ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਦੇ ਗੁਆਂਢੀ ਦੇਸ਼ ਮਿਆਂਮਾਰ ਤੋਂ ਅੱਜ ਵੀਰਵਾਰ ਨੂੰ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਥੇ ਇਕ ਜੈਡ ਖਦਾਨ ਵਿਚ ਜ਼ਮੀਨ ਖਿਸਕਣ ਕਰਕੇ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਹੋਰ 100 ਤੋਂ ਜ਼ਿਆਦਾ ਲੋਕਾਂ ਦੇ ਦਬੇ ਹੋਣ ਦਾ ਅਨੁਮਾਨ ਜਤਾਇਆ ਜਾ ਰਿਹਾ ਹੈ। ਉੱਥੇ ਹੀ ਘਟਨਾ ਸਥਾਨ ਤੋਂ ਮ੍ਰਿਤਕ ਦੇਹਾਂ ਅਤੇ ਉਸ ਵਿਚ ਫਸੇ ਹੋਏ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਕਾਚਿਨ ਸੂਬੇ ਦੇ ਜੈਡ ਨਾਲ ਭਰੇ ਹਾਪਕਾਂਤ ਖੇਤਰ ਵਿਚ ਮਾਈਨਿੰਗ ਕਰਮਚਾਰੀ ਜੈਡ ਪੱਥਰਾਂ ਨੂੰ ਇੱਕਠਾ ਕਰ ਰਹੇ ਸਨ। ਇਸ ਦੌਰਾਨ ਇੱਥੇ ਭਾਰੀ ਬਾਰਿਸ਼ ਸ਼ੁਰੂ ਹੋ ਗਈ ਜਿਸ ਦੇ ਕਾਰਨ ਜ਼ਮੀਨ ਖਿਸਕ ਗਈ ਅਤੇ ਮਜ਼ਦੂਰ ਉਸਦੇ ਹੇਠਾਂ ਦੱਬ ਗਏ। ਇਸ ਘਟਨਾ ਤੋਂ ਬਾਅਦ ਤੁਰੰਤ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਅਤੇ ਹੁਣ ਤੱਕ 113 ਲਾਸ਼ਾਂ ਨੂੰ ਕੱਢਿਆ ਜਾ ਚੁੱਕਿਆ ਹੈ। ਰਾਹਤ ਕਾਰਜ ਅਜੇ ਜਾਰੀ ਅਤੇ ਦਲਦਲ ਵਿਚ ਦਬੇ ਮਜ਼ਦੂਰਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਰਿਪੋਰਟਾਂ ਅਨੁਸਾਰ ਮਜ਼ਦੂਰ 200-250 ਫੀਟ ਦੀ ਉਚਾਈ ਉੱਤੇ ਕੰਮ ਕਰ ਰਹੇ ਸਨ, ਜਦੋਂ ਇਹ ਹਾਦਸਾ ਵਾਪਰ ਗਿਆ। ਇਨ੍ਹਾਂ ਵਿਚੋਂ ਕੁੱਝ ਮਜ਼ਦੂਰਾਂ ਦੀ ਮੌਤ ਤਾਂ ਖਦਾਨ ਦੇ ਨਜ਼ਦੀਕ ਬਾਰਿਸ਼ ਨਾਲ ਭਰੇ ਪਾਣੀ ਵਿਚ ਡੁੱਬ ਕੇ ਹੀ ਹੋ ਗਈ ਹੈ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ਵਿਚ 200 ਲੋਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ। ਉੱਥੇ ਹੀ ਭਾਰੀ ਬਾਰਿਸ਼ ਕਾਰਨ ਇਹ ਰੈਸਕਿਊ ਆਪ੍ਰੇਸ਼ਨ ਚਲਾਉਣ ਵਿਚ ਪਰੇਸ਼ਾਨੀ ਹੋ ਰਹੀ ਹੈ। ਦੱਸ ਦਈਏ ਕਿ ਹਾਪਕਾਂਤ ਦੀਆਂ ਮਾੜੀ ਨਿਯਮਿਤ ਖਾਣਾਂ ਵਿਚ ਘਾਤਕ ਜ਼ਮੀਨ ਖਿਸਕਣਾ ਅਤੇ ਹੋਰ ਹਾਦਸੇ ਆਮ ਹਨ। ਅਗਸਤ 2019 ਵਿਚ ਦੱਖਣੀ-ਪੂਰਬੀ ਮਿਆਂਮਾਰ ਵਿਚ ਜ਼ਮੀਨ ਖਿਸਕਣ ਨਾਲ ਹੋਏ ਇਕ ਹਾਦਸੇ ਨੇ 59 ਲੋਕਾਂ ਦੀ ਜਾਨ ਲੈ ਲਈ ਸੀ।

