ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਤਿੰਨ ਰੋਜ਼ਾ ਮੀਟਿੰਗ ਅੱਜ ਵੀਰਵਾਰ ਨੂੰ ਸਮਾਪਤ ਹੋ ਗਈ ਹੈ ਜਿਸ ਤੋਂ ਬਾਅਦ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਪ੍ਰੈਸ ਕਾਨਫਰੰਸ ਕਰਕੇ ਕਮੇਟੀ ਦੁਆਰਾ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰੈਪ ਰੇਟ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਪਰ ਉੱਥੇ ਹੀ ਹੁਣ ਆਮ ਆਦਮੀ ਨੂੰ ਗੋਲਡ ਲੋਨ ਉੱਤੇ ਵੱਡੀ ਰਾਹਤ ਦਿੱਤੀ ਹੈ ਅਤੇ ਸੋਨਾ ਗਿਰਵੀ ਰੱਖਣ ਉੱਤੇ 15 ਫੀਸਦੀ ਜ਼ਿਆਦਾ ਲੋਨ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਗਵਰਨਰ ਸ਼ਕਤੀਕਾਂਤ ਦਾਸ ਨੇ ਜਾਣਕਾਰੀ ਦਿੱਤੀ ਕਿ ਰੈਪੋ ਰੇਟ ਚਾਰ ਫੀਸਦੀ ਉੱਤੇ ਬਰਕਰਾਰ ਹੈ ਅਤੇ ਇਸ ਵਿਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਿਵਰਸ ਰੈਪੋ ਰੇਟ ਵੀ 3.35 ਫੀਸਦੀ ਉੱਤੇ ਸਥਿਰ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵਵਿਆਪੀ ਅਰਥਵਿਵਸਥਾ ਹੁਣ ਵੀ ਕਮਜ਼ੋਰ ਹੈ ਪਰ ਵਿਦੇਸ਼ ਮੁੰਦਰਾ ਭੰਡਾਰ ਵੱਧਣ ਦਾ ਸਿਲਸਿਲਾ ਜਾਰੀ ਹੈ। ਭਾਰਤ ਵਿਚ ਆਰਥਿਕ ਸੁਧਾਰ ਸ਼ੁਰੂ ਹੋ ਗਿਆ ਹੈ ਅਤੇ ਖੁਦਰਾ ਮਹਿੰਗਾਈ ਦਰ ਕੰਟਰੋਲ ਵਿਚ ਹੈ। ਸਸ਼ੀਕਾਂਤ ਨੇ ਦੱਸਿਆ ਕਿ ”ਆਰਬੀਆਈ ਨੇ ਗੋਲਡ ਜਵੈਲਰੀ ਉੱਤੇ ਕਰਜ਼ ਦੀ ਕੀਮਤ ਨੂੰ ਵਧਾ ਦਿੱਤਾ ਹੈ। ਹੁਣ ਗ੍ਰਾਹਕਾਂ ਨੂੰ ਬੈਂਕ ਗੋਲਡ ਜਵੈਲਰੀ ਉੱਤੇ 90 ਫੀਸਦੀ ਤੱਕ ਲੋਨ ਦੇ ਸਕਣਗੇ ਜੋ ਕਿ ਹੁਣ ਤੱਕ 75 ਫੀਸਦੀ ਹੀ ਮਿਲਦਾ ਸੀ। ਹਾਲਾਂਕਿ ਇਹ ਅਸਥਾਈ ਛੋਟ ਹੈ ਜੋ ਕਿ ਅਗਲੇ ਸਾਲ ਮਾਰਚ 2021 ਤੱਕ ਦਿੱਤੀ ਗਈ ਹੈ”। ਭਾਵ ਹੁਣ 6 ਅਗਸਤ ਤੱਕ 1 ਲੱਖ ਦੇ ਗੋਲਡ ਉੱਤੇ 75 ਹਜ਼ਾਰ ਰੁਪਏ ਦਾ ਲੋਨ ਮਿਲ ਰਿਹਾ ਹੈ ਪਰ ਆਰਬੀਆਈ ਦੇ ਫੈਸਲੇ ਤੋਂ ਬਾਅਦ ਭਲਕੇ ਯਾਨੀ 7 ਅਗਸਤ ਤੋਂ 1 ਲੱਖ ਦੇ ਗੋਲਡ ਉੱਤੇ 90 ਹਜ਼ਾਰ ਰੁਪਏ ਦਾ ਲੋਨ ਮਿਲੇਗਾ। ਸਿੱਧੇ ਸ਼ਬਦਾਂ ਵਿਚ ਕਹੀਏ ਤਾਂ 1 ਲੱਖ ਰੁਪਏ ਦਾ ਸੋਨਾ ਗਿਰਵੀ ਰੱਖਣ ਉੱਤੇ 15 ਹਜ਼ਾਰ ਰੁਪਏ ਜ਼ਿਆਦਾ ਲੋਨ ਮਿਲੇਗਾ। ਦੇਸ਼ ਦੀ ਜੀਡੀਪੀ ਦੇ ਬਾਰੇ ਬੋਲਦਿਆਂ ਆਰਬੀਆਈ ਗਵਰਨਰ ਨੇ ਕਿਹਾ ਕਿ ਇਸ ਵਾਰ ਫਿਰ ਜੀਡੀਪੀ ਵਿਕਾਸ ਦਰ ਵਿੱਤੀ ਸਾਲ 2020-21 ਵਿਚ ਨੈਗੇਟਿਵ ਰਹੇਗੀ।

