ਫਿਰੋਜ਼ਪੁਰ : ਸਰਹੱਦ ਪਾਰ ਬੈਠੇ ਪਾਕਿਸਤਾਨੀ ਨਸ਼ਾ ਤਸਕਰ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ। ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਅਧੀਨ ਪੈਂਦੇ ਪਿੰਡ ਕੋਹਾਲਾ ਵਿੱਚ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨੀ ਡਰੋਨ ਅਤੇ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਹੈ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 35 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਕਣਕ ਦੇ ਖੇਤ ਵਿੱਚੋਂ ਮਿਲਿਆ ਡਰੋਨ ਅਤੇ ਲਾਲ ਬੈਗ
ਜਾਣਕਾਰੀ ਅਨੁਸਾਰ ਪਿੰਡ ਕੋਹਾਲਾ ਦੇ ਇੱਕ ਕਿਸਾਨ ਦੇ ਕਣਕ ਦੇ ਖੇਤ ਵਿੱਚ ਇੱਕ ਵੱਡਾ ਡਰੋਨ ਡਿੱਗਿਆ ਹੋਇਆ ਮਿਲਿਆ। ਜਦੋਂ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਤੁਰੰਤ ਮੌਕੇ ‘ਤੇ ਪਹੁੰਚ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਡਰੋਨ ਦੇ ਕੋਲ ਹੀ ਪੀਲੇ ਰੰਗ ਦੇ ਪੈਕੇਟ ਅਤੇ ਇੱਕ ਲਾਲ ਰੰਗ ਦਾ ਬੈਗ ਪਿਆ ਸੀ। ਜਦੋਂ ਪੁਲਿਸ ਨੇ ਇਸ ਲਾਲ ਬੈਗ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚੋਂ ਹੈਰੋਇਨ ਦੇ 15 ਪੈਕੇਟ ਬਰਾਮਦ ਹੋਏ, ਜਿਨ੍ਹਾਂ ਦਾ ਕੁੱਲ ਵਜ਼ਨ 6 ਕਿੱਲੋ 930 ਗ੍ਰਾਮ ਨਿਕਲਿਆ।
ਐੱਸ.ਐੱਸ.ਪੀ. ਫਿਰੋਜ਼ਪੁਰ ਨੇ ਦਿੱਤੀ ਅਹਿਮ ਜਾਣਕਾਰੀ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਡਰੋਨ ਅਤੇ ਨਸ਼ੀਲੇ ਪਦਾਰਥ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਇਹ ਖੇਪ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਸੁੱਟੀ ਗਈ ਸੀ। ਪੁਲਿਸ ਵੱਲੋਂ ਅਣਪਛਾਤੇ ਤਸਕਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਖੇਪ ਭਾਰਤ ਵਿੱਚ ਕਿਸ ਨੇ ਪ੍ਰਾਪਤ ਕਰਨੀ ਸੀ।
ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਸਖ਼ਤ
ਇਸ ਬਰਾਮਦਗੀ ਤੋਂ ਬਾਅਦ ਸਰਹੱਦੀ ਇਲਾਕਿਆਂ ਵਿੱਚ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ। ਐੱਸ.ਐੱਸ.ਪੀ. ਸਿੱਧੂ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਵੱਲੋਂ ਆਸ-ਪਾਸ ਦੇ ਪਿੰਡਾਂ ਵਿੱਚ ਵੀ ਸ਼ੱਕੀ ਹਰਕਤਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।



