Gold Price Today: ਸ਼ੇਅਰ ਬਾਜ਼ਾਰ ‘ਚ ਉਤਰਾਅ-ਚੜ੍ਹਾਅ ਦੇ ਵਿਚਕਾਰ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮਲਟੀਕਮੋਡਿਟੀ ਐਕਸਚੇਂਜ MCX ‘ਚ ਖਬਰ ਲਿਖੇ ਜਾਣ ਤੱਕ ਸੋਨੇ ਦੀਆਂ ਕੀਮਤਾਂ ‘ਚ 85 ਰੁਪਏ ਦੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਗਿਰਾਵਟ ਨਾਲ ਸੋਨਾ 59,900 ਦੇ ਨੇੜੇ ਆ ਗਿਆ ਹੈ। ਇਸ ਦੇ ਨਾਲ ਹੀ ਚਾਂਦੀ ਵੀ 186 ਰੁਪਏ ਸਸਤੀ ਹੋ ਗਈ ਹੈ। MCX ‘ਤੇ ਚਾਂਦੀ ਨੇ ਸਵੇਰੇ 11.52 ਵਜੇ ਤੱਕ 226 ਰੁਪਏ ਦੀ ਗਿਰਾਵਟ ਦਰਜ ਕੀਤੀ ਹੈ। ਇਸ ਗਿਰਾਵਟ ਨਾਲ ਚਾਂਦੀ 71,730 ‘ਤੇ ਆ ਗਈ ਹੈ।
ਸੋਨੇ ਅਤੇ ਚਾਂਦੀ ‘ਚ ਇਹ ਗਿਰਾਵਟ ਮਲਟੀ ਕਮੋਡਿਟੀ ਐਕਸਚੇਂਜ MCX ‘ਤੇ ਦੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ ਜੇਕਰ ਸਰਾਫਾ ਬਾਜ਼ਾਰ ਦੀ ਗੱਲ ਕਰੀਏ ਤਾਂ ਮੰਗਲਵਾਰ ਨੂੰ ਸੋਨਾ 375 ਰੁਪਏ ਦੀ ਤੇਜ਼ੀ ਨਾਲ ਬੰਦ ਹੋਇਆ ਸੀ। ਮੰਗਲਵਾਰ ਨੂੰ ਸਰਾਫਾ ਬਾਜ਼ਾਰ ‘ਚ ਚਾਂਦੀ ਦੀਆਂ ਕੀਮਤਾਂ ‘ਚ 50 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ।
ਸੋਨਾ ਆਪਣੇ ਸਿਖਰ ਤੋਂ 2000 ਰੁਪਏ ਸਸਤਾ ਹੋ ਗਿਆ ਹੈ। ਗੋਲਡ ਨੇ 11 ਮਈ ਨੂੰ ਲਾਈਫ ਟਾਈਮ ਹਾਈ ਦਾ ਰਿਕਾਰਡ ਬਣਾਇਆ ਸੀ। ਉਸ ਦਿਨ 10 ਗ੍ਰਾਮ ਸੋਨੇ ਦੀ ਕੀਮਤ 61,923 ਰੁਪਏ ਸੀ, ਜੋ ਹੁਣ ਘੱਟ ਕੇ 59,900 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਆ ਗਈ ਹੈ, ਇਸ ਲਿਹਾਜ਼ ਨਾਲ ਸੋਨਾ ਸਿਖਰ ਤੋਂ ਕਰੀਬ 2000 ਰੁਪਏ ਸਸਤਾ ਹੋ ਗਿਆ ਹੈ। ਦੂਜੇ ਪਾਸੇ ਚਾਂਦੀ 10 ਮਈ ਨੂੰ 78,120 ਰੁਪਏ ਦੇ ਨਾਲ ਦਿਨ ਦੇ ਉੱਚੇ ਪੱਧਰ ‘ਤੇ ਪਹੁੰਚ ਗਈ ਸੀ। ਉਦੋਂ ਤੋਂ ਹੁਣ ਤੱਕ ਚਾਂਦੀ 6400 ਰੁਪਏ ਸਸਤੀ ਹੋ ਗਈ ਹੈ।
ਕੌਮਾਂਤਰੀ ਬਾਜ਼ਾਰ ਦੇ ਨਾਲ-ਨਾਲ ਘਰੇਲੂ ਮੋਰਚੇ ‘ਤੇ ਹੋ ਰਹੇ ਬਦਲਾਅ ਕਾਰਨ ਸੋਨੇ-ਚਾਂਦੀ ਦੀ ਹਲਚਲ ਲਗਾਤਾਰ ਜਾਰੀ ਹੈ। ਮੰਦੀ ਦੇ ਸੰਕੇਤ ਨਾਲ ਜਿੱਥੇ ਸੋਨਾ ਆਪਣੇ ਉੱਚੇ ਰਿਕਾਰਡ ਨੂੰ ਛੂਹ ਗਿਆ। ਪਰ ਗਲੋਬਲ ਬਾਜ਼ਾਰ ਦੇ ਮੁਕਾਬਲੇ ਭਾਰਤੀ ਅਰਥਵਿਵਸਥਾ ਦੇ ਮਜ਼ਬੂਤ ਸੰਕੇਤਾਂ ਦੇ ਆਧਾਰ ‘ਤੇ ਬਦਲਾਅ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੱਟੇਬਾਜ਼ਾਂ ਨੂੰ ਵੀ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਬਾਜ਼ਾਰ ਮਾਹਿਰਾਂ ਮੁਤਾਬਕ ਸੱਟੇਬਾਜ਼ਾਂ ਵੱਲੋਂ ਕਾਰੋਬਾਰ ਵਿੱਚ ਕਟੌਤੀ ਕੀਤੀ ਗਈ ਹੈ। ਜਿਸ ਕਾਰਨ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਆਈ ਹੈ।



