ਗੁਰਦਾਸਪੁਰ : ਗੁਰਦਾਸਪੁਰ ਦੇ ਨੇੜਲੇ ਪਿੰਡ ਨਵਾਂ ਪਿੰਡ ਸਰਦਾਰਾਂ ਦਾ ਵਿੱਚ ਦੇਰ ਰਾਤ ਅਣਪਛਾਤੇ ਹਮਲਾਵਰਾਂ ਵੱਲੋਂ ਸਾਬਕਾ ਸਰਪੰਚ ਰਜਿੰਦਰ ਸਿੰਘ ਦੇ ਭਰਾ ਕੁਲਵਿੰਦਰ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਤਾਬੜਤੋੜ ਫਾਇਰਿੰਗ ਕੀਤੀ ਗਈ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਰ ‘ਤੇ ਸਵਾਰ ਹੋ ਕੇ ਆਏ ਇਨ੍ਹਾਂ ਹਮਲਾਵਰਾਂ ਨੇ ਕਰੀਬ 6 ਤੋਂ 7 ਰਾਊਂਡ ਫਾਇਰ ਕੀਤੇ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਪਿੰਡ ਵਾਸੀਆਂ ਦੀ ਮੁਸਤੈਦੀ
ਗੋਲੀਬਾਰੀ ਦੀ ਆਵਾਜ਼ ਸੁਣ ਕੇ ਮੌਕੇ ‘ਤੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਹਿੰਮਤ ਦਿਖਾਉਂਦਿਆਂ ਹਮਲਾਵਰਾਂ ਦਾ ਸਾਹਮਣਾ ਕੀਤਾ ਅਤੇ ਉਨ੍ਹਾਂ ‘ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਪਿੰਡ ਵਾਲਿਆਂ ਦੇ ਇਸ ਵਿਰੋਧ ਕਾਰਨ ਹਮਲਾਵਰ ਆਪਣੇ ਮਸਕਦ ਵਿੱਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੇ ਅਤੇ ਮੌਕੇ ਤੋਂ ਹਨ੍ਹੇਰੇ ਦਾ ਫਾਇਦਾ ਉਠਾਉਂਦਿਆਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ।
ਪਹਿਲਾਂ ਮਿਲ ਚੁੱਕੀਆਂ ਸਨ ਧਮਕੀਆਂ
ਪਰਿਵਾਰਕ ਮੈਂਬਰਾਂ ਮੁਤਾਬਕ ਕੁਝ ਦਿਨਾਂ ਤੋਂ ਕੁਲਵਿੰਦਰ ਸਿੰਘ ਨੂੰ ਲਗਾਤਾਰ ਵਿਦੇਸ਼ੀ ਨੰਬਰਾਂ ਤੋਂ ਫੋਨ ਆ ਰਹੇ ਸਨ, ਜਿਸ ਵਿੱਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਹਾਲਾਂਕਿ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਵੀ ਨਿੱਜੀ ਰੰਜਸ਼ ਜਾਂ ਦੁਸ਼ਮਣੀ ਨਹੀਂ ਹੈ।
ਪੁਲਿਸ ਕਾਰਵਾਈ
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮੌਕੇ ਤੋਂ ਤਿੰਨ ਖੋਲ ਬਰਾਮਦ ਕੀਤੇ ਹਨ। ਪਿੰਡ ਵਾਸੀਆਂ ਵੱਲੋਂ ਕੁਝ ਸ਼ੱਕੀ ਹਮਲਾਵਰਾਂ ਦੀ ਪਛਾਣ ਨੇੜਲੇ ਪਿੰਡ ਦੇ ਵਿਅਕਤੀਆਂ ਵਜੋਂ ਹੋਣ ਦਾ ਦਾਅਵਾ ਕੀਤਾ ਗਿਆ ਹੈ, ਜਿਸ ਨੂੰ ਆਧਾਰ ਬਣਾ ਕੇ ਪੁਲਿਸ ਹੁਣ ਮਾਮਲੇ ਦੀ ਗੰਭੀਰਤਾ ਨਾਲ ਤਫ਼ਤੀਸ਼ ਕਰ ਰਹੀ ਹੈ।



