National News : ਧੀ ਦੇ ਪ੍ਰੇਮ ਸਬੰਧ ਪਿਤਾ ਨੂੰ ਮਨਜ਼ੂਰ ਨਹੀਂ ਸੀ। ਰਾਹ ਵਿਚ ਰੋੜਾ ਬਣੇ ਪਿਤਾ ਨੂੰ ਹਟਾਉਣ ਲਈ ਧੀ ਨੇ ਆਸ਼ਕ ਨਾਲ ਮਿਲ ਕੇ ਖੂਨੀ ਸਾਜ਼ਿਸ਼ ਰਚੀ। ਆਸ਼ਕ ਹੱਥੋਂ ਪੱਥਰ ਮਾਰ ਮਾਰ ਪਿਤਾ ਦੀ ਹੱਤਿਆ ਕਰਵਾ ਦਿੱਤੀ। ਇਹ ਮਾਮਲਾ ਹਰਿਆਣਾ ਦੇ ਫਰੀਦਾਬਾਦ ਦਾ ਹੈ। ਪਿਤਾ ਦਾ ਕਤਲ ਕਰ ਕੇ ਲਾਸ਼ ਨੂੰ ਨਾਲੇ ‘ਚ ਸੁੱਟ ਦਿੱਤਾ ਗਿਆ ਸੀ। ਏਸੀਪੀ ਕ੍ਰਾਈਮ ਅਮਨ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਸਲੀਮ ਉਰਫ਼ ਲਾਲਾ ਅਤੇ ਕਾਸਿਮ ਦੇ ਨਾਂ ਸ਼ਾਮਲ ਹਨ। ਮੁਲਜ਼ਮ ਸਲੀਮ ਆਦਰਸ਼ ਕਲੋਨੀ ਦਾ ਵਸਨੀਕ ਹੈ ਅਤੇ ਮੁਲਜ਼ਮ ਕਾਸਿਮ ਕੁਰੈਸ਼ੀਪੁਰ ਦਾ ਰਹਿਣ ਵਾਲਾ ਹੈ। ਤੀਜਾ ਦੋਸ਼ੀ ਮ੍ਰਿਤਕ ਦੀ ਨਾਬਾਲਗ ਧੀ ਹੈ, ਜਿਸ ਨੇ ਮੁਲਜ਼ਮਾਂ ਨਾਲ ਮਿਲ ਕੇ ਆਪਣੇ ਪਿਤਾ ਦੇ ਕਤਲ ਦੀ ਯੋਜਨਾ ਬਣਾਈ ਸੀ।
27 ਜੂਨ ਨੂੰ ਐਸਜੀਐਮ ਨਗਰ ਥਾਣੇ ਵਿੱਚ ਲਾਪਤਾ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ ਔਰਤ ਨੇ ਆਪਣੇ 55 ਸਾਲਾ ਪਤੀ ਮੁਸਤਕੀਮ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਸੀ। ਪੁਲਿਸ ਨੇ ਬਜ਼ੁਰਗ ਦੀ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲਿਆ। 1 ਜੁਲਾਈ ਨੂੰ ਨਿਊ ਕਲੋਨੀ ਗਰਾਊਂਡ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਲਾਸ਼ ਨਾਲੇ ਵਿੱਚ ਦੱਬੀ ਹੋਈ ਮਿਲੀ ਸੀ।
ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਸ਼ਨਾਖਤ ਕਰਵਾਈ ਗਈ, ਜਿਨ੍ਹਾਂ ਵੱਲੋਂ ਉਸ ਦੀ ਪਛਾਣ ਮੁਸਤਕੀਮ ਵਜੋਂ ਹੋਈ। ਮਾਮਲੇ ਵਿੱਚ ਕਤਲ ਦੀਆਂ ਧਾਰਾਵਾਂ ਜੋੜ ਕੇ ਪੁਲਿਸ ਜਾਂਚ ਕਰ ਰਹੀ ਸੀ, ਜਿਸ ਵਿੱਚ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇਸ ਘਟਨਾ ਦੇ ਮੁੱਖ ਮੁਲਜ਼ਮ ਸਲੀਮ ਨੂੰ 6 ਜੁਲਾਈ ਨੂੰ ਮੁੱਲਾ ਹੋਟਲ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਸੀ।
ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ 3 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਲਿਆ ਗਿਆ, ਜਿਸ ‘ਚ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਦੋਸ਼ੀ ਸਲੀਮ ਨੂੰ ਮ੍ਰਿਤਕਾ ਦੀ 16 ਸਾਲਾ ਲੜਕੀ ਨਾਲ ਪਿਆਰ ਸੀ, ਜਿਸ ਬਾਰੇ ਲੜਕੀ ਦੇ ਪਿਤਾ ਨੂੰ ਪਤਾ ਲੱਗਾ। ਲੜਕੀ ਦੇ ਪਿਤਾ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ। ਲੜਕੀ ਨੇ ਇਹ ਗੱਲ ਸਲੀਮ ਨੂੰ ਦੱਸੀ। ਦੋਸ਼ੀ ਸਲੀਮ ਅਤੇ ਉਸ ਦੇ ਦੋਸਤ ਕਾਸਿਮ ਨੇ ਲੜਕੀ ਨਾਲ ਮਿਲ ਕੇ ਲੜਕੀ ਦੇ ਪਿਤਾ ਮੁਸਤਕੀਮ ਨੂੰ ਮਾਰ ਦਿਤਾ।
ਕਤਲ ਦੀ ਯੋਜਨਾ
ਪੁਲਸ ਮੁਤਾਬਕ ਸਲੀਮ ਅਤੇ ਉਸ ਦੇ ਦੋਸਤ ਕਾਸਿਮ ਨੇ ਲੜਕੀ (ਪ੍ਰੇਮਿਕਾ) ਨਾਲ ਮਿਲ ਕੇ ਉਸ ਦੇ ਪਿਤਾ ਮੁਸਤਕੀਮ ਨੂੰ ਮਾਰਨ ਦੀ ਯੋਜਨਾ ਬਣਾਈ। ਯੋਜਨਾ ਅਨੁਸਾਰ 25 ਜੂਨ ਦੀ ਸ਼ਾਮ ਨੂੰ ਧੀ ਨੇ ਖੁਦ ਆਪਣੇ ਪਿਤਾ ਨੂੰ ਆਟਾ ਚੱਕੀ ਤੋਂ ਆਟਾ ਲਿਆਉਣ ਲਈ ਭੇਜਿਆ। ਉਸ ਨੇ ਦੱਸਿਆ ਕਿ ਉਸ ਦਾ ਮੋਬਾਈਲ ਸਲੀਮ ਕੋਲ ਸੀ ਅਤੇ ਸਲੀਮ ਉੱਥੇ ਆ ਕੇ ਉਸ ਨੂੰ ਮੋਬਾਈਲ ਦੇ ਦੇਵੇਗਾ। ਲੜਕੀ ਦੀ ਸਲਾਹ ਅਨੁਸਾਰ ਉਸ ਦਾ ਪਿਤਾ ਆਟਾ ਚੱਕੀ ਗਿਆ, ਜਿੱਥੇ ਉਸ ਨੂੰ ਸਲੀਮ ਅਤੇ ਕਾਸਿਮ ਮਿਲੇ।
ਪੱਥਰ ਨਾਲ ਹਮਲਾ
ਦੋਵੇਂ ਮੁਲਜ਼ਮ ਬਜ਼ੁਰਗ ਮੁਸਤਕੀਮ ਨੂੰ ਮੋਬਾਈਲ ਫ਼ੋਨ ਦੇਣ ਦੇ ਬਹਾਨੇ ਮੋਟਰਸਾਈਕਲ ’ਤੇ ਆਪਣੇ ਨਾਲ ਲੈ ਗਏ। ਉਸ ਨੂੰ ਨਿਊ ਜਨਤਾ ਕਲੋਨੀ ਦੇ ਮੈਦਾਨ ਵਿੱਚ ਲਿਜਾ ਕੇ ਪੱਥਰਾਂ ਨਾਲ ਹਮਲਾ ਕਰਕੇ ਮਾਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਨੂੰ ਨਾਲੇ ਵਿੱਚ ਦੱਬ ਦਿੱਤਾ ਗਿਆ। ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਦੋਸ਼ੀ ਕਾਸਿਮ ਅਤੇ ਲੜਕੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।



