ਫ਼ਿਰੋਜ਼ਪੁਰ: ਪੰਜਾਬ ਸਰਕਾਰ ਦਾ ਸਿਹਤ ਵਿਭਾਗ ਫ਼ਿਰੋਜ਼ਪੁਰ ਦੀ ਇੱਕ ਨੰਨ੍ਹੀ ਬੱਚੀ ਸਾਵੀ ਲਈ ਉਮੀਦ ਦੀ ਨਵੀਂ ਕਿਰਨ ਬਣ ਕੇ ਬਹੁੜਿਆ ਹੈ। ‘ਰਾਸ਼ਟਰੀ ਬਾਲ ਸਵੱਸਥ ਕਾਰਿਆਕ੍ਰਮ’ (RBSK) ਯੋਜਨਾ ਤਹਿਤ ਦਿਲ ਦੀ ਗੰਭੀਰ ਬਿਮਾਰੀ ਨਾਲ ਜੂਝ ਰਹੀ ਸਵਾ ਸਾਲ ਦੀ ਸਾਵੀ ਦਾ ਲੱਖਾਂ ਰੁਪਏ ਦਾ ਅਪਰੇਸ਼ਨ ਬਿਲਕੁਲ ਮੁਫ਼ਤ ਕਰਵਾਇਆ ਗਿਆ ਹੈ, ਜਿਸ ਸਦਕਾ ਉਹ ਹੁਣ ਇੱਕ ਤੰਦਰੁਸਤ ਜੀਵਨ ਬਤੀਤ ਕਰ ਰਹੀ ਹੈ।
ਆਂਗਣਵਾੜੀ ਕੇਂਦਰ ‘ਚ ਜਾਂਚ ਦੌਰਾਨ ਹੋਇਆ ਬਿਮਾਰੀ ਦਾ ਖੁਲਾਸਾ
ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਿਰੋਜ਼ਪੁਰ ਛਾਉਣੀ ਦੀ ਗਵਾਲ ਮੰਡੀ ਦੇ ਵਸਨੀਕ ਦੀਪੇਸ਼ ਅਤੇ ਗੁਰਮੀਤ ਕੌਰ ਦੀ ਬੇਟੀ ਸਾਵੀ ਜਦੋਂ 9 ਮਹੀਨਿਆਂ ਦੀ ਸੀ, ਤਾਂ ਆਰ.ਬੀ.ਐਸ.ਕੇ. ਦੀ ਅਰਬਨ ਹੈਲਥ ਟੀਮ (ਡਾ. ਲਲਿਤ ਅਤੇ ਡਾ. ਮਨਮੀਤ ਕੌਰ) ਵੱਲੋਂ ਆਂਗਣਵਾੜੀ ਸੈਂਟਰ ਵਿੱਚ ਉਸ ਦੀ ਸਿਹਤ ਜਾਂਚ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਮਾਸੂਮ ਸਾਵੀ ਦੇ ਦਿਲ ਵਿੱਚ ਸੁਰਾਖ (ਛੇਕ) ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਟੀਮ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਫੋਰਟਿਸ ਹਸਪਤਾਲ ‘ਚ ਹੋਇਆ ਸਫ਼ਲ ਆਪ੍ਰੇਸ਼ਨ
ਸਿਹਤ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਬੱਚੀ ਨੂੰ ਉੱਚ ਕੋਟੀ ਦੇ ਇਲਾਜ ਲਈ ਫੋਰਟਿਸ ਹਸਪਤਾਲ ਮੁਹਾਲੀ ਰੈਫ਼ਰ ਕੀਤਾ ਗਿਆ। ਉੱਥੇ ਬੱਚੀ ਦੇ ਦਿਲ ਦਾ ਸਫ਼ਲ ਅਪਰੇਸ਼ਨ ਕਰਵਾਇਆ ਗਿਆ। ਡਾ. ਪਰਾਸ਼ਰ ਨੇ ਦੱਸਿਆ ਕਿ ਅੱਜ ਸਾਵੀ ਦੀ ਦੁਬਾਰਾ ਜਾਂਚ ਕੀਤੀ ਗਈ ਹੈ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ। ਇਸ ਪੂਰੇ ਇਲਾਜ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ ਹੈ ਅਤੇ ਗਰੀਬ ਪਰਿਵਾਰ ਦਾ ਇੱਕ ਰੁਪਿਆ ਵੀ ਖਰਚ ਨਹੀਂ ਹੋਇਆ।
ਪਰਿਵਾਰ ਲਈ ਵਰਦਾਨ ਸਾਬਤ ਹੋਈ ਸਰਕਾਰੀ ਯੋਜਨਾ
ਬੱਚੀ ਦੇ ਮਾਤਾ-ਪਿਤਾ ਨੇ ਖੁਸ਼ੀ ਜ਼ਾਹਿਰ ਕਰਦਿਆਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲਾਂ ਵਿੱਚ ਇਸ ਇਲਾਜ ਦਾ ਖਰਚਾ ਲੱਖਾਂ ਰੁਪਏ ਵਿੱਚ ਸੀ, ਜੋ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਸੀ। ਉਨ੍ਹਾਂ ਕਿਹਾ ਕਿ ਇਸ ਸਰਕਾਰੀ ਯੋਜਨਾ ਨੇ ਉਨ੍ਹਾਂ ਦੀ ਬੇਟੀ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਕੇ ਨਵੀਂ ਜ਼ਿੰਦਗੀ ਦਿੱਤੀ ਹੈ।
ਸਿਵਲ ਸਰਜਨ ਦਾ ਸੁਨੇਹਾ
ਸਿਵਲ ਸਰਜਨ ਨੇ ਕਿਹਾ ਕਿ ਰਾਸ਼ਟਰੀ ਬਾਲ ਸਵੱਸਥ ਕਾਰਿਆਕ੍ਰਮ ਤਹਿਤ ਬੱਚਿਆਂ ਦੀਆਂ 31 ਤਰ੍ਹਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਸਰਕਾਰੀ ਸਿਹਤ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਤਾਂ ਜੋ ਕਿਸੇ ਵੀ ਬੱਚੇ ਦਾ ਇਲਾਜ ਪੈਸੇ ਦੀ ਤੰਗੀ ਕਾਰਨ ਨਾ ਰੁਕੇ।



