ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤੀ ਕ੍ਰਿਕਟ ਦੇ ਖਿਡਾਰੀਆਂ ਦੀ ਜਿੰਦਗੀ ਵਿੱਚ ਹਾਰ-ਜਿੱਤ ਤਾਂ ਚਲਦੀ ਰਹਿੰਦੀ ਹੈ। ਭਾਰਤੀ ਕ੍ਰਿਕਟ ਕਿਸੇ ਵੀ ਖਿਡਾਰੀ ਨੂੰ ਫਰਸ਼ ਤੋਂ ਅਰਸ਼ ‘ਤੇ ਅਤੇ ਅਰਸ਼ ਤੋਂ ਫਰਸ਼ ‘ਤੇ ਕਿਸ ਸਮੇਂ ਵੀ ਪਹੁੰਚਾ ਸਕਦੀ ਹੈ। ਭਾਰਤੀ ਕ੍ਰਿਕਟ ਵਿੱਚ ਕਦੇ ਵੀ ਖਿਡਾਰੀ ਦਾ ਕਰੀਅਰ ਸਥਿਰ ਨਹੀ ਰਹਿੰਦਾ। ਭਾਰਤੀ ਕ੍ਰਿਕਟ ਨੇ ਕਈ ਖਿਡਾਰੀਆਂ ਨੂੰ ਨਾਮ ਦੇ ਨਾਲ ਸ਼ੋਹਰਤ ਵੀ ਕਾਫੀ ਦਿੱਤੀ ਹੈ ਪਰ ਜਦੋਂ ਕਿਸੇ ਖਿਡਾਰੀ ਦੀ ਸ਼ੋਹਰਤ ਮੱਠੀ ਪੈਣੀ ਸ਼ੁਰੂ ਹੁੰਦੀ ਹੈ ਤਾਂ ਖਿਡਾਰੀ ਅਕਸਰ ਹੀ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਦਾ ਹੈ। ਇਸੇ ਤਰ੍ਹਾਂ ਦਾ ਹੀ ਕੁਝ ਵਾਪਰਿਆ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਗੇਂਦਬਾਜ਼ ਪ੍ਰਵੀਨ ਕੁਮਾਰ ਨਾਲ।
ਪ੍ਰਵੀਨ ਕੁਮਾਰ ਨੇ ਇੱਕ ਇੰਟਰਵਿਊ ਵਿੱਚ ਇਹ ਖੁਲਾਸਾ ਕੀਤਾ ਹੈ ਕਿ, ਕਿਸੇ ਵੇਲੇ ਉਹ ਭਾਰੀ ਮਾਨਸਿਕ ਤਣਾਅ ਦੇ ਸ਼ਿਕਾਰ ਰਹੇ ਸਨ। ਪ੍ਰਵੀਨ ਨੇ ਦੱਸਿਆ ਕਿ, ਇੱਕ ਵਾਰ ਉਨ੍ਹਾਂ ਨੇ ਪਿਸਤੌਲ ਲੈ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਫਿਰ ਪਰਿਵਾਰ ਦੀ ਤਸਵੀਰ ਨੂੰ ਦੇਖ ਉਨ੍ਹਾਂ ਨੇ ਇਸ ਸੰਬੰਧੀ ਨਿਰਣਾ ਬਦਲ ਲਿਆ। ਪ੍ਰਵੀਨ ਕੁਮਾਰ ਮੁਤਾਬਿਕ ਕ੍ਰਿਕਟਰ ਅਕਸਰ ਇਸ ਤਰ੍ਹਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਵਿਚੋਂ ਗੁਜ਼ਰਦੇ ਹਨ। ਉਨ੍ਹਾਂ ਕਿਹਾ ਕਿ, ਕਰੀਅਰ ਦੀ ਚਿੰਤਾ ਹਰ ਇੱਕ ਨੂੰ ਹੁੰਦੀ ਹੈ ਪਰ ਖੇਡ ਦੇ ਇੱਕ ਸੁਨਿਹਰੀ ਦੌਰ ਵਿਚੋਂ ਅਚਾਨਕ ਗੁੰਮਨਾਮੀ ਵਿੱਚ ਆ ਜਾਣ ਨਾਲ ਕਿਤੇ ਨਾ ਕਿਤੇ ਹਰ ਕਿਸੇ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੱਸ ਦਈਏ ਕਿ, ਭਾਰਤ ਵਲੋਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਨਵੰਬਰ 2007 ‘ਚ ਪਾਕਿਸਤਾਨ ਵਿਰੁੱਧ ਪ੍ਰਵੀਨ ਕੁਮਾਰ ਨੇ ਪਹਿਲਾ ਇੱਕ ਰੋਜਾ ਮੈਚ ਖੇਡੀਆ ਸੀ ਅਤੇ ਆਪਣੇ ਕ੍ਰਿਕੇਟ ਕਰੀਅਰ ‘ਚ ਪ੍ਰਵੀਨ ਕੁਮਾਰ ਨੇ 6 ਟੈਸਟ ਅਤੇ 68 ਇਕ ਰੋਜਾ ਮੈਚ ਖੇਡੇ ਹਨ। ਇਸ ਦੌਰਾਨ ਪ੍ਰਵੀਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੈਸਟ ਮੈਚਾਂ ਵਿੱਚ 27 ਅਤੇ ਇੱਕ ਰੋਜਾ ਮੈਚਾਂ ਵਿੱਚ 77 ਦੇ ਕਰੀਬ ਵਿਕਟਾਂ ਝਟਕਾਈਆਂ ਹਨ। ਪ੍ਰਵੀਨ ਕੁਮਾਰ ਦਾ ਸ਼ਾਨਦਾਰ ਪ੍ਰਦਰਸ਼ਨ ਬਹੁਤੀ ਦੇਰ ਨਾ ਰਹਿ ਸਕਿਆ। 2011 ਦੇ ਵਰਲਡ ਕੱਪ ਤੋਂ ਪਹਿਲਾਂ ਪ੍ਰਵੀਨ ਕੁਮਾਰ ਨੂੰ ਡੇਂਗੂ ਨੇ ਆਪਣੀ ਚਪੇਟ ਵਿੱਚ ਲੈ ਲਿਆ, ਜਿਸ ਤੋਂ ਬਾਅਦ ਪ੍ਰਵੀਨ ਕੁਮਾਰ ਕਦੇ ਵੀ ਕ੍ਰਿਕਟ ਵਿੱਚ ਪੂਰੀ ਤਰ੍ਹਾਂ ਉਭਰ ਨਹੀਂ ਸਕੇ।
ਪ੍ਰਵੀਨ ਕੁਮਾਰ ਦੇ ਆਈਪੀਐਲ ਕਰੀਅਰ ਦੀ ਜੇਕਰ ਗੱਲ ਕਰੀਏ ਤਾਂ ਸਾਲ 2011 ਤੋਂ ਸਾਲ 2013 ਦੌਰਾਨ ਪ੍ਰਵੀਨ ਕੁਮਾਰ ਨੇ ਕਿੰਗਜ਼ ਇਲੈਵਨ ਪੰਜਾਬ ਦੀ ਵਲੋਂ ਆਈਪੀਐਲ ਮੈਚ ਖੇਡਿਆ ਸੀ। ਸਾਲ 2014 ਦੀ ਪ੍ਰੀਮੀਅਰ ਲੀਗ ਦੌਰਾਨ ਪ੍ਰਵੀਨ ਕੁਮਾਰ ਦੀ ਚੋਣ ਨਹੀਂ ਹੋਈ ਸੀ ਪਰ ਸਾਲ 2015 ਦੌਰਾਨ ਪ੍ਰਵੀਨ ਕੁਮਾਰ ਨੂੰ ਸਨਰਾਈਜਰਸ ਹੈਦਰਾਬਾਦ ਨੇ ਆਪਣੇ ਨਾਲ ਜੋੜ ਲਿਆ ਸੀ। 30 ਮਾਰਚ 2012 ਨੂੰ ਦੱਖਣੀ ਅਫਰੀਕਾ ਖਿਲਾਫ਼ ਆਪਣਾ ਆਖਰੀ ਅੰਤਰਾਸ਼ਟਰੀ ਮੈਚ ਖੇਡਣ ਵਾਲੇ ਗੇਦਬਾਜ਼ ਪ੍ਰਵੀਨ ਕੁਮਾਰ ਨੇ ਅਕਤੂਰ 2018 ਵਿੱਚ ਹਰ ਤਰ੍ਹਾਂ ਦੇ ਕ੍ਰਿਕਟ ਮੈਚਾਂ ਤੋਂ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ ਸੀ।
ਭਾਰਤ ਦੀ ਸਰਗਰਮ ਸਿਆਸਤ ਵਿੱਚ ਸਮਾਜਵਾਦੀ ਪਾਰਟੀ ਜ਼ਰੀਏ ਕਦਮ ਰੱਖਣ ਵਾਲੇ ਪ੍ਰਵੀਨ ਕੁਮਾਰ ਵਲੋਂ ਦਿੱਤੇ ਇੰਟਰਵਿਊ ਵਿੱਚ ਕੀਤੇ ਖੁਲਾਸੇ ਹੈਰਾਨ ਕਰਨ ਵਾਲੇ ਹਨ, ਕਿਉਂਕਿ ਕ੍ਰਿਕਟ ਨੂੰ ਖੇਡ ਮੰਨਿਆ ਜਾਂਦਾ ਹੈ ਅਤੇ ਖੇਡ ਕਿਸੇ ਵੀ ਮਾਨਸਿਕ ਰੋਗੀ ਲਈ ਦਵਾ ਦਾ ਕੰਮ ਕਰਦੀ ਹੈ ਪਰ ਗੇਦਬਾਜ਼ ਪ੍ਰਵੀਨ ਕੁਮਾਰ ਵਲੋਂ ਕੀਤੇ ਮਾਨਸਿਕ ਤਣਾਅ ਸੰਬੰਧੀ ਇਹ ਦਾਅਵੇ ਕਿਤੇ ਨਾ ਕਿਤੇ ਕ੍ਰਿਕਟ ਖਿਡਾਰੀਆਂ ਵਿੱਚ ਵੀ ਮਾਨਸਿਕ ਬਿਮਾਰੀਆਂ ਦੇ ਹੋਣ ਦੀ ਗਵਾਹੀ ਭਰਦੇ ਹਨ।




