ਮੁੰਬਈ : ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ 27 ਨਵੰਬਰ 2026 ਨੂੰ ਮੁੰਬਈ ਦੇ ਮਹਾਲਕਸ਼ਮੀ ਰੇਸ ਕੋਰਸ ਵਿਖੇ ਹੋਣ ਵਾਲੇ ਲਾਈਵ ਕੰਸਰਟ ਤੋਂ ਪਹਿਲਾਂ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਪਣਾਇਆ ਹੈ। ਸਮਾਜ ਸੇਵੀ ਡਾ. ਪੰਡਿਤਰਾਓ ਧਰੇਨਵਰ ਦੀ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ (DCPO), ਮੁੰਬਈ ਨੇ ਮੁੰਬਈ ਪੁਲਿਸ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਨੋਟਿਸ ਰਾਹੀਂ ਕੰਸਰਟ ਦੌਰਾਨ ਸ਼ਰਾਬ, ਨਸ਼ਿਆਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਅਤੇ ਗਤੀਵਿਧੀਆਂ ‘ਤੇ ਰੋਕ ਲਗਾਉਣ ਲਈ ਕਿਹਾ ਗਿਆ ਹੈ।
DCPO ਵੱਲੋਂ ਜਾਰੀ ਕੀਤੇ ਗਏ ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਲਾਈਵ ਸ਼ੋਅ ਦੌਰਾਨ ਦਿਲਜੀਤ ਦੋਸਾਂਝ ਨੂੰ ‘ਪਟਿਆਲਾ ਪੈੱਗ’, ‘5 ਤਾਰਾ ਠੇਕੇ’, ‘ਜੀਭ ਵਿੱਚੋਂ ਅਫੀਮ ਲੱਭੀ’ ਅਤੇ ‘ਜੱਟ ਫਾਇਰ ਕਰਦਾ’ ਵਰਗੇ ਗੀਤ ਗਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਬੱਚਿਆਂ ਦੀ ਸੁਰੱਖਿਆ ਅਤੇ ਮਾਨਸਿਕਤਾ ਨੂੰ ਧਿਆਨ ਵਿੱਚ ਰੱਖਦਿਆਂ ਦਿਲਜੀਤ ਦੋਸਾਂਝ ਨੂੰ ਸ਼ੋਅ ਦੌਰਾਨ ਬੱਚਿਆਂ ਨੂੰ ਸਟੇਜ ‘ਤੇ ਨਾ ਬੁਲਾਉਣ ਦਿੱਤਾ ਜਾਵੇ ਅਤੇ ਨਾ ਹੀ ਉਨ੍ਹਾਂ ਨੂੰ ‘ਬੁਲੇਟ ਬੈਲਟ’ (ਗੋਲੀਆਂ ਵਾਲੀ ਪੇਟੀ) ਪਹਿਨਣ ਦੀ ਆਗਿਆ ਦਿੱਤੀ ਜਾਵੇ।
ਇਸ ਦੇ ਨਾਲ ਹੀ ਡਾ. ਪੰਡਿਤਰਾਓ ਧਰੇਨਵਰ ਨੇ ਸਲਮਾਨ ਖਾਨ ਦੀ ਫਿਲਮ ‘ਮਾਤ੍ਰਭੂਮੀ’ ਦੇ ਗੀਤ ‘ਮਦਿਰਾਪਾਨ’ ਵਿਰੁੱਧ ਵੀ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਇਸ ਗੀਤ ਨੂੰ ਮਨਜ਼ੂਰੀ ਦੇਣ ਲਈ ਸੈਂਸਰ ਬੋਰਡ (CBFC) ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਅਤੇ ‘ਚੀਫ਼ ਆਫ਼ ਡਿਫੈਂਸ ਸਟਾਫ’ (CDS) ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਹੈ। ਡਾ. ਧਰੇਨਵਰ ਨੇ ਇਤਰਾਜ਼ ਜਤਾਇਆ ਹੈ ਕਿ ਇਸ ਗੀਤ ਵਿੱਚ ਕਲਾਕਾਰ ਫੌਜੀ ਵਰਦੀ ਪਾ ਕੇ ਨੱਚ ਰਹੇ ਹਨ, ਜੋ ਕਿ ਭਾਰਤੀ ਫੌਜ ਦੀ ਵਰਦੀ ਦਾ ਸਿੱਧਾ ਅਪਮਾਨ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਗੀਤ ਨੂੰ ਫਿਲਮ ਦਾ ਹਿੱਸਾ ਨਾ ਬਣਨ ਦਿੱਤਾ ਜਾਵੇ।
ਦਿਲਜੀਤ ਦੋਸਾਂਝ ਵੱਲੋਂ ਲਗਾਏ ਗਏ ‘ਦੋਹਰੇ ਮਾਪਦੰਡ’ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਡਾ. ਪੰਡਿਤਰਾਓ ਧਰੇਨਵਰ ਨੇ ਕਿਹਾ ਕਿ ਉਨ੍ਹਾਂ ਦੀ ਮੁਹਿੰਮ ਕਿਸੇ ਇੱਕ ਕਲਾਕਾਰ ਵਿਰੁੱਧ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਪਹਿਲਾਂ ਵੀ ਵਿਦੇਸ਼ੀ ਕਲਾਕਾਰਾਂ ‘ਕੋਲਡਪਲੇ’ ਅਤੇ ‘ਐਡ ਸ਼ੀਰਨ’ ਖਿਲਾਫ਼ ਸ਼ਿਕਾਇਤ ਕਰਕੇ ਨੋਟਿਸ ਜਾਰੀ ਕਰਵਾ ਚੁੱਕੇ ਹਨ। ਇਸ ਤੋਂ ਇਲਾਵਾ ਸੁਨਿਧੀ ਚੌਹਾਨ, ਬੱਬੂ ਮਾਨ, ਹਨੀ ਸਿੰਘ ਅਤੇ ਕਰਨ ਔਜਲਾ ਵਰਗੇ ਕਲਾਕਾਰਾਂ ਵਿਰੁੱਧ ਵੀ ਉਨ੍ਹਾਂ ਵੱਲੋਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ, ਜਿਸ ਕਾਰਨ ਉਨ੍ਹਾਂ ਦਾ ਕਹਿਣਾ ਹੈ ਕਿ ਸੱਭਿਆਚਾਰਕ ਗਿਰਾਵਟ ਰੋਕਣ ਲਈ ਸਾਰਿਆਂ ਲਈ ਇੱਕੋ ਜਿਹੇ ਨਿਯਮ ਲਾਗੂ ਕੀਤੇ ਜਾ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



