ਦੁਬਈ (ਇੰਟ.)- ਸੋਸ਼ਲ ਮੀਡੀਆ ‘ਤੇ ਇਨੀਂ ਦਿਨੀਂ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਵਿਦੇਸ਼ ਵਿਚ ਫਸੇ ਕੁਝ ਨੌਜਵਾਨ ਖੁਦ ਨੂੰ ਸਰਕਾਰ ਪਾਸੋਂ ਬਚਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਵੀਡੀਓ ਵਿਚ ਇਹ ਨੌਜਵਾਨ ਖੁਦ ਨੂੰ ਗੁਰਦਾਸਪੁਰ ਅਤੇ ਪਠਾਨਕੋਟ ਨਾਲ ਸਬੰਧਿਤ ਦੱਸ ਰਹੇ ਹਨ ਅਤੇ ਇਨ੍ਹਾਂ ਨੌਜਵਾਨਾਂ ਦੀ ਕੁਲ ਗਿਣਤੀ ਤਕਰੀਬਨ 30 ਹੈ, ਜੋ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਉਨ੍ਹਾਂ ਕੋਲੋਂ ਟ੍ਰੈਵਲ ਏਜੰਟਾਂ ਨੇ ਲੱਖਾਂ ਰੁਪਏ ਦੇ ਹਿਸਾਬ ਨਾਲ ਰੁਪਏ ਲਏ ਅਤੇ ਇਥੇ ਸਾਊਦੀ ਅਰਬ ਵਿਚ ਕੰਮ ਕਰਨ ਲਈ ਭੇਜ ਦਿੱਤਾ ਪਰ ਟਰੈਵਲ ਏਜੰਟਾਂ ਦੇ ਵਾਅਦਿਆਂ ਅਨੁਸਾਰ ਨਾ ਤਾਂ ਉਨ੍ਹਾਂ ਨੂੰ ਉੱਥੇ ਕੋਈ ਕੰਮ ਮਿਲਿਆ ਤੇ ਨਾ ਹੀ ਉਨ੍ਹਾਂ ਕੋਲ ਰੋਟੀ ਲਈ ਪੈਸੇ ਹਨ।
ਇਹ ਵੀ ਪੜ੍ਹੋ- ਨੈਸ਼ਨਲ SC ਕਮਿਸ਼ਨ ਨੇ ਪੰਜਾਬ ਦੇ ਚੀਫ ਸਕੱਤਰ ਨੂੰ ਕੀਤਾ ਦਿੱਲੀ ਤਲਬ
ਵੀਡੀਓ ਵਿਚ ਨਜ਼ਰ ਆ ਰਹੇ ਨੌਜਵਾਨਾਂ ਦਾ ਦੋਸ਼ ਹੈ ਕਿ ਉਹ ਦੀਨਾਨਗਰ ਤੇ ਗੁਰਦਾਸਪੁਰ ਦੇ ਏਜੰਟਾਂ ਨੂੰ ਲੱਖਾਂ ਰੁਪਏ ਦੇ ਕੇ ਦੁਬਈ ਪਹੁੰਚੇ ਸਨ। ਏਜੰਟਾਂ ਨੇ ਉਨ੍ਹਾਂ ਨੂੰ ਵਰਕ ਪਰਮਿਟ ਵੀਜ਼ਾ ਦੇ ਕੇ ਦੁਬਈ ਭੇਜਿਆ ਸੀ। ਸ਼ਾਰਜਾਹ ਤੋਂ ਭੇਜੀ ਗਈ ਇਸ ਵੀਡੀਓ ਵਿੱਚ ਨੌਜਵਾਨਾਂ ਨੇ ਦੱਸਿਆ ਕਿ ਉੱਥੇ ਪਹੁੰਚੇ ਉਨ੍ਹਾਂ ਨੂੰ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਹੁਣ ਤੱਕ ਨਾ ਤਾਂ ਕਿਸੇ ਕੰਪਨੀ ਦੇ ਅਧਿਕਾਰੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਤੇ ਨਾ ਹੀ ਕੋਈ ਕੰਮ ਮਿਲਿਆ ਹੈ। ਉਨ੍ਹਾਂ ਵਿੱਚੋਂ ਬਹੁਤ ਸਾਰੇ ਨੌਜਵਾਨ ਬਿਮਾਰ ਵੀ ਹਨ। ਉਨ੍ਹਾਂ ਕੋਲ ਕੋਈ ਦਸਤਾਵੇਜ਼ ਨਾ ਹੋਣ ਕਾਰਨ ਉਹ ਬਾਹਰ ਜਾ ਕੇ ਦਵਾਈ ਵੀ ਨਹੀਂ ਲੈ ਸਕ ਰਹੇ ਹਨ। ਇਸ ਸਬੰਧੀ ਗੁਰਦਾਸਪੁਰ ਤੋਂ ਐੱਸ.ਐੱਸ.ਪੀ. ਨਾਨਕ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।




