ਗੁਰਦਾਸਪੁਰ: ਪਿੰਡ ਕਲੇਰ ਖੁਰਦ ਦੀ ਇੱਕ ਮਹਿਲਾ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਣੀ ਨਾਂ ਦੀ ਇਹ ਮਹਿਲਾ ਪਿਛਲੇ ਕਰੀਬ 10 ਦਿਨਾਂ ਤੋਂ ਆਪਣੇ ਘਰ ਨਹੀਂ ਪਰਤੀ, ਜਿਸ ਕਾਰਨ ਪਰਿਵਾਰ ਵਿੱਚ ਡੂੰਘਾ ਸਦਮਾ ਅਤੇ ਚਿੰਤਾ ਦਾ ਮਾਹੌਲ ਹੈ। ਪੀੜਤ ਪਰਿਵਾਰ ਨੇ ਪੁਲਿਸ ‘ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਇਨਸਾਫ਼ ਦੀ ਗੁਹਾਰ ਲਗਾਈ ਹੈ।
ਬੇਟੇ ਦਾ ਇਲਜ਼ਾਮ: ‘ਮਾਂ ਨਾਲ ਹੋਈ ਕੋਈ ਵੱਡੀ ਅਣਹੋਣੀ’
ਮਹਿਲਾ ਦੇ ਬੇਟੇ ਸੁਖਮਨਪ੍ਰੀਤ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਸਦੀ ਮਾਂ ਪਿੰਡ ਦੇ ਹੀ ਇੱਕ ਵਿਅਕਤੀ ਦੇ ਘਰ ਕਮੇਟੀ ਦੀ ਬੋਲੀ ਦਾ ਸੱਦਾ ਦੇਣ ਗਈ ਸੀ, ਪਰ ਉਸ ਤੋਂ ਬਾਅਦ ਉਹ ਵਾਪਸ ਨਹੀਂ ਪਰਤੀ। ਸੁਖਮਨਪ੍ਰੀਤ ਨੇ ਸ਼ੱਕ ਜਤਾਇਆ ਹੈ ਕਿ ਜਿਸ ਵਿਅਕਤੀ ਦੇ ਘਰ ਉਸਦੀ ਮਾਂ ਗਈ ਸੀ, ਉੱਥੇ ਹੀ ਉਸ ਨਾਲ ਕੋਈ ਗਲਤ ਕਾਰਾ ਹੋਇਆ ਹੈ। ਉਸਨੇ ਦਾਅਵਾ ਕੀਤਾ ਕਿ ਸ਼ੱਕ ਦੇ ਘੇਰੇ ਵਿੱਚ ਆਇਆ ਵਿਅਕਤੀ ਫਿਲਹਾਲ ਘਰੋਂ ਫਰਾਰ ਹੈ। ਪਰਿਵਾਰ ਨੂੰ ਡਰ ਹੈ ਕਿ ਰਾਣੀ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ ਹੈ।
ਸਮਝੌਤੇ ਲਈ ਦਬਾਅ ਬਣਾਉਣ ਦਾ ਦੋਸ਼
ਪੀੜਤ ਬੇਟੇ ਨੇ ਇਹ ਵੀ ਦੋਸ਼ ਲਾਇਆ ਹੈ ਕਿ ਦੂਜੀ ਧਿਰ ਵੱਲੋਂ ਉਨ੍ਹਾਂ ‘ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਪੈਸੇ ਲੈ ਕੇ ਇਸ ਮਾਮਲੇ ਨੂੰ ਰਫਾ-ਦਫਾ ਕਰ ਲੈਣ ਅਤੇ ਸਮਝੌਤਾ ਕਰ ਲੈਣ। ਸੁਖਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਪੈਸੇ ਨਹੀਂ, ਸਗੋਂ ਆਪਣੀ ਮਾਂ ਲਈ ਇਨਸਾਫ਼ ਚਾਹੁੰਦੇ ਹਨ ਅਤੇ ਉਹ ਪੁਲਿਸ ਤੋਂ ਮੰਗ ਕਰਦੇ ਹਨ ਕਿ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ।
ਪੁਲਿਸ ਦਾ ਕੀ ਕਹਿਣਾ ਹੈ?
ਇਸ ਮਾਮਲੇ ਵਿੱਚ ਪੁਲਿਸ ਚੌਕੀ ਇੰਚਾਰਜ ਅਤੇ ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਲਾਪਤਾ ਮਹਿਲਾ ਸਬੰਧੀ ਸ਼ਿਕਾਇਤ ਮਿਲ ਚੁੱਕੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਾਪਤ ਸ਼ਿਕਾਇਤ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।



