LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਰਾਜਨੀਤਿਕ ਮੁੱਦਿਆਂ ’ਤੇ ਰਾਸ਼ਟਰਮੰਡਲ ਦੇਸ਼ਾਂ ਦਰਮਿਆਨ ਬਿਹਤਰ ਤਾਲਮੇਲ ਦੀ ਵਕਾਲਤ

ku00236

ਚੰਡੀਗੜ੍ਹ: ਕੈਨੇਡਾ ਨਾਲ ਚੱਲ ਰਹੇ ਰੇੜਕੇ ਦਰਮਿਆਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕੁੱਝ ਸਿਆਸੀ ਮੁੱਦਿਆਂ ’ਤੇ ਰਾਸ਼ਟਰਮੰਡਲ ਦੇਸ਼ਾਂ ਦਰਮਿਆਨ ਬਿਹਤਰ ਤਾਲਮੇਲ ’ਤੇ ਜ਼ੋਰ ਦਿੱਤਾ ਹੈ।
ਘਾਨਾ ਵਿਖੇ ਕਾਮਨਵੈਲਥ ਪਾਰਲੀਮੈਂਟਰੀ ਕਾਨਫਰੰਸ (ਸੀ.ਪੀ.ਸੀ.) ਦੌਰਾਨ ਸਪੀਕਰ ਨੇ ਕਿਹਾ ਕਿ ਕੁੱਝ ਮੁੱਦਿਆਂ ਨੂੰ ਬੇਲੋੜੀਆਂ ਦਲੀਲਾਂ ਦੇ ਕੇ ਉਭਾਰਿਆ ਗਿਆ ਹੈ। ਕਿਸੇ ਦੇਸ਼ ਦਾ ਨਾਂ ਲਏ ਬਗੈਰ ਉਨ੍ਹਾਂ ਕਿਹਾ ਕਿ ਰਾਸ਼ਟਰਮੰਡਲ ਦੇਸ਼ਾਂ ਦਰਮਿਆਨ ਬਿਹਤਰ ਤਾਲਮੇਲ ਨਾਲ ਇਸ ਰੁਝਾਨ ਨੂੰ ਸ਼ੁਰੂ ਵਿੱਚ ਹੀ ਠੱਲ੍ਹ ਪਾਉਣੀ ਚਾਹੀਦੀ ਹੈ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹ ਗੈਰ-ਵਾਜਬ ਮੁੱਦੇ ਸਹਿਹੋਂਦ ਦੇ ਅਨੁਕੂਲ ਮਾਹੌਲ ਵਿਚ ਰੁਕਾਵਟ ਪੈਦਾ ਕਰਦੇ ਹਨ।
ਸਪੀਕਰ ਨੇ ਅੱਗੇ ਕਿਹਾ ਕਿ ਪੂਰੀ ਦੁਨੀਆਂ ਵਾਤਾਵਰਣ ਦੇ ਪੱਖ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਅਤੇ ਅਸੀਂ (ਰਾਸ਼ਟਰਮੰਡਲ ਦੇਸ਼) ਮਿਲ ਕੇ ਸਾਰਿਆਂ ਲਈ ਸਥਾਈ ਵਾਤਾਵਰਣ ਸਿਰਜਣ ਵਾਸਤੇ ਸਮਾਜ ਵਿੱਚ ਬਦਲਾਅ ਲਿਆ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਮੋਹਰੀ ਭੂਮਿਕਾ ਨਿਭਾਉਣ ਦਾ ਜ਼ਿੰਮਾ ਵਿਕਸਤ ਦੇਸ਼ਾਂ ਦੇ ਸਿਰ ਹੈ।
ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਉਨ੍ਹਾਂ ਨੇ ਪ੍ਰਵਾਸੀ ਪੰਜਾਬੀਆਂ ਨਾਲ ਮੁਲਾਕਾਤ ਵੀ ਕੀਤੀ।
ਜ਼ਿਕਰਯੋਗ ਹੈ ਕਿ ਸਾਲਾਨਾ ਸਮਾਗਮ ਕਾਮਨਵੈਲਥ ਪਾਰਲੀਮੈਂਟਰੀ ਕਾਨਫਰੰਸ (ਸੀ.ਪੀ.ਸੀ.) ਵਿਸ਼ਵ ਰਾਜਨੀਤਿਕ ਮੁੱਦਿਆਂ ’ਤੇ ਚਰਚਾ ਕਰਨ ਅਤੇ ਇਸ ’ਤੇ ਸਹਿਮਤੀ ਬਣਾਉਣ ਲਈ ਰਾਸ਼ਟਰਮੰਡਲ ਦੇਸ਼ਾਂ ਦੇ ਸੰਸਦ ਮੈਂਬਰਾਂ ਨੂੰ ਇੱਕ ਮੰਚ ‘ਤੇ ਇੱਕਠਾ ਕਰਦਾ ਹੈ। ਦੱਸਣਯੋਗ ਹੈ ਕਿ ਕੈਨੇਡਾ ਪਹਿਲੀ ਵਾਰ 1931 ਵਿੱਚ ਬ੍ਰਿਟਿਸ਼ ਕਾਮਨਵੈਲਥ ਵਿੱਚ ਇੱਕ ਸੁਤੰਤਰ ਰਾਜ ਵਜੋਂ ਸ਼ਾਮਲ ਹੋਇਆ ਸੀ।

In The Market