ਹੈਦਰਾਬਾਦ : ਦੱਖਣੀ ਭਾਰਤ ਦੇ ਦੋ ਵੱਖ-ਵੱਖ ਰਾਜਾਂ ਤੋਂ ਦਿਲ ਕੰਬਾਊ ਹਾਦਸਿਆਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਵਾਪਰੇ ਇਨ੍ਹਾਂ ਦੋ ਵੱਡੇ ਹਾਦਸਿਆਂ ਦੌਰਾਨ ਕੁੱਲ 8 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਪਹਿਲੀ ਘਟਨਾ ਆਂਧਰਾ ਪ੍ਰਦੇਸ਼ ਦੇ ਐਲੁਰੂ ਜ਼ਿਲ੍ਹੇ ਵਿੱਚ ਟ੍ਰੇਨ ਹਾਦਸੇ ਦੀ ਹੈ, ਜਿੱਥੇ ਤਿੰਨ ਔਰਤਾਂ ਸਮੇਤ ਚਾਰ ਲੋਕਾਂ ਦੀ ਜਾਨ ਚਲੀ ਗਈ। ਦੂਜੀ ਘਟਨਾ ਤੇਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ਵਿੱਚ ਹਾਈਵੇਅ ‘ਤੇ ਵਾਪਰੀ, ਜਿੱਥੇ ਇੱਕ ਨਿੱਜੀ ਟ੍ਰੈਵਲ ਬੱਸ ਨੇ ਕਾਰ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਇੱਕੋ ਪਰਿਵਾਰ ਦੇ ਮੈਂਬਰਾਂ ਸਮੇਤ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਖ਼ੁਦਕੁਸ਼ੀ ਜਾ ਹਾਦਸਾ?
ਆਂਧਰਾ ਪ੍ਰਦੇਸ਼ ਦੇ ਐਲੁਰੂ ਜ਼ਿਲ੍ਹੇ ਦੇ ਉਂਗੁਟੁਰ ਮੰਡਲ ਦੇ ਚੇਬਰੋਲ ਇਲਾਕੇ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਭਿਆਨਕ ਟ੍ਰੇਨ ਹਾਦਸਾ ਵਾਪਰਿਆ। ਚੇਰਲਾਪੱਲੀ-ਸ਼ਾਲੀਮਾਰ ਸਪੈਸ਼ਲ ਟ੍ਰੇਨ ਦੀ ਚਪੇਟ ਵਿੱਚ ਆਉਣ ਕਾਰਨ ਇੱਕ ਪੁਰਸ਼ ਅਤੇ ਤਿੰਨ ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸਾ ਐਨਾ ਖ਼ੌਫ਼ਨਾਕ ਸੀ ਕਿ ਚਾਰਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਖ਼ਰਾਬ ਹੋ ਗਈਆਂ, ਜਿਸ ਕਾਰਨ ਤੁਰੰਤ ਪਛਾਣ ਕਰਨਾ ਅਸੰਭਵ ਹੋ ਗਿਆ। ਸੂਚਨਾ ਮਿਲਣ ‘ਤੇ ਤਾਡੇਪੱਲੀਗੁਡੇਮ ਜੀ.ਆਰ.ਪੀ. (ਰੇਲਵੇ ਪੁਲਿਸ) ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਮ੍ਰਿਤਕਾਂ ਦੀ ਉਮਰ 30 ਤੋਂ 35 ਸਾਲ ਦੇ ਵਿਚਕਾਰ ਹੈ ਅਤੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਚਾਰੇ ਇੱਕੋ ਪਰਿਵਾਰ ਦੇ ਸਨ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਸਮੂਹਿਕ ਖ਼ੁਦਕੁਸ਼ੀ ਕੀਤੀ ਹੈ।
ਮੋਬਾਈਲ ਰਾਹੀਂ ਪਛਾਣ ਦੀ ਕੋਸ਼ਿਸ਼
ਪੁਲਿਸ ਨੂੰ ਘਟਨਾ ਸਥਾਨ ਦੀ ਤਲਾਸ਼ੀ ਦੌਰਾਨ ਇੱਕ ਔਰਤ ਦੇ ਕੋਲੋਂ ‘ਸ਼ੇਖ ਹਸੀਨਾ’ ਦੇ ਨਾਮ ਦਾ ਇੱਕ ਏ.ਟੀ.ਐਮ. (ATM) ਕਾਰਡ ਮਿਲਿਆ ਹੈ। ਇਸ ਤੋਂ ਇਲਾਵਾ ਇੱਕ ਹੋਰ ਔਰਤ ਕੋਲੋਂ ਤਾਡੇਪੱਲੀਗੁਡੇਮ ਆਰ.ਟੀ.ਸੀ. ਡਿਪੋ ਦੀ ਬਾਈਕ ਪਾਰਕਿੰਗ ਦੀ ਪਰਚੀ ਬਰਾਮਦ ਹੋਈ ਹੈ। ਮੌਕੇ ਤੋਂ ਦੋ ਮੋਬਾਈਲ ਫ਼ੋਨ ਵੀ ਮਿਲੇ ਹਨ, ਪਰ ਉਹ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਰੇਲਵੇ ਪੁਲਿਸ ਹੁਣ ਮੋਬਾਈਲਾਂ ਦੇ ਸਿਮ ਕਾਰਡਾਂ ਦਾ ਡਾਟਾ ਕਢਵਾ ਕੇ ਮ੍ਰਿਤਕਾਂ ਦੀ ਅਸਲ ਪਛਾਣ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਤਾਡੇਪੱਲੀਗੁਡੇਮ ਦੇ ਖੇਤਰੀ ਹਸਪਤਾਲ ਭੇਜ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਤਨੀ ਅਤੇ ਬੱਚਿਆਂ ਸਮੇਤ 4 ਦੀ ਮੌਤ
ਦੂਜਾ ਦਰਦਨਾਕ ਹਾਦਸਾ ਐਤਵਾਰ ਤੜਕੇ ਤੇਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ਵਿੱਚ ਹੈਦਰਾਬਾਦ-ਵਿਜੇਵਾੜਾ ਰਾਸ਼ਟਰੀ ਰਾਜਮਾਰਗ ‘ਤੇ ਚਿੱਤਿਆਲ ਮੰਡਲ ਦੇ ਪਿੰਡ ਪੇਡਾਕਾਰਪਾਰਤੀ ਨੇੜੇ ਵਾਪਰਿਆ। ਇੱਥੇ ਓਡੀਸ਼ਾ ਦੀ ਇੱਕ ਨਿੱਜੀ ਟ੍ਰੈਵਲ ਏਜੰਸੀ ਦੀ ਤੇਜ਼ ਰਫ਼ਤਾਰ ਬੱਸ ਨੇ ਅੱਗੇ ਜਾ ਰਹੀ ਇੱਕ ਕਾਰ ਨੂੰ ਪਿੱਛੋਂ ਬੇਰਹਿਮੀ ਨਾਲ ਟੱਕਰ ਮਾਰ ਦਿੱਤੀ। ਟੱਕਰ ਐਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਾਰ ਚਲਾ ਰਿਹਾ ਸ਼ਖਸ ਵੀ.ਵੀ. ਪ੍ਰਸਾਦ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮ੍ਰਿਤਕਾਂ ਵਿੱਚ ਪ੍ਰਸਾਦ ਦੀ ਪਤਨੀ, ਪੁੱਤਰ, ਧੀ ਅਤੇ ਉਨ੍ਹਾਂ ਦਾ ਇੱਕ ਦੋਸਤ ਸ਼ਾਮਲ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

