ਖੰਨਾ: ਖੰਨਾ ਦੇ ਕਰਤਾਰ ਨਗਰ ਇਲਾਕੇ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪਾਸਟਰ (ਪਾਦਰੀ) ਵੱਲੋਂ ਪੂਜਾ-ਪਾਠ ਦੇ ਬਹਾਨੇ ਇੱਕ ਨੌਜਵਾਨ ਲੜਕੀ ਨੂੰ ਵਰਗਲਾ ਕੇ 21 ਦਿਨਾਂ ਤੱਕ ਗੈਰ-ਕਾਨੂੰਨੀ ਤਰੀਕੇ ਨਾਲ ਬੰਧਕ ਬਣਾ ਕੇ ਰੱਖਣ ਦੇ ਗੰਭੀਰ ਇਲਜ਼ਾਮ ਲੱਗੇ ਹਨ। ਪੁਲਿਸ ਦੀ ਕਥਿਤ ਢਿੱਲੀ ਕਾਰਗੁਜ਼ਾਰੀ ਕਾਰਨ ਅੰਤ ਵਿੱਚ ਪਰਿਵਾਰ ਨੂੰ ਨਿਹੰਗ ਸਿੰਘਾਂ ਦੀ ਮਦਦ ਲੈਣੀ ਪਈ।
ਪੂਜਾ ਦੇ ਬਹਾਨੇ ਚਰਚ ਲਿਜਾ ਕੇ ਕਮਰੇ ਵਿੱਚ ਕੀਤਾ ਕੈਦ
ਪੀੜਤ ਪਰਿਵਾਰ ਅਨੁਸਾਰ 7 ਜਨਵਰੀ ਨੂੰ ਪਾਸਟਰ ਰਮਨ ਕੁਮਾਰ ਲੜਕੀ ਨੂੰ ਚਰਚ ਲਿਜਾਣ ਦੀ ਗੱਲ ਕਹਿ ਕੇ ਆਪਣੇ ਨਾਲ ਲੈ ਗਿਆ ਸੀ। ਦੋਸ਼ ਹੈ ਕਿ ਉਸ ਨੇ ਲੜਕੀ ਨੂੰ ਕਰਤਾਰ ਨਗਰ ਸਥਿਤ ਆਪਣੇ ਘਰ ਦੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਬਾਹਰੋਂ ਕਿਸੇ ਨਾਲ ਵੀ ਮਿਲਣ ‘ਤੇ ਪਾਬੰਦੀ ਲਗਾ ਦਿੱਤੀ। ਪੀੜਤਾ ਨੇ ਦੱਸਿਆ ਕਿ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਗਿਆ ਅਤੇ ਲੁਧਿਆਣਾ ਸਮੇਤ ਵੱਖ-ਵੱਖ ਥਾਵਾਂ ‘ਤੇ ਲਿਜਾ ਕੇ ਬੰਧਕ ਬਣਾਈ ਰੱਖਿਆ।
ਨਿਹੰਗ ਸਿੰਘਾਂ ਨੇ ਮੌਕੇ ‘ਤੇ ਪਹੁੰਚ ਕੇ ਛੁਡਵਾਈ ਲੜਕੀ
ਜਦੋਂ ਪੀੜਤ ਦੀ ਮਾਂ ਅੱਜ ਸਵੇਰੇ ਲੜਕੀ ਨੂੰ ਮਿਲਣ ਪਹੁੰਚੀ, ਤਾਂ ਪਾਦਰੀ ਨੇ ਸਿਰਫ਼ ਦੋ ਮਿੰਟ ਦੀ ਇਜਾਜ਼ਤ ਦਿੱਤੀ। ਇਸੇ ਦੌਰਾਨ ਲੜਕੀ ਨੇ ਇਸ਼ਾਰਿਆਂ ਵਿੱਚ ਆਪਣੀ ਜਾਨ ਨੂੰ ਖ਼ਤਰਾ ਦੱਸਿਆ। ਪੁਲਿਸ ਤੋਂ ਨਿਰਾਸ਼ ਪਰਿਵਾਰ ਨੇ ਤਰੁਣਾ ਦਲ ਦੇ ਜਥੇਦਾਰ ਸਰਬਜੀਤ ਸਿੰਘ ਖਾਲਸਾ ਨਾਲ ਸੰਪਰਕ ਕੀਤਾ। ਨਿਹੰਗ ਸਿੰਘਾਂ ਦੇ ਜਥੇ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਅਤੇ ਲੜਕੀ ਨੂੰ ਸੁਰੱਖਿਅਤ ਬਾਹਰ ਕੱਢਿਆ। ਜਦੋਂ ਮਾਹੌਲ ਤਣਾਅਪੂਰਨ ਹੋਇਆ ਤਾਂ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ।
ਪੁਲਿਸ ਨੇ ਪਾਸਟਰ ਨੂੰ ਲਿਆ ਹਿਰਾਸਤ ਵਿੱਚ
ਮਾਮਲਾ ਵਧਦਾ ਦੇਖ ਖੰਨਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪਾਸਟਰ ਰਮਨ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਡੀ.ਐਸ.ਪੀ. ਵਿਨੋਦ ਕੁਮਾਰ ਨੇ ਪੁਸ਼ਟੀ ਕੀਤੀ ਹੈ ਕਿ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।



