ਅਜਨਾਲਾ : ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਅਜਨਾਲਾ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਰੋਜ਼ੀ-ਰੋਟੀ ਦੀ ਖਾਤਰ ਅਤੇ ਪਰਿਵਾਰ ਦੇ ਸੁਨਹਿਰੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਅਜਨਾਲਾ ਦੇ ਨੌਜਵਾਨ ਪਲਵਿੰਦਰ ਸਿੰਘ ਦੀ ਬੁਲਗਾਰੀਆ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਹੋ ਗਈ। ਨੌਜਵਾਨ ਦੀ ਮ੍ਰਿਤਕ ਦੇਹ ਜਿਉਂ ਹੀ ਉਸ ਦੇ ਜੱਦੀ ਪਿੰਡ ਅਜਨਾਲਾ ਵਿਖੇ ਪਹੁੰਚੀ, ਤਾਂ ਪੂਰੇ ਇਲਾਕੇ ਵਿੱਚ ਮਾਤਮ ਛਾ ਗਿਆ ਅਤੇ ਨਮ ਅੱਖਾਂ ਨਾਲ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਘਰ ਦੇ ਸੁਧਾਰ ਲਈ ਗਿਆ ਸੀ ਬਾਹਰ
ਮਿਲੀ ਜਾਣਕਾਰੀ ਅਨੁਸਾਰ, ਪਲਵਿੰਦਰ ਸਿੰਘ ਕਰੀਬ ਇੱ ਕ ਸਾਲ ਪਹਿਲਾਂ ਹੀ ਆਪਣੇ ਘਰ ਦੀ ਗਰੀਬੀ ਦੂਰ ਕਰਨ ਅਤੇ ਆਰਥਿਕ ਹਾਲਤ ਨੂੰ ਸੁਧਾਰਨ ਲਈ ਬੁਲਗਾਰੀਆ (ਯੂਰਪ) ਗਿਆ ਸੀ। ਪਰਿਵਾਰ ਨੂੰ ਆਸ ਸੀ ਕਿ ਪਲਵਿੰਦਰ ਵਿਦੇਸ਼ ਜਾ ਕੇ ਉਨ੍ਹਾਂ ਦੇ ਦਿਨ ਬਦਲੇਗਾ, ਪਰ ਕਿਸਮਤ ਨੂੰ ਕੁਝ ਹੋਰ ਹੀ ਮੰਜ਼ੂਰ ਸੀ। ਦੱਸਿਆ ਜਾ ਰਿਹਾ ਹੈ ਕਿ ਬੁਲਗਾਰੀਆ ਵਿੱਚ ਕੰਮ ਦੌਰਾਨ ਜਦੋਂ ਉਹ ਇੱਕ ਬੱਸ ਦੇ ਨੇੜੇ ਖੜ੍ਹਾ ਸੀ, ਤਾਂ ਅਚਾਨਕ ਵਾਪਰੇ ਇੱਕ ਬੇਕਾਬੂ ਸੜਕ ਹਾਦਸੇ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪਰਿਵਾਰ ਉੱਤੇ ਡੱਗਿਆ ਦੁੱਖਾਂ ਦਾ ਪਹਾੜ
ਨੌਜਵਾਨ ਪੁੱਤ ਦੀ ਅਚਾਨਕ ਹੋਈ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਪਲਵਿੰਦਰ ਬਹੁਤ ਹੀ ਮਿਹਨਤੀ ਅਤੇ ਹੱਸਮੁੱਖ ਸੁਭਾਅ ਦਾ ਸੀ, ਜੋ ਪਰਿਵਾਰ ਨੂੰ ਚੰਗੀ ਜ਼ਿੰਦਗੀ ਦੇਣ ਲਈ ਸੱਤ ਸਮੁੰਦਰ ਪਾਰ ਗਿਆ ਸੀ। ਪਰਿਵਾਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਜਿਸ ਪੁੱਤ ਨੂੰ ਉਨ੍ਹਾਂ ਨੇ ਚਾਅਵਾਂ ਨਾਲ ਵਿਦੇਸ਼ ਤੋਰਿਆ ਸੀ, ਉਸ ਦੀ ਲਾਸ਼ ਇਸ ਤਰ੍ਹਾਂ ਬਾਕਸ ਵਿੱਚ ਬੰਦ ਹੋ ਕੇ ਵਾਪਸ ਆਵੇਗੀ। ਇਸ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਗਮਗੀਨ ਮਾਹੌਲ ਬਣਿਆ ਹੋਇਆ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


