ਦਿੱਲੀ : ਚਰਚਿਤ ਸੌਰਭ ਰਾਜਪੂਤ ਕਤਲ ਮਾਮਲੇ ਵਿੱਚ ਅਦਾਲਤ ਨੇ ਮੁਸਕਾਨ ਰਸਤੋਗੀ ਅਤੇ ਉਸ ਦੇ ਪ੍ਰੇਮੀ ਸਾਹਿਲ ਸ਼ੁਕਲਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਸ ਫ਼ੈਸਲੇ ਤੋਂ ਬਾਅਦ ਜਿੱਥੇ ਪੀੜਤ ਪਰਿਵਾਰ ਨੇ ਇਨਸਾਫ਼ ਮਿਲਣ ’ਤੇ ਤਸੱਲੀ ਪ੍ਰਗਟਾਈ ਹੈ, ਉੱਥੇ ਹੀ ਸੌਰਭ ਦੀ ਮਾਂ ਰੇਣੂ ਦੇਵੀ ਨੇ ਮੁਸਕਾਨ ਵੱਲੋਂ ਜੇਲ੍ਹ ਵਿੱਚ ਜੰਮੀ ਛੋਟੀ ਬੱਚੀ ਨੂੰ ਅਪਣਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
“ਇਹ ਬੱਚੀ ਮੇਰੇ ਬੇਟੇ ਦੀ ਨਹੀਂ, ਸੌਰਭ ਦੀ ਮਾਂ ਦਾ ਸਪੱਸ਼ਟ ਬਿਆਨ”
ਸੌਰਭ ਦੀ ਮਾਂ ਰੇਣੂ ਦੇਵੀ ਨੇ ਅਦਾਲਤ ਦੇ ਫ਼ੈਸਲੇ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਅਜਿਹੇ ਘਿਣਾਉਣੇ ਅਪਰਾਧੀਆਂ ਨੂੰ ਸਮਾਜ ਵਿੱਚ ਜਿਉਂਦੇ ਰਹਿਣ ਦਾ ਕੋਈ ਹੱਕ ਨਹੀਂ ਹੈ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਨੇ ਮੁਸਕਾਨ ਦੀ ਜੇਲ੍ਹ ਵਿੱਚ ਜੰਮੀ ਛੋਟੀ ਬੱਚੀ (ਰਾਧਾ) ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਬੱਚੀ ਦਾ ਸੌਰਭ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਬੱਚੀ ਸਾਹਿਲ ਸ਼ੁਕਲਾ ਦੀ ਹੈ।
DNA ਟੈਸਟ ਕਰਵਾਉਣ ਤੋਂ ਵੀ ਕੀਤਾ ਇਨਕਾਰ
ਪਰਿਵਾਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਸ ਮਾਮਲੇ ਵਿੱਚ ਬੱਚੀ ਦਾ ਕੋਈ ਡੀ.ਐੱਨ.ਏ. ਮਿਲਾਨ ਨਹੀਂ ਕਰਵਾਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਸ ਛੋਟੀ ਬੱਚੀ ਨਾਲ ਕੋਈ ਲਾਗਾ-ਦੇਗਾ ਨਹੀਂ ਹੈ। ਰੇਣੂ ਦੇਵੀ ਨੇ ਦੱਸਿਆ ਕਿ ਜਦੋਂ ਇਹ ਬੱਚੀ 24 ਨਵੰਬਰ 2025 ਨੂੰ ਜੇਲ੍ਹ ਦੇ ਅੰਦਰ ਪੈਦਾ ਹੋਈ ਸੀ (ਜਿਸ ਦਿਨ ਸੌਰਭ ਦਾ ਜਨਮਦਿਨ ਵੀ ਸੀ), ਤਾਂ ਸਾਹਿਲ ਨੇ ਖ਼ੁਸ਼ੀ ਵਿੱਚ ਮਠਿਆਈ ਵੰਡਣ ਦੀ ਗੱਲ ਕਹੀ ਸੀ।
ਵੱਡੀ ਬੱਚੀ ‘ਪੀਹੂ’ ਨੂੰ ਲੈ ਕੇ ਪਰਿਵਾਰ ਦਾ ਵੱਖਰਾ ਰੁੱਖ
ਜਿੱਥੇ ਪਰਿਵਾਰ ਨੇ ਛੋਟੀ ਬੱਚੀ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਹੈ, ਉੱਥੇ ਹੀ ਸੌਰਭ ਦੀ ਵੱਡੀ ਬੀਟੀ ‘ਪੀਹੂ’ ਪ੍ਰਤੀ ਪਰਿਵਾਰ ਦਾ ਨਜ਼ਰੀਆ ਵੱਖਰਾ ਹੈ। ਦਾਦੀ ਰੇਣੂ ਦੇਵੀ ਨੇ ਕਿਹਾ ਕਿ ਜੇਕਰ ਪੀਹੂ ਦੇ ਨਾਨਾ-ਨਾਨੀ ਬਿਨਾਂ ਕਿਸੇ ਕਾਨੂੰਨੀ ਅੜਿੱਕੇ ਦੇ ਉਸ ਨੂੰ ਉਨ੍ਹਾਂ ਨੂੰ ਸੌਂਪਣਾ ਚਾਹੁੰਦੇ ਹਨ, ਤਾਂ ਉਹ ਉਸ ਨੂੰ ਆਪਣੇ ਕੋਲ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹਨ।
ਅਦਾਲਤ ਦਾ ਫ਼ੈਸਲਾ ਆਉਣ ਤੋਂ ਬਾਅਦ ਰੇਣੂ ਦੇਵੀ ਦੀਆਂ ਅੱਖਾਂ ਵਿੱਚੋਂ ਖ਼ੁਸ਼ੀ ਅਤੇ ਸੰਤੁਸ਼ਟੀ ਦੇ ਹੰਝੂ ਵਗ ਤੁਰੇ। ਉਨ੍ਹਾਂ ਨੇ ਇਸ ਲੰਬੇ ਕਾਨੂੰਨੀ ਸੰਘਰਸ਼ ਵਿੱਚ ਪੁਲਿਸ ਅਤੇ ਵਕੀਲਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Major accident averted in Kapurthala: ਭੀੜ-ਭੜੱਕੇ ਵਾਲੇ ਇਲਾਕੇ ‘ਚ ਡਿੱਗੀ 50 ਸਾਲ ਪੁਰਾਣੀ ਇਮਾਰਤ ਦੀ ਛੱਤ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



