LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਿਵ ਇਨ ਵਿਚ ਰਹਿੰਦੇ Couple ਵਿਚ ਤੀਜੇ ਦੀ ਐਂਟਰੀ, ਕੁੜੀ ਪਿੱਛੇ ਮਾਰ'ਤਾ ਮਾਪਿਆਂ ਦਾ ਇਕਲੌਤਾ ਪੁੱਤ

kharar crime liv in

ਖਰੜ : ਇੱਥੋਂ ਦੀ ਦਰਪਣ ਗਰੀਨ ਸੁਸਾਇਟੀ ਸਾਹਮਣੇ ਘਰ ’ਚ ਰਹਿੰਦੇ ਨੌਜਵਾਨ ਦਾ ਉਸ ਦੀ ਹੀ ਗਰਲਫਰੈਂਡ ਤੇ ਦੋਸਤ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ 22 ਸਾਲਾ ਤੁਸ਼ਾਰ ਉਰਫ਼ ਗੋਲੂ ਵਜੋਂ ਹੋਈ ਹੈ। ਮਾਪਿਆਂ ਦਾ ਇਕਲੌਤਾ ਪੁੱਤ ਤੁਸ਼ਾਰ ਮੂਲ ਤੌਰ ’ਤੇ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਸੀ। ਵਾਰਦਾਤ ਨੂੰ ਕਰੀਬ ਅੱਧੀ ਰਾਤ ਵੇਲੇ ਅੰਜਾਮ ਦਿੱਤਾ ਗਿਆ, ਜਿਸ ਦਾ ਸਵੇਰੇ ਕਰੀਬ ਸਾਢੇ 8 ਵਜੇ ਆਂਢ-ਗੁਆਂਢ ਦੇ ਲੋਕਾਂ ਨੂੰ ਪਤਾ ਲੱਗਾ। ਉਪਰਤੰ ਪੁਲਿਸ ਨੂੰ ਸੂਚਨਾ ਦਿੱਤੀ ਗਈ। 
ਡੀਐੱਸਪੀ ਖਰੜ ਸਿਟੀ-1 ਕਰਨ ਸਿੰਘ ਸੰਧੂ, ਸੀਆਈਏ ਇੰਚਾਰਜ ਹਰਮੰਦਰ ਸਿੰਘ ਤੇ ਐੱਸਐੱਚਓ ਸਿਟੀ ਮਨਦੀਪ ਸਿੰਘ ਫਾਰੈਂਸਿਕ ਮਾਹਿਰਾਂ ਸਣੇ ਮੌਕੇ 'ਤੇ ਪੁੱਜ ਗਏ। ਤੁਸ਼ਾਰ ਉਰਫ਼ ਗੋਲੂ ਦਰਪਣ ਸਿਟੀ ਗੇਟ ਨੰਬਰ-1 ਵਾਲੀ ਗਲੀ ਕੋਠੀ ਨੰਬਰ 24 ’ਚ ਪੀਜੀ ’ਚ ਆਪਣੀ ਗਰਲਫਰੈਂਡ ਤਮੰਨਾ ਵਾਸੀ ਜੀਂਦ ਨਾਲ ਲਿਵ ਇਨ ’ਚ ਰਹਿ ਰਿਹਾ ਸੀ। ਇਹ ਕੋਠੀ ਕਰੀਬ ਚਾਰ ਮਹੀਨੇ ਪਹਿਲਾਂ ਹੀ ਬਣ ਕੇ ਤਿਆਰ ਹੋਈ ਸੀ, ਜਿਸ ਦਾ ਮਾਲਕ ਕੁਲਬੀਰ ਵੀ ਜੀਂਦ ਹਰਿਆਣਾ ਨਾਲ ਹੀ ਸਬੰਧਤ ਦੱਸਿਆ ਜਾ ਰਿਹਾ ਹੈ, ਜੋ ਤੁਸ਼ਾਰ ਦਾ ਦੋਸਤ ਹੈ।
ਤੁਸ਼ਾਰ ਨੇ ਤਿੰਨ ਮਹੀਨੇ ਪਹਿਲਾਂ ਹੀ ਇੱਥੇ ਢਾਬੇ ਦਾ ਕੰਮ ਸ਼ੁਰੂ ਕੀਤਾ ਸੀ। ਮਾਲਕ ਵੱਲੋਂ ਤਿੰਨ ਕਮਰੇ ਵੱਖੋ-ਵੱਖ ਮੁੰਡਿਆਂ ਨੂੰ ਕਿਰਾਏ 'ਤੇ ਦਿੱਤੇ ਗਏ ਹਨ, ਜਿੱਥੇ ਇੱਕ ਕਮਰੇ ’ਚ ਤੁਸ਼ਾਰ ਤੇ ਉਸ ਦੀ ਦੋਸਤ, ਜਦੋਂ ਕਿ ਨਾਲ ਵਾਲੇ ਕਮਰੇ ’ਚ ਅਤੇ ਅੱਗੇ ਵਾਲੇ ਕਮਰੇ ’ਚ ਦੋ ਵੱਖੋ-ਵੱਖ ਮੁੰਡੇ ਰਹਿ ਰਹੇ ਹਨ। ਅੱਗੇ ਵਾਲੇ ਕਮਰੇ ’ਚ ਰਹਿਣ ਵਾਲੇ ਨੌਜਵਾਨ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਤੁਸ਼ਾਰ, ਉਸ ਦੀ ਗਰਲਫਰੈਂਡ ਤੇ ਮੋਹਾਲੀ ਨਿਵਾਸੀ ਅਮਨ ਨਾਲ ਵਾਲੇ ਕਮਰੇ ’ਚ ਦੁਕਾਨ ਤੋਂ ਕੁੱਝ ਕੋਲਡ ਡਰਿੰਕ, ਚਿਪਸ ਆਦਿ ਹੋਰ ਖਾਣ-ਪੀਣ ਦਾ ਸਾਮਾਨ ਲੈ ਕੇ ਆਏ ਸਨ। ਇਸ ਤੋਂ ਬਾਅਦ ਤਿੰਨੋਂ ਘਰ ’ਚ ਹੀ ਮੌਜੂਦ ਸਨ। ਰਾਤ ਕਰੀਬ 11.30 ਵਜੇ ਜਦੋਂ ਉਹ ਫਰਿੱਜ ’ਚੋਂ ਪਾਣੀ ਲੈਣ ਲਈ ਗਿਆ ਤਾਂ ਉਸ ਵੇਲੇ ਉਹ ਤਿੰਨੋਂ ਨਾਲ ਵਾਲੇ ਕਮਰੇ ’ਚ ਬੈਠੇ ਗੱਲਾਂ ਕਰ ਰਹੇ ਸਨ। ਉਹ ਖਾਣਾ ਖਾਣ ਲਈ ਵੀ ਗਏ। ਉਦੋਂ ਤੱਕ ਸਭ ਕੁੱਝ ਠੀਕ ਠਾਕ ਚੱਲ ਰਿਹਾ ਸੀ। ਅਮਨ ਤੁਸ਼ਾਰ ਦਾ ਦੋਸਤ ਸੀ, ਜੋ ਅਕਸਰ ਉਸ ਕੋਲ ਆਉਂਦਾ ਰਹਿੰਦਾ ਸੀ ਤੇ ਰਾਤ ਨੂੰ ਰੁਕਦਾ ਵੀ ਸੀ। ਤੁਸ਼ਾਰ ਨੇ ਬੁਲਟ ਰੱਖਿਆ ਹੋਇਆ ਸੀ। ਰਾਤ ਕਰੀਬ ਡੇਢ ਵਜੇ ਤੱਕ ਅਮਨ ਦਾ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਮਕਾਨ ਬਾਹਰ ਖੜ੍ਹਾ ਦੇਖਿਆ ਗਿਆ ਸੀ ਪਰ ਬਾਅਦ ’ਚ ਉੱਥੇ ਨਹੀਂ ਸੀ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅੱਧੀ ਰਾਤ ਡੇਢ ਵਜੇ ਤੋਂ ਲੈ 2 ਵਜੇ ਦਰਮਿਆਨ ਕੁੱਝ ਵਾਪਰਿਆ, ਜਿਸ ਪਿੱਛੋਂ ਅਮਨ ਤੇ ਤਮੰਨਾ ਮੌਕੇ ਤੋਂ ਫ਼ਰਾਰ ਹੋ ਗਏ। ਇਸ ਤੋਂ ਬਾਅਦ, ਉਨ੍ਹਾਂ ਦੇ ਮੋਬਾਈਲ ਵੀ ਸਵਿੱਚ ਆਫ ਆ ਰਹੇ ਸਨ। 

ਮਕਾਨ ਮਾਲਕ ਨੇ ਭੇਜਿਆ ਸੀ ਸੁਨੇਹਾ ਪਰ...
ਦਰਅਸਲ ਮਕਾਨ ਮਾਲਕ ਕੁਲਬੀਰ ਸਵੇਰੇ ਤੁਸ਼ਾਰ ਨੂੰ ਫੋਨ ਕਰ ਰਿਹਾ ਸੀ, ਜਿਸ ਦਾ ਉਸ ਵੱਲੋਂ ਜਵਾਬ ਨਾ ਦਿੱਤੇ ਜਾਣ ’ਤੇ ਮਕਾਨ ਮਾਲਕ ਨੇ ਉੱਪਰਲੀ ਮੰਜ਼ਲ ’ਤੇ ਰਹਿਣ ਵਾਲੇ ਮੁੰਡੇ ਨੂੰ ਥੱਲੇ ਭੇਜ ਕੇ ਤੁਸ਼ਾਰ ਨੂੰ ਫੋਨ ਚੁੱਕਣ ਦਾ ਸੁਨੇਹਾ ਭੇਜਿਆ। ਤੁਸ਼ਾਰ ਨੂੰ ਕੰਬਲ ਲੈ ਕੇ ਸੁੱਤਾ ਪਿਆ ਸਮਝ ਕੇ ਉਹ ਮੁੰਡਾ ਉੱਥੋਂ ਚਲਾ ਗਿਆ ਪਰ ਕੁਝ ਸਮੇਂ ਪਿੱਛੋਂ ਮਾਲਕ ਦੇ ਮੁੜ ਕਹਿਣ ’ਤੇ ਉਸ ਮੁੰਡੇ ਨੇ ਮੁੜ ਉੱਥੇ ਬੈੱਡ ’ਤੇ ਪਏ ਤੁਸ਼ਾਰ ਉੱਤੋਂ ਕੰਬਲ ਚੁੱਕ ਕੇ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਅੱਗੇ ਉਸ ਦੀ ਹਾਲਤ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਤੁਸ਼ਾਰ ਨੂੰ ਖ਼ੂਨ ’ਚ ਲੱਥਪੱਥ ਦੇਖ ਕੇ ਉਹ ਹੈਰਾਨ ਰਹਿ ਗਿਆ। ਉਸ ਦੇ ਚਿਹਰੇ ’ਤੇ ਸੱਜੇ ਪਾਸੇ ਕਿਸੇ ਜ਼ੋਰਦਾਰ ਮਜ਼ਬੂਤ ਚੀਜ਼ ਨਾਲ ਵਾਰ ਕੀਤੇ ਗਏ ਸਨ। ਚਿਹਰੇ ਦੀ ਹਾਲਤ ਬੇਹੱਦ ਖ਼ਰਾਬ ਸੀ। ਕਮਰੇ ਤੋਂ ਲੈ ਕੇ ਵਾਸ਼ਰੂਮ ਤੱਕ ਖ਼ੂਨ ਨਾਲ ਲਿਬੜੇ ਕਾਤਲ ਦੇ ਜੁੱਤਿਆਂ ਦੇ ਨਿਸ਼ਾਨ ਫਰਸ਼ ’ਤੇ ਸਾਫ਼ ਨਜ਼ਰ ਆ ਰਹੇ ਸਨ।

ਮੌਕੇ ਤੋਂ ਮਿਲੀ ਸ਼ਰਾਬ ਤੇ ਡਿਸਪੋਜ਼ਲ ਗਲਾਸ
ਪੁਲਿਸ ਨੂੰ ਮੌਕੇ ’ਤੇ ਦੋ ਡਿਸਪੋਜ਼ਲ ਗਲਾਸ ਤੇ ਇੱਕ ਸ਼ਰਾਬ ਦੀ ਬੋਤਲ ਵੀ ਬਰਾਮਦ ਹੋਈ। ਇਸ ਤੋਂ ਪਤਾ ਲੱਗ ਰਿਹਾ ਸੀ ਕਿ ਰਾਤ ਨੂੰ ਕਮਰੇ ’ਚ ਤੁਸ਼ਾਰ ਤੇ ਉਸ ਦੇ ਸਾਥੀਆਂ ਨੇ ਬੈਠ ਕੇ ਸ਼ਰਾਬ ਵੀ ਪੀਤੀ ਹੋਵੇਗੀ। ਬੈੱਡ 'ਤੇ ਪਿਆ ਸਿਰਹਾਣਾ ਖ਼ੂਨ ਨਾਲ ਪੂਰੀ ਤਰ੍ਹਾਂ ਭਿੱਜਿਆ ਹੋਇਆ ਸੀ। ਕਤਲ ਮੌਕੇ ਅੱਗੇ ਵਾਲੇ ਕਮਰੇ ਤੇ ਉੱਪਰ ਵਾਲੇ ਕਮਰੇ ’ਚ ਮੁੰਡੇ ਮੌਜੂਦ ਸਨ ਪਰ ਕਿਸੇ ਨੂੰ ਵੀ ਕੋਈ ਚੀਕ ਜਾਂ ਲੜਾਈ-ਝਗੜੇ, ਹੱਥੋਪਾਈ ਦੀ ਆਵਾਜ਼ ਸੁਣਾਈ ਨਹੀਂ ਦਿੱਤੀ। ਮੌਕੇ ’ਤੇ ਪਹੁੰਚ ਕੇ ਪੁਲਿਸ ਨੇ ਮ੍ਰਿਤਕ ਦੇ ਘਰ ਵਾਲਿਆਂ ਨੂੰ ਸੰਪਰਕ ਕਰ ਕੇ ਸਾਰੀ ਜਾਣਕਾਰੀ ਦਿੱਤੀ ਤੇ ਕੁੜੀ ਦੇ ਘਰ ਵਾਲਿਆਂ ਨੂੰ ਵੀ ਸੂਚਿਤ ਕਰ ਦਿੱਤਾ। ਜਾਣਕਾਰੀ ਮੁਤਾਬਕ ਤੁਸ਼ਾਰ ਤੇ ਤਮੰਨਾ ਦੋਵੇਂ ਕਰੀਬ ਢਾਈ ਸਾਲ ਤੋਂ ਰਿਲੇਸ਼ਨ ’ਚ ਸਨ। ਪੁਲਿਸ ਨੇ ਮ੍ਰਿਤਕ ਦਾ ਮੋਬਾਈਲ ਬਰਾਮਦ ਕਰ ਲਿਆ ਹੈ, ਜਿਸ ਤੋਂ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ।

ਨਵਾਂਗਰਾਓਂ ਤੋਂ ਦੋਵੇਂ ਕਾਬੂ
ਡੀਐੱਸਪੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਕਤਲ ਦੇ ਦੋਵੇਂ ਮੁਲਜ਼ਮ ਤੁਸ਼ਾਰ ਦੀ ਗਰਲਫਰੈਂਡ ਤਮੰਨਾ ਤੇ ਤੁਸ਼ਾਰ ਦਾ ਦੋਸਤ ਅਮਨ ਸ਼ੁਕਲਾ ਖ਼ਿਲਾਫ਼ ਤੁਸ਼ਾਰ ਦੇ ਪਿਤਾ ਸੁਭਾਸ਼ ਚੰਦਰ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਕਤਲ ਦਰਜ ਕੀਤਾ ਗਿਆ। ਇਸ ਪਿੱਛੋਂ ਗਠਿਤ ਕੀਤੀਆਂ ਗਈਆਂ ਵੱਖ-ਵੱਖ ਪੁਲਿਸ ਟੀਮਾਂ ਨੇ ਦੋਵਾਂ ਨੂੰ ਨਵਾਂਗਰਾਂਓ ਤੋਂ ਕਾਬੂ ਕਰ ਲਿਆ, ਜਿਨ੍ਹਾਂ ਨੇ ਸ਼ੁਰੂਆਤੀ ਪੁੱਛਗਿੱਛ ਦੌਰਾਨ ਮੰਨਿਆ ਕਿ ਬੀਤੀ ਰਾਤ ਖਾਣਾ ਖਾਣ ਤੋਂ ਬਾਅਦ ਤਮੰਨਾ ਦੀ ਵਜ੍ਹਾ ਕਾਰਨ ਅਮਨ ਤੇ ਤੁਸ਼ਾਰ ਦੋਵਾਂ ’ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ, ਜੋ ਇਸ ਕਦਰ ਵੱਧ ਗਈ ਕਿ ਅਮਨ ਨੇ ਰਸੋਈ ’ਚ ਰੱਖਿਆ ਸਿਲੰਡਰ ਚੁੱਕ ਕੇ ਤੁਸ਼ਾਰ ਦੇ ਸਿਰ ’ਚ ਮਾਰ ਦਿੱਤਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਜ਼ਿੰਦਗੀ ’ਚ ਤੀਜਾ ਆਉਣ ਨਾਲ ਆਈ ਸਬੰਧਾਂ ’ਚ ਕੁੜੱਤਣ
ਦਰਅਸਲ ਤਮੰਨਾ ਅਤੇ ਤੁਸ਼ਾਰ ਦੋਵੇਂ ਕਾਫ਼ੀ ਦੇਰ ਤੋ ਰਿਲੇਸ਼ਨ ’ਚ ਸਨ ਪਰ ਹੁਣ ਦੋਵਾਂ ਦਰਮਿਆਨ ਤੀਜਾ ਅਮਨ ਆ ਚੁੱਕਾ ਸੀ। ਤਮੰਨਾ ਦਾ ਝੁਕਾਅ ਅਮਨ ਵੱਲ ਹੋਣ ਲੱਗਾ ਸੀ, ਜੋ ਤੁਸ਼ਾਰ ਨੂੰ ਬਰਦਾਸ਼ਤ ਨਹੀਂ ਸੀ। ਇਸੇ ਦਰਮਿਆਨ ਤਮੰਨਾ ਤੇ ਤੁਸ਼ਾਰ ਦੇ ਸਬੰਧਾਂ ’ਚ ਕੁੜੱਤਣ ਆਉਣੀ ਸ਼ੁਰੂ ਹੋ ਚੁੱਕੀ ਸੀ। ਤਮੰਨਾ ਨਾਲ ਨੇੜਤਾ ਵੱਧਣ ਕਾਰਨ ਅਮਨ ਦਾ ਇੱਥੇ ਆਉਣਾ-ਜਾਣਾ ਵੀ ਕਾਫ਼ੀ ਵੱਧ ਚੁੱਕਾ ਸੀ। ਬੀਤੀ ਰਾਤ ਜਦੋਂ ਅਮਨ ਇੱਥੇ ਮੌਜੂਦ ਸੀ ਤਾਂ ਤਮੰਨਾ ਤੇ ਤੁਸ਼ਾਰ ਦੋਵਾਂ ’ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਤਾਂ ਅਮਨ ਨੇ ਉਸ ’ਚ ਦਖ਼ਲ ਦਿੰਦਿਆਂ ਤੁਸ਼ਾਰ ਨੂੰ ਗ਼ਲਤ ਕਹਿਣਾ ਸ਼ੁਰੂ ਕਰ ਦਿੱਤਾ। ਇਸੇ ਬਹਿਸ ’ਚ ਤੁਸ਼ਾਰ ਦੀ ਜਾਨ ਚਲੀ ਗਈ। ਦੋਵੇਂ ਮੁਲਜ਼ਮਾਂ ਨੂੰ ਸੋਮਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਤੁਸ਼ਾਰ ਦੀ ਲਾਸ਼ ਸਿਵਲ ਹਸਪਤਾਲ ਖਰੜ ਮੌਰਚਰੀ ਵਿਖੇ ਸ਼ਿਫਟ ਕਰਵਾ ਦਿੱਤੀ ਗਈ ਹੈ, ਜਿਸ ਦਾ ਪੋਸਟਮਾਰਟਮ ਕਰਵਾਉਣ ਪਿੱਛੋਂ ਉਸ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਜਾਵੇਗਾ।

In The Market