ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਰੂਸ ਵਿਚ ਸੰਵਿਧਾਨ ਸੋਧ ਲਈ ਕਰਵਾਈ ਗਈ ਵੋਟਿੰਗ ਉੱਥੋਂ ਦੇ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਲਈ ਇਕ ਵੱਡੀ ਖੁਸ਼ਖਬਰੀ ਲੈ ਕੇ ਆਈ ਹੈ। ਦਰਅਸਲ ਰੂਸ ਦੀ ਜਨਤਾ ਨੇ ਸੰਵਿਧਾਨ ਸੋਧ ਲਈ ਕਰਵਾਈ ਗਈ ਵੋਟਿੰਗ ਵਿਚ ਪੁਤੀਨ ਦੀ ਦਾਵੇਦਾਰੀ ਨੂੰ ਆਪਣਾ ਸਮਰੱਥਨ ਦੇ ਦਿੱਤਾ ਹੈ ਜਿਸ ਨਾਲ ਪੁਤੀਨ 2036 ਤੱਕ ਰੂਸ ਦੇ ਰਾਸ਼ਟਰਪਤੀ ਦੀ ਕੁਰਸੀ ਉੱਤੇ ਕਾਬਜ਼ ਰਹਿਣਗੇ।
ਮੀਡੀਆ ਰਿਪੋਰਟਾਂ ਅਨੁਸਾਰ ਹਾਲ ‘ਚ ਹੀ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ 2036 ਤੱਕ ਅਹੁੱਦੇ ਉੱਤੇ ਬਣੇ ਰਹਿਣ ਲਈ ਸੰਵਿਧਾਨ ਸੋਧ ਐਕਟ ਉੱਤੇ ਜਨਤਾ ਦੀ ਰਾਏ ਮੰਗੀ ਗਈ ਸੀ ਅਤੇ ਇਸ ਵੋਟਿੰਗ ਵਿਚ ਜਨਤਾ ਨੇ ਸੰਵਿਧਾਨ ਸੋਧ ਨੂੰ ਮੰਜੂਰੀ ਦਿੱਤੀ ਹੈ। ਹਾਲਾਂਕਿ ਇਹ ਵੋਟਿੰਗ ਕੋਰੋਨਾ ਸੰਕਟ ਅਤੇ ਵਿਰੋਧ ਕਰਕੇ ਬਹੁਤ ਹੀ ਹੋਲੀ ਚੱਲੀ ਤੇ ਸੱਤ ਦਿਨਾਂ ਬਾਅਦ ਬੁੱਧਵਾਰ ਨੂੰ ਜਾ ਕੇ ਸਮਾਪਤ ਹੋਈ ਹੈ। ਸੰਵਿਧਾਨ ਸੋਧ ਕਾਨੂੰਨ ਦੇ ਜਰੀਏ ਪੁਤੀਨ ਦਾ ਵਰਤਮਾਨ ਕਾਰਜਕਾਰਲ ਸਮਾਪਤ ਹੋਣ ਮਗਰੋਂ ਉਨ੍ਹਾਂ ਨੂੰ ਛੇ-ਛੇ ਸਾਲ ਦੇ ਦੋ ਹੋਰ ਕਾਰਜਕਾਲ ਲਈ ਰਾਸ਼ਟਰਪਤੀ ਅਹੁੱਦਾ ਮਿਲੇਗਾ। ਉੱਥੇ ਹੀ ਇਸ ਵੋਟਿੰਗ ਨੂੰ ਲੈ ਕੇ ਰਾਸ਼ਟਰਪਤੀ ਪੁਤੀਨ ਨੂੰ ਆਪਣੀ ਵਿਰੋਧੀ ਪਾਰਟੀਆਂ ਦਾ ਵਿਰੋਧ ਵੀ ਝੱਲਣਾ ਪਿਆ ਹੈ। ਵਿਰੋਧੀਆਂ ਦਾ ਆਰੋਪ ਹੈ ਕਿ ਵੋਟਾਂ ਵਿਚ ਗੜਬੜੀ ਹੋਈ ਹੈ ਅਤੇ ਪੁਤੀਨ ਜ਼ਿੰਦਗੀ ਭਰ ਲਈ ਰਾਸ਼ਟਰਪਤੀ ਬਣੇ ਰਹਿਣਾ ਚਾਹੁੰਦੇ ਹਨ। ਇਲਜ਼ਾਮ ਇਹ ਵੀ ਹੈ ਕਿ ਪੁਤੀਨ ਨੂੰ ਆਪਣੇ ਨੇੜਲੇ ਲੀਡਰਾਂ ਦਾ ਵਿਸ਼ਵਾਸ ਹਾਸਲ ਨਹੀਂ ਹੈ ਅਤੇ ਉਹ ਭਵਿੱਖ ਨੂੰ ਲੈ ਕੇ ਉਹ ਚਿੰਤਿਤ ਹਨ ਜਿਸ ਕਰਕੇ ਉਨ੍ਹਾਂ ਨੇ ਇਹ ਵੋਟਿੰਗ ਕਰਵਾਈ ਹੈ। ਦੱਸ ਦਈਏ ਕਿ ਰਾਸ਼ਟਰਪਤੀ ਪੁਤੀਨ ਸਾਲ 2 ਹਜ਼ਾਰ ਵਿਚ ਹੀ ਰੂਸ ਦੀ ਸੱਤਾ ਵਿਚ ਆ ਗਏ ਸਨ ਅਤੇ ਉਦੋਂ ਤੋਂ ਹੀ ਉਨ੍ਹਾਂ ਦਾ ਰੂਸ ਵਿਚ ਸਿੱਕਾ ਚੱਲ ਰਿਹਾ ਹੈ। ਹੁਣ ਸੰਵਿਧਾਨ ਸੋਧ ਜਰੀਏ ਉਹ 2036 ਤੱਕ ਰਾਸ਼ਟਰਪਤੀ ਬਣੇ ਰਹਿਣਗੇ।

