ਪਟਨਾ: ਬਿਹਾਰ ਦੀ ਸਿਆਸਤ ਵਿੱਚ ਅੱਜ ਇੱਕ ਵੱਡਾ ਮੋੜ ਆਇਆ ਹੈ। ਭਾਜਪਾ ਵਿਧਾਇਕ ਦਲ ਦੀ ਬੈਠਕ ਵਿੱਚ ਸਮਰਾਟ ਚੌਧਰੀ ਨੂੰ ਨਵਾਂ ਨੇਤਾ ਚੁਣ ਲਿਆ ਗਿਆ ਹੈ, ਜਿਸ ਤੋਂ ਬਾਅਦ ਹੁਣ ਉਹ ਬਿਹਾਰ ਦੇ ਅਗਲੇ ਮੁੱਖ ਮੰਤਰੀ ਬਣਨਗੇ। ਇਸ ਬੈਠਕ ਵਿੱਚ ਵਿਜੇ ਸਿਨਹਾ ਨੇ ਉਨ੍ਹਾਂ ਦੇ ਨਾਮ ਦਾ ਪ੍ਰਸਤਾਵ ਰੱਖਿਆ। ਬੈਠਕ ਦੌਰਾਨ ਭਾਜਪਾ ਦੇ ਨਿਗਰਾਨ ਵਜੋਂ ਸ਼ਿਵਰਾਜ ਸਿੰਘ ਚੌਹਾਨ ਅਤੇ ਸੂਬਾ ਪ੍ਰਧਾਨ ਸੰਜੇ ਸਰਾਵਗੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਨੀਤੀਸ਼ ਕੁਮਾਰ ਦਾ ਦੂਜਾ ਸਭ ਤੋਂ ਛੋਟਾ ਕਾਰਜਕਾਲ
ਨੀਤੀਸ਼ ਕੁਮਾਰ ਨੇ ਮੰਗਲਵਾਰ ਨੂੰ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਉਹ ਸਮਰਾਟ ਚੌਧਰੀ ਅਤੇ ਵਿਜੇ ਚੌਧਰੀ ਦੇ ਨਾਲ ਇੱਕੋ ਗੱਡੀ ਵਿੱਚ ਸਵਾਰ ਹੋ ਕੇ ਰਾਜ ਭਵਨ ਪਹੁੰਚੇ ਸਨ। ਦੱਸ ਦੇਈਏ ਕਿ ਨੀਤੀਸ਼ ਕੁਮਾਰ ਨੇ 20 ਨਵੰਬਰ 2025 ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਅਤੇ ਅੱਜ 14 ਅਪ੍ਰੈਲ ਨੂੰ ਅਸਤੀਫ਼ਾ ਦੇਣ ਨਾਲ ਉਨ੍ਹਾਂ ਦਾ ਇਹ ਕਾਰਜਕਾਲ ਮਹਿਜ਼ 145 ਦਿਨਾ ਦਾ ਰਿਹਾ। ਨੀਤੀਸ਼ ਕੁਮਾਰ ਦੇ ਸਿਆਸੀ ਸਫ਼ਰ ਵਿੱਚ ਇਹ ਦੂਜਾ ਮੌਕਾ ਹੈ ਜਦੋਂ ਉਨ੍ਹਾਂ ਦਾ ਕਾਰਜਕਾਲ ਇੰਨਾ ਛੋਟਾ ਰਿਹਾ ਹੋਵੇ; ਇਸ ਤੋਂ ਪਹਿਲਾਂ ਸਾਲ 2000 ਵਿੱਚ ਉਨ੍ਹਾਂ ਨੂੰ ਸਿਰਫ਼ 7 ਦਿਨਾਂ ਬਾਅਦ ਹੀ ਅਹੁਦਾ ਛੱਡਣਾ ਪਿਆ ਸੀ।
ਸਵੇਰ ਤੋਂ ਹੀ ਜਾਰੀ ਸੀ ਸਿਆਸੀ ਸਰਗਰਮੀ
ਬਿਹਾਰ ਵਿੱਚ ਅੱਜ ਸਵੇਰ ਤੋਂ ਹੀ ਸਿਆਸੀ ਮਾਹੌਲ ਕਾਫ਼ੀ ਗਰਮ ਸੀ। ਮੁੱਖ ਮੰਤਰੀ ਨਿਵਾਸ ’ਤੇ ਸੰਜੇ ਝਾਅ, ਵਿਜੇ ਚੌਧਰੀ ਅਤੇ ਲਲਨ ਸਿੰਘ ਵਰਗੇ ਦਿੱਗਜ ਨੇਤਾਵਾਂ ਦੀ ਆਮਦ ਤੋਂ ਬਾਅਦ ਸਮਰਾਟ ਚੌਧਰੀ ਵੀ ਉੱਥੇ ਪਹੁੰਚੇ। ਤਕਰੀਬਨ ਅੱਧਾ ਘੰਟਾ ਚੱਲੀ ਅਹਿਮ ਬੈਠਕ ਤੋਂ ਬਾਅਦ ਜਦੋਂ ਨੀਤੀਸ਼ ਕੁਮਾਰ ਬਾਹਰ ਨਿਕਲੇ ਤਾਂ ਉਨ੍ਹਾਂ ਦੇ ਨਾਲ ਗੱਡੀ ਵਿੱਚ ਸਮਰਾਟ ਚੌਧਰੀ ਦੀ ਮੌਜੂਦਗੀ ਨੇ ਨਵੇਂ ਸਿਆਸੀ ਸਮੀਕਰਨਾਂ ’ਤੇ ਮੋਹਰ ਲਗਾ ਦਿੱਤੀ।
ਆਖਰੀ ਕੈਬਨਿਟ ਬੈਠਕ ਵਿੱਚ ਭਾਵੁਕ ਹੋਏ ਨੀਤੀਸ਼
ਆਪਣੀ ਆਖਰੀ ਕੈਬਨਿਟ ਮੀਟਿੰਗ ਦੌਰਾਨ ਨੀਤੀਸ਼ ਕੁਮਾਰ ਕਾਫ਼ੀ ਭਾਵੁਕ ਨਜ਼ਰ ਆਏ। ਉਨ੍ਹਾਂ ਨੇ ਆਪਣੇ ਮੰਤਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2005 ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੇ ਸੂਬੇ ਦੇ ਵਿਕਾਸ ਲਈ ਜਿੰਨਾ ਸੰਭਵ ਹੋ ਸਕਿਆ, ਕੰਮ ਕੀਤਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਨਵੀਂ ਬਣਨ ਵਾਲੀ ਸਰਕਾਰ ਨੂੰ ਵੀ ਉਨ੍ਹਾਂ ਦਾ ਮਾਰਗਦਰਸ਼ਨ ਮਿਲਦਾ ਰਹੇਗਾ। ਕੈਬਨਿਟ ਦੇ ਕਈ ਮੈਂਬਰਾਂ ਨੇ ਨੀਤੀਸ਼ ਕੁਮਾਰ ਦੇ ਕਾਰਜਕਾਲ ਨੂੰ ਇਤਿਹਾਸਕ ਕਰਾਰ ਦਿੱਤਾ।



