ਜਲਾਲਾਬਾਦ : ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਵੱਲੋਂ ਵਰਦੀ ਨੂੰ ਦਾਗ਼ਦਾਰ ਕਰਨ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਲਾਲਾਬਾਦ ਦੇ ਥਾਣਾ ਸਦਰ ਅਧੀਨ ਆਉਂਦੇ ਤਿੰਨ ਮੁਲਾਜ਼ਮਾਂ ‘ਤੇ ਨਿਰਦੋਸ਼ ਨੌਜਵਾਨਾਂ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਣ, ਕੁੱਟਮਾਰ ਕਰਨ ਅਤੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਹਜ਼ਾਰਾਂ ਰੁਪਏ ਵਸੂਲਣ ਦੇ ਗੰਭੀਰ ਇਲਜ਼ਾਮ ਲੱਗੇ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐਸ.ਐਸ.ਪੀ. ਫਾਜ਼ਿਲਕਾ ਨੇ ਸਖ਼ਤ ਐਕਸ਼ਨ ਲੈਂਦਿਆਂ ਤਿੰਨੋਂ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਢਾਬੇ ਤੋਂ ਚੁੱਕਿਆ ਅਤੇ ਗੂਗਲ ਪੇਅ ਰਾਹੀਂ ਕਰਵਾਈ ਉਗਰਾਹੀ
ਪੀੜਤ ਜਬਰ ਸਿੰਘ ਵਾਸੀ ਪਿੰਡ ਕੱਲੂ ਨੇ ਮੀਡੀਆ ਨੂੰ ਦੱਸਿਆ ਕਿ 5 ਅਪ੍ਰੈਲ ਨੂੰ ਉਸ ਨੇ ਫਿਰੋਜ਼ਪੁਰ ਦੇ ‘ਬਾਈ ਜੀ ਕਾਰ ਬਾਜ਼ਾਰ’ ਤੋਂ ਇੱਕ ਕਾਰ ਖਰੀਦੀ ਸੀ। ਜਦੋਂ ਉਹ ਕਾਰ ਲੈ ਕੇ ਘਰ ਵਾਪਸ ਜਾ ਰਿਹਾ ਸੀ, ਤਾਂ ਜਲਾਲਾਬਾਦ ਦੇ ਬਾਹਰਵਾਰ ਇੱਕ ਢਾਬੇ ‘ਤੇ ਚਾਹ ਪੀਣ ਲਈ ਰੁਕਿਆ। ਇਸੇ ਦੌਰਾਨ ਥਾਣਾ ਸਦਰ ਜਲਾਲਾਬਾਦ ਦੀ ਗੱਡੀ ਵਿੱਚ ਸਵਾਰ ਤਿੰਨ ਮੁਲਾਜ਼ਮ—ਕੇਵਲ ਕ੍ਰਿਸ਼ਨ, ਹਰਬੰਸ ਸਿੰਘ ਅਤੇ ਜਸਪਾਲ ਸਿੰਘ—ਉੱਥੇ ਪਹੁੰਚੇ। ਉਨ੍ਹਾਂ ਨੇ ਨੌਜਵਾਨਾਂ ਨੂੰ ਜ਼ਬਰਦਸਤੀ ਚੁੱਕ ਲਿਆ ਅਤੇ ਇਹ ਕਹਿ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਇਸ ਕਾਰ ‘ਤੇ ਗੋਲੀ ਚੱਲੀ ਹੈ ਅਤੇ ਇਹ ਕਿਸੇ ਵਾਰਦਾਤ ਵਿੱਚ ਸ਼ਾਮਲ ਰਹੀ ਹੈ। ਨੌਜਵਾਨਾਂ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੇ 70 ਹਜ਼ਾਰ ਰੁਪਏ ਦੀ ਮੰਗ ਕੀਤੀ। ਡਰ ਦੇ ਮਾਰੇ ਨੌਜਵਾਨਾਂ ਨੇ 34,000 ਰੁਪਏ ਗੂਗਲ ਪੇਅ (Google Pay) ਰਾਹੀਂ ਟਰਾਂਸਫਰ ਕੀਤੇ ਅਤੇ ਬਾਕੀ ਰਕਮ ਨਗਦ ਦਿੱਤੀ।
ਅਗਲੇ ਦਿਨ ਥਾਣੇ ਬੁਲਾ ਕੇ ਫਿਰ ਲਏ ਪੈਸੇ
ਪੀੜਤ ਮੁਤਾਬਕ ਪੁਲਿਸ ਮੁਲਾਜ਼ਮਾਂ ਨੇ ਕਾਰ ਦੀ ਆਰ.ਸੀ. (RC) ਅਤੇ ਹੋਰ ਦਸਤਾਵੇਜ਼ ਆਪਣੇ ਕੋਲ ਰੱਖ ਲਏ ਸਨ। ਅਗਲੇ ਦਿਨ 6 ਅਪ੍ਰੈਲ ਨੂੰ ਜਦੋਂ ਨੌਜਵਾਨ ਕਾਗਜ਼ ਲੈਣ ਥਾਣਾ ਸਦਰ ਪਹੁੰਚੇ, ਤਾਂ ਉੱਥੇ ਫਿਰ ਉਨ੍ਹਾਂ ਕੋਲੋਂ 25,000 ਰੁਪਏ ਦੀ ਵਸੂਲੀ ਕੀਤੀ ਗਈ, ਜਿਸ ਤੋਂ ਬਾਅਦ ਹੀ ਕਾਰ ਦੇ ਕਾਗਜ਼ ਵਾਪਸ ਕੀਤੇ ਗਏ। ਇਹ ਸਾਰੀ ਘਟਨਾ ਜਦੋਂ ਕਾਰ ਬਾਜ਼ਾਰ ਦੇ ਮਾਲਕ ਰਾਹੀਂ ਮੀਡੀਆ ਤੱਕ ਪਹੁੰਚੀ, ਤਾਂ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ।
ਐਸ.ਐਸ.ਪੀ. ਵੱਲੋਂ ਸਖ਼ਤ ਕਾਰਵਾਈ: ਤਿੰਨੋਂ ਮੁਲਾਜ਼ਮ ਸਸਪੈਂਡ
ਇਸ ਮਾਮਲੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਐਸ.ਐਸ.ਪੀ. ਗੁਰਮੀਤ ਸਿੰਘ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨੋਂ ਦੋਸ਼ੀ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਜਲਾਲਾਬਾਦ ਦੇ ਡੀ.ਐਸ.ਪੀ. ਗੁਰਸੇਵਕ ਸਿੰਘ ਬਰਾੜ ਨੇ ਪੁਸ਼ਟੀ ਕੀਤੀ ਹੈ ਕਿ ਪੁਲਿਸ ਵਿਭਾਗ ਵਿੱਚ ਭ੍ਰਿਸ਼ਟਾਚਾਰ ਅਤੇ ਗੁੰਡਾਗਰਦੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੀੜਤਾਂ ਨੂੰ ਇਨਸਾਫ਼ ਮਿਲ ਸਕੇ।



