Police encounter in Haryana: ਚੀਕਾ ਚੋਰੀ ਕਾਂਡ ਦੇ 2 ਇਨਾਮੀ ਬਦਮਾਸ਼ ਗੋਲੀਆਂ ਲੱਗਣ ਤੋਂ ਬਾਅਦ ਕਾਬੂ, ਪੁਲਿਸ ਪਾਰਟੀ ‘ਤੇ ਕੀਤੀ ਸੀ ਫਾਇਰਿੰਗ

ਕੈਥਲ : ਕੈਥਲ ਜ਼ਿਲ੍ਹਾ ਪੁਲਿਸ ਦੀ ਸਪੈਸ਼ਲ ਡਿਟੈਕਟਿਵ ਯੂਨਿਟ (SDU) ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਖ਼ਤਰਨਾਕ ‘ਬਾਵਰੀਆ ਗੈਂਗ’ ਦੇ ਦੋ ਇਨਾਮੀ ਸ਼ੂਟਰਾਂ/ਬਦਮਾਸ਼ਾਂ ਨੂੰ ਇੱਕ…

ਕੈਥਲ ਜ਼ਿਲ੍ਹਾ ਪੁਲਿਸ ਦੀ ਸਪੈਸ਼ਲ ਡਿਟੈਕਟਿਵ ਯੂਨਿਟ (SDU) ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਖ਼ਤਰਨਾਕ 'ਬਾਵਰੀਆ ਗੈਂਗ' ਦੇ ਦੋ ਇਨਾਮੀ ਸ਼ੂਟਰਾਂ/ਬਦਮਾਸ਼ਾਂ

ਕੈਥਲ : ਕੈਥਲ ਜ਼ਿਲ੍ਹਾ ਪੁਲਿਸ ਦੀ ਸਪੈਸ਼ਲ ਡਿਟੈਕਟਿਵ ਯੂਨਿਟ (SDU) ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਖ਼ਤਰਨਾਕ ‘ਬਾਵਰੀਆ ਗੈਂਗ’ ਦੇ ਦੋ ਇਨਾਮੀ ਸ਼ੂਟਰਾਂ/ਬਦਮਾਸ਼ਾਂ ਨੂੰ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਇਹ ਦੋਵੇਂ ਮੁਲਜ਼ਮ ਲੰਘੀ 9 ਜੂਨ ਨੂੰ ਚੀਕਾ ਦੇ ਹੁੱਡਾ ਸੈਕਟਰ ਵਿੱਚ ਹੋਈ ਲੱਖਾਂ ਰੁਪਏ ਦੀ ਵੱਡੀ ਚੋਰੀ ਦੀ ਵਾਰਦਾਤ ਵਿੱਚ ਲੋੜੀਂਦੇ ਸਨ ਅਤੇ ਪੁਲਿਸ ਵੱਲੋਂ ਇਨ੍ਹਾਂ ਦੀ ਗ੍ਰਿਫ਼ਤਾਰੀ ‘ਤੇ 5-5 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਨਾਜਾਇਜ਼ .32 ਬੋਰ ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਵਾਰਦਾਤ ਵਿੱਚ ਵਰਤੀ ਗਈ ਹੌਂਡਾ WR-V ਕਾਰ ਬਰਾਮਦ ਕੀਤੀ ਹੈ।

ਪੁਲਿਸ ਨੂੰ ਦੇਖ ਕੇ ਭਜਾਈ ਕਾਰ

ਮਾਮਲੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸੁਸ਼ੀਲ ਪ੍ਰਕਾਸ਼ ਨੇ ਦੱਸਿਆ ਕਿ 25 ਜੂਨ ਦੀ ਰਾਤ ਨੂੰ ਸਪੈਸ਼ਲ ਡਿਟੈਕਟਿਵ ਯੂਨਿਟ ਦੇ ਇੰਚਾਰਜ ਇੰਸਪੈਕਟਰ ਸੁਨੀਲ ਕੁਮਾਰ ਦੀ ਅਗਵਾਈ ਵਿੱਚ ਪੁਲਿਸ ਟੀਮ ਗਸ਼ਤ ‘ਤੇ ਸੀ। ਇਸੇ ਦੌਰਾਨ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਚੀਕਾ ਚੋਰੀ ਕਾਂਡ ਦੇ ਮੁਲਜ਼ਮ ਕਾਰ ਵਿੱਚ ਸਵਾਰ ਹੋ ਕੇ ਪੁੰਡਰੀ ਇਲਾਕੇ ਵਿੱਚ ਕਿਸੇ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਘੁੰਮ ਰਹੇ ਹਨ।

ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸਿਕੰਦਰਖੇੜੀ-ਬਰਸਾਨਾ ਰੋਡ ‘ਤੇ ਨਾਕਾਬੰਦੀ ਕਰ ਦਿੱਤੀ। ਜਦੋਂ ਸ਼ੱਕੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਮੁਲਜ਼ਮਾਂ ਨੇ ਗੱਡੀ ਭਜਾ ਲਈ, ਪਰ ਪਿੱਛਾ ਕਰਨ ‘ਤੇ ਉਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ। ਇਸ ਤੋਂ ਬਾਅਦ ਬਦਮਾਸ਼ਾਂ ਨੇ ਕਾਰ ਵਿੱਚੋਂ ਨਿਕਲ ਕੇ ਪੁਲਿਸ ਪਾਰਟੀ ‘ਤੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ।

ਬੁਲੇਟਪਰੂਫ ਜੈਕਟ ਨੇ ਬਚਾਈ ਇੰਸਪੈਕਟਰ ਅਤੇ ਮੁਲਾਜ਼ਮ ਦੀ ਜਾਨ

ਮੁਲਜ਼ਮਾਂ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਇੱਕ ਗੋਲੀ ਹੈੱਡ ਕਾਂਸਟੇਬਲ ਬੂਟਾ ਸਿੰਘ ਅਤੇ ਦੂਜੀ ਗੋਲੀ ਇੰਸਪੈਕਟਰ ਸੁਨੀਲ ਕੁਮਾਰ ਦੀ ਬੁਲੇਟਪਰੂਫ ਜੈਕਟ ‘ਤੇ ਜਾ ਲੱਗੀ, ਜਿਸ ਕਾਰਨ ਦੋਵਾਂ ਦੀ ਜਾਨ ਬਚ ਗਈ। ਪੁਲਿਸ ਵੱਲੋਂ ਪਹਿਲਾਂ ਮੁਲਜ਼ਮਾਂ ਨੂੰ ਆਤਮਸਮਰਪਣ ਕਰਨ ਲਈ ਕਿਹਾ ਗਿਆ ਅਤੇ ਹਵਾਈ ਫਾਇਰ ਵੀ ਕੀਤੇ ਗਏ, ਪਰ ਜਦੋਂ ਉਹ ਨਾ ਹਟੇ ਤਾਂ ਪੁਲਿਸ ਨੇ ਆਤਮ-ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ। ਪੁਲਿਸ ਵੱਲੋਂ ਚਲਾਈਆਂ ਗੋਲੀਆਂ ਦੋਵਾਂ ਮੁਲਜ਼ਮਾਂ ਦੇ ਪੈਰਾਂ ਵਿੱਚ ਲੱਗੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੌਕੇ ‘ਤੇ ਹੀ ਦਬੋਚ ਲਿਆ ਗਿਆ।

ਪੰਜਾਬ ਦੇ ਬਠਿੰਡਾ ਨਾਲ ਸਬੰਧਤ ਹਨ ਦੋਵੇਂ ਮੁਲਜ਼ਮ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੋਹਨ ਸਿੰਘ ਅਤੇ ਧਰਮਬੀਰ ਵਜੋਂ ਹੋਈ ਹੈ, ਜੋ ਕਿ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਮੌੜ ਮੰਡੀ ਦੇ ਰਹਿਣ ਵਾਲੇ ਹਨ। ਗੋਲੀ ਲੱਗਣ ਕਾਰਨ ਜ਼ਖਮੀ ਹੋਏ ਦੋਵਾਂ ਬਦਮਾਸ਼ਾਂ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਘਰਾਂ ਦੀ ਰੇਕੀ ਕਰਕੇ ਵਾਰਦਾਤ ਨੂੰ ਦਿੰਦੇ ਸਨ ਅੰਜਾਮ: SSP

ਜ਼ਿਲ੍ਹਾ ਪੁਲਿਸ ਮੁਖੀ (SSP) ਮਨਪ੍ਰੀਤ ਸਿੰਘ ਸੂਦਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੋਈ ਇਸ ਕਾਰਵਾਈ ਤੋਂ ਬਾਅਦ ਮੁਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਇਹ ਮੁਲਜ਼ਮ ਬੇਹੱਦ ਸ਼ਾਤਰ ਤਰੀਕੇ ਨਾਲ ਚੋਰੀਆਂ ਕਰਦੇ ਸਨ। ਇਹ ਸ਼ਾਮ ਦੇ ਸਮੇਂ ਉਨ੍ਹਾਂ ਘਰਾਂ ਦੀ ਰੇਕੀ ਕਰਦੇ ਸਨ ਜਿਨ੍ਹਾਂ ਦੀਆਂ ਲਾਈਟਾਂ ਬੰਦ ਹੁੰਦੀਆਂ ਸਨ। ਫਿਰ ਦੇਰ ਰਾਤ ਉਨ੍ਹਾਂ ਘਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ। ਮੁਲਜ਼ਮਾਂ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਵਿੱਚ ਪਹਿਲਾਂ ਵੀ ਚੋਰੀ, ਲੁੱਟ-ਖੋਹ ਅਤੇ ਟ੍ਰੇਨਾਂ ਵਿੱਚ ਡਾਕੇ ਮਾਰਨ ਦੇ ਕਈ ਸੰਗੀਨ ਮਾਮਲੇ ਦਰਜ ਹਨ। ਪੁਲਿਸ ਮੁਤਾਬਕ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਇਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕੇ।

 

Leave a Reply

Your email address will not be published. Required fields are marked *