ਮੁੰਬਈ: ਸੰਗੀਤ ਜਗਤ ਦਾ ਇੱਕ ਚਮਕਦਾ ਸਿਤਾਰਾ ਆਸ਼ਾ ਭੋਂਸਲੇ ਅੱਜ ਹਮੇਸ਼ਾ ਲਈ ਖ਼ਾਮੋਸ਼ ਹੋ ਗਿਆ। ਅੱਜ ਸੋਮਵਾਰ ਨੂੰ ਮੁੰਬਈ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿੱਥੇ ਸੰਗੀਤ, ਖੇਡ ਅਤੇ ਫ਼ਿਲਮੀ ਜਗਤ ਦੀਆਂ ਨਾਮੀ ਹਸਤੀਆਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਵਿਦਾਈ ਦਿੱਤੀ। ਇਸ ਦੌਰਾਨ ਸਭ ਤੋਂ ਦਰਦਨਾਕ ਮੰਜ਼ਰ ਉਨ੍ਹਾਂ ਦੀ ਪੋਤੀ ਜਨਾਈ ਭੋਂਸਲੇ ਦਾ ਸੀ, ਜੋ ਆਪਣੀ ਦਾਦੀ ਦੇ ਵਿਛੋੜੇ ਨੂੰ ਸਹਿਣ ਨਹੀਂ ਕਰ ਪਾ ਰਹੀ ਸੀ ਅਤੇ ਲਗਾਤਾਰ ਅੱਥਰੂ ਵਹਾ ਰਹੀ ਸੀ।
ਦਾਦੀ-ਪੋਤੀ ਦਾ ਅਟੁੱਟ ਰਿਸ਼ਤਾ: ‘ਮੂਲ ਨਾਲੋਂ ਪਿਆਰਾ ਵਿਆਜ’
ਕਿਹਾ ਜਾਂਦਾ ਹੈ ਕਿ ਬਜ਼ੁਰਗਾਂ ਲਈ ਉਨ੍ਹਾਂ ਦੇ ਬੱਚਿਆਂ ਨਾਲੋਂ ਵੀ ਵੱਧ ਪਿਆਰੇ ਉਨ੍ਹਾਂ ਦੇ ਪੋਤੇ-ਪੋਤੀਆਂ ਹੁੰਦੇ ਹਨ। ਆਸ਼ਾ ਤਾਈ ਅਤੇ ਜਨਾਈ ਦਾ ਰਿਸ਼ਤਾ ਵੀ ਕੁਝ ਅਜਿਹਾ ਹੀ ਸੀ। ਜਨਾਈ ਆਪਣੀ ਦਾਦੀ ਨੂੰ ਪਿਆਰ ਨਾਲ ‘ਛੋਟੀ ਸੀ ਆਸ਼ਾ’ ਕਹਿੰਦੀ ਸੀ। ਜਦੋਂ ਜਨਾਈ ਨੇ ਆਪਣਾ ਪਹਿਲਾ ਗੀਤ ਗਾਇਆ ਸੀ, ਤਾਂ ਆਸ਼ਾ ਭੋਂਸਲੇ ਨੇ ਉਸ ਦੀ ਖ਼ੂਬ ਤਾਰੀਫ਼ ਕੀਤੀ ਸੀ। ਦਾਦੀ ਦੇ ਅਚਾਨਕ ਚਲੇ ਜਾਣ ਨਾਲ ਜਨਾਈ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਉਸ ਦੀਆਂ ਭਾਵਨਾਵਾਂ ‘ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ।
ਤੱਬੂ ਅਤੇ ਰਿਤੇਸ਼ ਦੇਸ਼ਮੁਖ ਨੇ ਜਨਾਈ ਨੂੰ ਦਿੱਤਾ ਦਿਲਾਸਾ
ਅੰਤਿਮ ਦਰਸ਼ਨਾਂ ਲਈ ਪਹੁੰਚੀ ਅਦਾਕਾਰਾ ਤੱਬੂ ਨੇ ਜਦੋਂ ਜਨਾਈ ਨੂੰ ਫਫਕ-ਫਫਕ ਕੇ ਰੋਂਦੇ ਦੇਖਿਆ, ਤਾਂ ਉਨ੍ਹਾਂ ਨੇ ਤੁਰੰਤ ਜਨਾਈ ਨੂੰ ਗਲੇ ਲਗਾ ਕੇ ਹੌਸਲਾ ਦਿੱਤਾ। ਇਸੇ ਤਰ੍ਹਾਂ ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਵੀ ਭੋਂਸਲੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਜਨਾਈ ਨੂੰ ਸੰਭਾਲਦਿਆਂ ਆਪਣੀ ਸੰਵੇਦਨਾ ਪ੍ਰਗਟ ਕੀਤੀ। ਜਨਾਈ ਨੂੰ ਇੰਝ ਟੁੱਟਦਿਆਂ ਦੇਖ ਉੱਥੇ ਮੌਜੂਦ ਹਰ ਸ਼ਖ਼ਸ ਦੀ ਅੱਖ ਨਮ ਹੋ ਗਈ।
ਖੇਡ ਜਗਤ ਦੀਆਂ ਹਸਤੀਆਂ ਨੇ ਵੀ ਕੀਤੀ ਸ਼ਿਰਕਤ
ਕ੍ਰਿਕਟ ਜਗਤ ਦੇ ਦਿੱਗਜ ਸਚਿਨ ਤੇਂਦੁਲਕਰ ਆਪਣੀ ਪਤਨੀ ਅੰਜਲੀ ਦੇ ਨਾਲ ਆਸ਼ਾ ਤਾਈ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਸਚਿਨ ਖ਼ੁਦ ਵੀ ਕਾਫੀ ਭਾਵੁਕ ਨਜ਼ਰ ਆਏ ਅਤੇ ਉਨ੍ਹਾਂ ਨੇ ਜਨਾਈ ਨੂੰ ਚੁੱਪ ਕਰਵਾਉਂਦਿਆਂ ਪਰਿਵਾਰ ਨੂੰ ਇਸ ਔਖੀ ਘੜੀ ਵਿੱਚ ਹਿੰਮਤ ਰੱਖਣ ਲਈ ਕਿਹਾ। ਉੱਥੇ ਹੀ ਜਨਾਈ ਦੇ ਮੂੰਹ ਬੋਲੇ ਭਰਾ ਅਤੇ ਕ੍ਰਿਕਟਰ ਮੁਹੰਮਦ ਸਿਰਾਜ ਨੇ ਵੀ ਪਹੁੰਚ ਕੇ ਆਪਣੀ ਭੈਣ ਨੂੰ ਸੰਭਾਲਿਆ। ਜਨਾਈ ਆਪਣੇ ਭਰਾ ਸਿਰਾਜ ਦੇ ਗਲੇ ਲੱਗ ਕੇ ਖ਼ੂਬ ਰੋਈ।






