ਮੁੰਬਈ : ਬਾਲੀਵੁੱਡ ਦੇ ਦਿੱਗਜ ਅਦਾਕਾਰ ਅਤੇ ਪਿਤਾ ਧਰਮਿੰਦਰ ਦੇ ਦੇਹਾਂਤ ਤੋਂ ਬਾਅਦ ਸੰਨੀ ਦਿਓਲ ਪਹਿਲੀ ਵਾਰ ਕਿਸੇ ਜਨਤਕ ਸਮਾਗਮ ਵਿੱਚ ਨਜ਼ਰ ਆਏ। ਮੰਗਲਵਾਰ ਨੂੰ ਆਪਣੀ ਆਉਣ ਵਾਲੀ ਫਿਲਮ ‘ਬਾਰਡਰ 2’ ਦੇ ਟੀਜ਼ਰ ਲਾਂਚ ਮੌਕੇ ਸੰਨੀ ਦਿਓਲ ਕਾਫੀ ਭਾਵੁਕ ਦਿਖਾਈ ਦਿੱਤੇ। ਪਿਤਾ ਨੂੰ ਗੁਆਉਣ ਦੇ ਦੁੱਖ ਦੇ ਬਾਵਜੂਦ, ਸੰਨੀ ਦਿਓਲ ਨੇ ਆਪਣੀ ਪੇਸ਼ੇਵਰ ਵਚਨਬੱਧਤਾ ਨੂੰ ਨਿਭਾਉਂਦੇ ਹੋਏ ਈਵੈਂਟ ਵਿੱਚ ਸ਼ਿਰਕਤ ਕੀਤੀ।
ਸੰਨੀ ਦਿਓਲ ਦਾ ਹੋਏ ਭਾਵੁਕ
ਈਵੈਂਟ ਦੌਰਾਨ ਜਿਵੇਂ ਹੀ ਸੰਨੀ ਦਿਓਲ ਨੇ ‘ਬਾਰਡਰ 2’ ਦਾ ਇੱਕ ਡਾਇਲਾਗ ਬੋਲਣਾ ਸ਼ੁਰੂ ਕੀਤਾ, ਉਨ੍ਹਾਂ ਦਾ ਗਲਾ ਭਰ ਆਇਆ ਅਤੇ ਅੱਖਾਂ ਵਿੱਚ ਹੰਝੂ ਆ ਗਏ। ਆਪਣੇ ਚਹੇਤੇ ਅਦਾਕਾਰ ਨੂੰ ਇਸ ਤਰ੍ਹਾਂ ਭਾਵੁਕ ਦੇਖ ਉੱਥੇ ਮੌਜੂਦ ਮੀਡੀਆ ਅਤੇ ਪ੍ਰਸ਼ੰਸਕਾਂ ਨੇ ਤਾਲੀਆਂ ਵਜਾ ਕੇ ਉਨ੍ਹਾਂ ਦਾ ਹੌਸਲਾ ਵਧਾਇਆ।
ਜੀਪ ਵਿੱਚ ਹੋਈ ਸ਼ਾਨਦਾਰ ਐਂਟਰੀ
‘ਬਾਰਡਰ 2’ ਦੀ ਟੀਮ ਨੇ ਈਵੈਂਟ ਵਿੱਚ ਬਹੁਤ ਹੀ ਵੱਖਰੇ ਅੰਦਾਜ਼ ਵਿੱਚ ਐਂਟਰੀ ਲਈ। ਸੰਨੀ ਦਿਓਲ, ਵਰੁਣ ਧਵਨ ਅਤੇ ਅਹਾਨ ਸ਼ੈੱਟੀ ਦੇ ਨਾਲ ਜੀਪ ਚਲਾ ਕੇ ਸਟੇਜ ਤੱਕ ਪਹੁੰਚੇ। ਪੂਰੀ ਸਟਾਰਕਾਸਟ ਫਿਲਮ ਦੇ ਕਿਰਦਾਰਾਂ ਵਾਲੇ ਲੁੱਕ ਵਿੱਚ ਨਜ਼ਰ ਆਈ। ਟੀਮ ਨੇ ਹੱਥਾਂ ਵਿੱਚ ਬੰਦੂਕਾਂ ਫੜ ਕੇ ਪੋਜ਼ ਦਿੱਤੇ, ਜਿਸ ਨੇ 1997 ਦੀ ‘ਬਾਰਡਰ’ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ। ਨੌਜਵਾਨ ਅਦਾਕਾਰ ਅਹਾਨ ਸ਼ੈੱਟੀ ਨੇ ਸਟੇਜ ‘ਤੇ ਪਹੁੰਚਦਿਆਂ ਹੀ ਸਤਿਕਾਰ ਵਜੋਂ ਸੰਨੀ ਦਿਓਲ ਦੇ ਪੈਰ ਛੂਹੇ।
24 ਨਵੰਬਰ ਨੂੰ ਹੋਇਆ ਸੀ ਧਰਮਿੰਦਰ ਦਾ ਦੇਹਾਂਤ
ਹਿੰਦੀ ਸਿਨੇਮਾ ਦੇ ‘ਹੀ-ਮੈਨ’ ਕਹੇ ਜਾਣ ਵਾਲੇ ਧਰਮਿੰਦਰ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ। ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਉਨ੍ਹਾਂ ਨੂੰ 10 ਨਵੰਬਰ 2025 ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। 24 ਨਵੰਬਰ ਨੂੰ 89 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਿਆ। ‘ਹੀ-ਮੈਨ’ ਧਰਮਿੰਦਰ ਪ੍ਰਸ਼ੰਸਕਾਂ ਵਿੱਚ ਬੇਹੱਦ ਪਿਆਰੀਆਂ ਯਾਦਾਂ ਛੱਡ ਗਏ ਹਨ।
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



