ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨੀ ਸੈਨਾ ਨਾਲ ਝੜਪ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ ਅਤੇ ਇਨ੍ਹਾ ਵਿਚ 4 ਜਵਾਨ ਪੰਜਾਬ ਦੇ ਵੀ ਸ਼ਾਮਲ ਸਨ। 4 ਜਵਾਨਾਂ ਵਿਚੋਂ ਦੋ ਜਵਾਨਾਂ ਦਾ ਅੰਤਿਮ ਸਸਕਾਰ ਬੀਤੇ ਦਿਨ ਕਰ ਦਿੱਤਾ ਗਿਆ ਹੈ ਅਤੇ ਦੋ ਜਵਾਨਾਂ ਨੂੰ ਅੰਤਿਮ ਵਿਦਾਈ ਅੱਜ ਦਿੱਤੀ ਜਾਵੇਗੀ। ਉੱਥੇ ਹੀ ਸ਼ਹਾਦਤ ਦੇਣ ਵਾਲੇ ਜਵਾਨਾਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਨੇ 10 ਲੱਖ ਰੁਪਏ ਮੁਆਵਜ਼ੇ ਦੀ ਥਾਂ 50 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਇਸ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਹੈ ਕਿ ਸ਼ਹੀਦ ਹੋਏ 20 ਜਵਾਨਾਂ ਦਾ ਸਾਨੂੰ ਬਹੁਤ ਦੁੱਖ ਹੈ,ਜਦੋਂ ਵੀ ਕੋਈ ਪੰਜਾਬ ਦਾ ਜਵਾਨ ਸ਼ਹੀਦ ਹੁੰਦਾ ਹੈ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਸਰਕਾਰ 10 ਤੋਂ 12 ਲੱਖ ਰੁਪਏ ਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੰਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ 1999 ਵਿਚ ਕੀਤਾ ਗਿਆ ਸੀ ਪਰ ਹੁਣ ਸਮਾਂ ਕਾਫੀ ਲੰਘ ਗਿਆ ਹੈ ਜਿਸ ਕਰਕੇ ਅਸੀ ਇਸ ਮੁਆਵਜ਼ੇ ਨੂੰ 10 ਲੱਖ ਤੋਂ 50 ਲੱਖ ਕਰਨ ਦਾ ਫੈਸਲਾ ਕੀਤਾ ਹੈ। ਸੀਐਮ ਕੈਪਟਨ ਨੇ ਕਿਹਾ ਕਿ ਅਸੀ ਆਪਣੇ ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰਾਂ ਲਈ ਜੋ ਵੀ ਕਰ ਸਕੀਏ ਉਹ ਘੱਟ ਹੈ, ਕਿਉਂਕਿ ਜਵਾਨਾਂ ਦੀ ਸ਼ਹਾਦਤ ਸੱਭ ਤੋਂ ਉੱਪਰ ਹੁੰਦੀ ਹੈ।
ਦੱਸ ਦਈਏ ਕਿ ਚੀਨ ਸਰਹੱਦ ਉੱਤੇ ਹਿੰਸਕ ਝੜਪ ਦੌਰਾਨ ਸ਼ਹੀਦ ਹੋਣ ਵਾਲੇ ਪੰਜਾਬ ਦੇ ਜਵਾਨ ਨਾਇਬ ਸੂਬੇਦਾਰ ਸਤਨਾਮ ਸਿੰਘ(ਗੁਰਦਾਸਪੁਰ) ਅਤੇ ਮਨਦੀਪ ਸਿੰਘ(ਪਟਿਆਲਾ) ਦਾ ਬੀਤੇ ਵੀਰਵਾਰ ਨੂੰ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ ਅਤੇ ਅੱਜ ਸ਼ੁੱਕਰਵਾਰ ਨੂੰ ਸ਼ਹੀਦ ਗੁਰਤੇਜ ਸਿੰਘ (ਮਾਨਸਾ) ਅਤੇ ਸ਼ਹੀਦ ਗੁਰਵਿੰਦਰ ਸਿੰਘ(ਸੰਗਰੂਰ) ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ।

