੱਚ ਰਿਹਾ ਸੀ, ਜਿਸ ਕਾਰਨ ਸਕੂਲ ਪ੍ਰਬੰਧਕ ਗੰਦਾ ਪਾਣੀ ਸੁੱਟਣ ਲਈ ਇੱਕ ਹੋਰ ਨਵਾਂ ਬੋਰ ਕਰਵਾਉਣ ਦੀ ਫਿਰਾਕ ਵਿੱਚ ਸਨ। ਪਿੰਡ ਵਾਸੀਆਂ ਨੇ ਬਿਨਾਂ ਦੇਰੀ ਕੀਤੇ ਇਸ ਦੀ ਲਿਖਤੀ ਸ਼ਿਕਾਇਤ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਦੇ ਦਿੱਤੀ।
ਸਬੂਤ ਮਿਟਾਉਣ ਦੀ ਕੋਸ਼ਿਸ਼ ਨਾਕਾਮ
ਸ਼ਿਕਾਇਤ ਮਿਲਦਿਆਂ ਹੀ ਸ਼ਨੀਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜੇ.ਈ. ਅਤੇ ਹੋਰ ਕਰਮਚਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ। ਜਾਂਚ ਦੌਰਾਨ ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਵੱਲੋਂ ਆਪਣੀ ਇਸ ਕਾਲੀ ਕਰਤੂਤ ‘ਤੇ ਪਰਦਾ ਪਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਪਰ ਜਦੋਂ ਅਧਿਕਾਰੀਆਂ ਨੇ ਟੈਂਕਰ ਮੰਗਵਾ ਕੇ ਉੱਥੇ ਬਣੇ ਡੱਗ (ਹੌਦੀ) ਨੂੰ ਖਾਲੀ ਕਰਵਾਇਆ, ਤਾਂ ਸਾਰੀ ਹਕੀਕਤ ਸਾਹਮਣੇ ਆ ਗਈ। ਬੋਰ ਦੇ ਉੱਪਰ ਹੌਦੀ ਬਣਾ ਕੇ ਉਸਨੂੰ ਸਲੈਬਾਂ ਨਾਲ ਢਕਿਆ ਹੋਇਆ ਸੀ ਅਤੇ ਪਖਾਨਿਆਂ ਦੀਆਂ ਅੰਡਰਗਰਾਊਂਡ ਪਾਈਪਾਂ ਸਿੱਧੀਆਂ ਇਸੇ ਬੋਰ ਨਾਲ ਜੋੜੀਆਂ ਹੋਈਆਂ ਸਨ। ਵਿਭਾਗ ਨੇ ਮੌਕੇ ‘ਤੇ ਹੀ ਨਵਾਂ ਬੋਰ ਕਰਨ ਆਈ ਮਸ਼ੀਨ ਨੂੰ ਵਾਪਿਸ ਭੇਜ ਦਿੱਤਾ।
ਚੇਅਰਮੈਨ ਦਾ ਹੈਰਾਨੀਜਨਕ ਖੁਲਾਸਾ
ਮੀਡੀਆ ਨਾਲ ਗੱਲਬਾਤ ਕਰਦਿਆਂ ਸਕੂਲ ਦੇ ਚੇਅਰਮੈਨ ਨੇ ਖੁਦ ਮੰਨਿਆ ਕਿ ਪਿਛਲੇ ਕਰੀਬ ਡੇਢ ਸਾਲ ਤੋਂ ਸੀਵਰੇਜ ਦਾ ਗੰਦਾ ਪਾਣੀ ਇਸੇ ਬੋਰ ਰਾਹੀਂ ਧਰਤੀ ਹੇਠਾਂ ਭੇਜਿਆ ਜਾ ਰਿਹਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਚੇਅਰਮੈਨ ਮੁਤਾਬਕ ਸਕੂਲ ਵਿੱਚ ਬੱਚਿਆਂ ਦੇ ਪੀਣ ਵਾਲੇ ਪਾਣੀ ਦੇ ਬੋਰ ਦੀ ਡੂੰਘਾਈ 240 ਫੁੱਟ ਹੈ, ਜਦਕਿ ਉਸ ਦੇ ਬਿਲਕੁਲ ਨਜ਼ਦੀਕ ਬਣਾਏ ਗਏ ਸੀਵਰੇਜ ਵਾਲੇ ਬੋਰ ਦੀ ਡੂੰਘਾਈ 260 ਫੁੱਟ ਹੈ। ਇਸ ਖੁਲਾਸੇ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਸਕੂਲ ਵਿੱਚ ਪੜ੍ਹਦੇ ਮਾਸੂਮ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਪਾਣੀ ਪਿਲਾਇਆ ਜਾ ਰਿਹਾ ਸੀ।
ਬੋਰਡ ਵੱਲੋਂ ਬੋਰ ਬੰਦ
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਗੰਦੇ ਪਾਣੀ ਵਾਲੇ ਬੋਰ ਨੂੰ ਬੱਜਰੀ ਅਤੇ ਮਿੱਟੀ ਪਵਾ ਕੇ ਤੁਰੰਤ ਪ੍ਰਭਾਵ ਨਾਲ ਬੰਦ ਕਰਵਾ ਦਿੱਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਪੂਰੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ, ਜਿਸ ਦੇ ਅਧਾਰ ‘ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੂਜੇ ਪਾਸੇ, ਪਿੰਡ ਵਾਸੀਆਂ ਵਿੱਚ ਇਸ ਘਿਨਾਉਣੀ ਹਰਕਤ ਨੂੰ ਲੈ ਕੇ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਮਾਸੂਮ ਬੱਚਿਆਂ ਦੀ ਜ਼ਿੰਦਗੀ ਖ਼ਤਰੇ ਵਿੱਚ ਪਾਉਣ ਅਤੇ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਕਰਨ ਦੇ ਦੋਸ਼ ਵਿੱਚ ਸਕੂਲ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਮੁਕੱਦਮਾ ਦਰਜ ਕੀਤਾ ਜਾਵੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਮਾਨਸਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ: 2 ਨੌਜਵਾਨਾਂ ਦੀ ਮੌਤ, 1 ਗੰਭੀਰ ਜ਼ਖਮੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



