ਅੰਮ੍ਰਿਤਸਰ : ਗੁਰੂ ਨਗਰੀ ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ ਵਿੱਚ ਆਪਸੀ ਰੰਜਿਸ਼ ਦੇ ਚਲਦਿਆਂ ਇੱਕ ਨੌਜਵਾਨ ‘ਤੇ ਜਾਨਲੇਵਾ ਹਮਲਾ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਨੇ ਪਹਿਲਾਂ ਨੌਜਵਾਨ ਨੂੰ ਸਮਝੌਤਾ ਕਰਨ ਦੇ ਬਹਾਨੇ ਬੁਲਾਇਆ ਅਤੇ ਫਿਰ ਮੌਕੇ ‘ਤੇ ਪਹੁੰਚਦਿਆਂ ਹੀ ਅੰਧਾਧੁੰਦ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਖ਼ੂਨੀ ਝੜਪ ਵਿੱਚ ਨਰਿੰਦਰ ਸਿੰਘ ਨਾਮਕ ਨੌਜਵਾਨ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਉਸ ਦਾ ਸਾਥੀ ਸੁਪ੍ਰੀਤ ਸਿੰਘ ਹਥਿਆਰਾਂ ਦੇ ਹਮਲੇ ਵਿੱਚ ਜ਼ਖ਼ਮੀ ਹੋਇਆ ਹੈ।
ਨੌਕਰੀ ਤੋਂ ਕੱਢੇ ਜਾਣ ਦੀ ਖਾਰਸ ਬਣੀ ਹਮਲੇ ਦੀ ਵਜ੍ਹਾ
ਘਟਨਾ ਦੀ ਜਾਣਕਾਰੀ ਦਿੰਦਿਆਂ ਪੀੜਤ ਸੁਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਥਾਨਕ ਤਾਜ ਹੋਟਲ ਵਿੱਚ ਬਤੌਰ ਰਿਸੈਪਸ਼ਨਿਸਟ ਕੰਮ ਕਰਦਾ ਹੈ। ਉਸੇ ਹੋਟਲ ਦੀ ਪਾਰਕਿੰਗ ਵਿੱਚ ਸਤਨਾਮ ਸਿੰਘ ਨਾਮ ਦਾ ਵਿਅਕਤੀ ਡਿਊਟੀ ਕਰਦਾ ਸੀ, ਜਿਸ ਨੂੰ ਕੁਝ ਦਿਨ ਪਹਿਲਾਂ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਸੀ। ਸਤਨਾਮ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਨੌਕਰੀ ਸੁਪ੍ਰੀਤ ਸਿੰਘ ਦੇ ਕਾਰਨ ਗਈ ਹੈ। ਸੁਪ੍ਰੀਤ ਮੁਤਾਬਕ ਫ਼ੋਨ ‘ਤੇ ਗੱਲਬਾਤ ਰਾਹੀਂ ਮਾਮਲਾ ਸੁਲਝਾਉਣ ਲਈ ਸਤਨਾਮ ਨੇ ਉਸ ਨੂੰ ਮਜੀਠਾ ਰੋਡ ‘ਤੇ ਮਿਲਣ ਲਈ ਸੱਦਿਆ ਸੀ।
ਬਿਨਾਂ ਗੱਲ ਕੀਤੇ ਚਲਾਈਆਂ ਗੋਲੀਆਂ ਤੇ ਦਾਤਰਾਂ ਨਾਲ ਕੀਤਾ ਵਾਰ
ਸੁਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਦੋਸਤ ਨਰਿੰਦਰ ਸਿੰਘ ਦੇ ਨਾਲ ਦੱਸੇ ਹੋਏ ਸਥਾਨ ‘ਤੇ ਪਹੁੰਚਿਆ, ਤਾਂ ਉੱਥੇ ਸਤਨਾਮ ਸਿੰਘ ਆਪਣੇ 4 ਹੋਰ ਹਥਿਆਰਬੰਦ ਸਾਥੀਆਂ ਨਾਲ ਪਹਿਲਾਂ ਤੋਂ ਹੀ ਮੌਜੂਦ ਸੀ। ਉਨ੍ਹਾਂ ਨੇ ਬਿਨਾਂ ਕੋਈ ਗੱਲ ਕੀਤੇ ਸਿੱਧੀ ਫਾਇਰਿੰਗ ਕਰ ਦਿੱਤੀ, ਜਿਸ ਵਿੱਚ ਇੱਕ ਗੋਲੀ ਨਰਿੰਦਰ ਸਿੰਘ ਦੇ ਪੱਟ ‘ਚ ਜਾ ਲੱਗੀ। ਇਸ ਤੋਂ ਬਾਅਦ ਵੀ ਹਮਲਾਵਰ ਨਹੀਂ ਰੁਕੇ ਅਤੇ ਉਨ੍ਹਾਂ ਨੇ ਦਾਤਰਾਂ ਸਣੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਦੋਵਾਂ ‘ਤੇ ਵਾਰ ਕੀਤੇ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਨਈਅਰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਵੱਲੋਂ ਮਾਮਲਾ ਦਰਜ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਏ.ਸੀ.ਪੀ. (ACP) ਕਵਲਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਤੋਂ ਸੂਚਨਾ ਮਿਲਣ ਮਗਰੋਂ ਪੁਲਿਸ ਟੀਮਾਂ ਤੁਰੰਤ ਕਾਰਵਾਈ ਵਿੱਚ ਜੁਟ ਗਈਆਂ ਹਨ। ਮੁਢਲੀ ਤਫ਼ਤੀਸ਼ ਤੋਂ ਸਾਹਮਣੇ ਆਇਆ ਹੈ ਕਿ ਹੋਟਲ ਦੇ ਸਾਬਕਾ ਮੁਲਾਜ਼ਮ ਸਤਨਾਮ ਸਿੰਘ ਨੇ ਹੀ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿਵਾਇਆ ਹੈ। ਪੁਲਿਸ ਨੇ ਮਜੀਠਾ ਰੋਡ ਥਾਣੇ ਵਿੱਚ ਭਾਰਤੀ ਨਿਆਏ ਸੰਹਿਤਾ (BNS) ਦੀਆਂ ਸੰਬੰਧਤ ਧਾਰਾਵਾਂ ਅਤੇ ਆਰਮਜ਼ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਏਸੀਪੀ ਮੁਤਾਬਕ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਲਗਾਤਾਰ ਰੇਡ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਸਾਰੇ ਦੋਸ਼ੀ ਪੁਲਿਸ ਦੀ ਗ੍ਰਿਫ਼ਤਾਰ ਵਿੱਚ ਹੋਣਗੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



