ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ਵਿੱਚ ਉਤਾਰਨ 'ਤੇ ਭਾਜਪਾ ਦੇ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਤੰਜ ਕੱਸਿਆ ਹੈ। ਬਿੱਟੂ ਨੇ ਕਿਹਾ ਕਿ ਕਾਂਗਰਸ ਲਈ ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਲੋਕ ਸਭਾ ਚੋਣਾਂ ਲੜਨ ਲਈ ਉਨ੍ਹਾਂ ਨੂੰ ਲੁਧਿਆਣਾ ਤੋਂ ਕੋਈ ਵੀ ਸਥਾਨਕ ਆਗੂ ਨਹੀਂ ਮਿਲਿਆ।ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਲੁਧਿਆਣਾ ਆਏ ਹਨ, ਮਨਾ ਕੇ ਚਲੇ ਜਾਣਗੇ। ਇਹ ਲੁਧਿਆਣਾ ਦੇ ਸਮੁੱਚੇ ਕਾਂਗਰਸ ਪਾਰਟੀ ਕੇਡਰ ਲਈ ਇਹ ਸਦਮੇ ਦੀ ਗੱਲ ਹੈ ਕਿ ਪਾਰਟੀ ਨੂੰ ਪੰਜਾਬ ਦੀ ਵਪਾਰਕ ਰਾਜਧਾਨੀ ਵਿੱਚੋਂ ਕੋਈ ਆਗੂ ਨਹੀਂ ਮਿਲਿਆ। ਇਸ ਲਈ ਪਾਰਟੀ ਪ੍ਰਧਾਨ ਨੂੰ ਉਮੀਦਵਾਰ ਐਲਾਨਿਆ ਗਿਆ।
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹਾਲਤ ਖ਼ਰਾਬ ਹੈ, ਜਿਸ ਕਰ ਕੇ ਪਾਰਟੀ ਨੂੰ ਬਾਹਰਲੇ ਜ਼ਿਲ੍ਹਿਆਂ ਤੋਂ ਕਾਂਗਰਸੀ ਉਮੀਦਵਾਰ ਲਿਆਉਣੇ ਪਏ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਦਿੱਲੀ ਵਿੱਚ ਵੀ ਕਾਂਗਰਸ ਦੀ ਹਾਲਤ ਵਿਗੜ ਗਈ ਹੈ। ਉੱਥੇ ਹੀ ਅਰਵਿੰਦ ਸਿੰਘ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਆਪਣੀ ‘ਸਮਰ ਰੀਟਰੀਟ’ ਦਾ ਆਨੰਦ ਲੈਣ ਲੁਧਿਆਣਾ ਆ ਰਹੀ ਹੈ। ਲੁਧਿਆਣਾ ਦੇ ਵੋਟਰ ਬਾਹਰਲੇ ਵਿਅਕਤੀ ਨੂੰ ਆਪਣਾ ਉਮੀਦਵਾਰ ਕਿਵੇਂ ਮੰਨ ਸਕਦੇ ਹਨ?
ਗਿੱਦੜਬਾਹਾ ਦੇ ਲੋਕਾਂ ਨੂੰ ਕੀ ਸੁਨੇਹਾ ਜਾਵੇਗਾ-ਬਿੱਟੂ
ਉਨ੍ਹਾਂ ਇਹ ਵੀ ਕਿਹਾ ਕਿ ਵੜਿੰਗ ਗਿੱਦੜਬਾਹਾ ਤੋਂ ਮੌਜੂਦਾ ਵਿਧਾਇਕ ਵੀ ਹਨ, ਅਜਿਹੇ 'ਚ ਗਿੱਦੜਬਾਹਾ ਦੇ ਵੋਟਰ ਕੀ ਕਹਿਣਗੇ ਕਿ ਸਾਡਾ ਨੁਮਾਇੰਦਾ ਸਾਡੇ ਤੋਂ ਭੱਜ ਗਿਆ ਹੈ। ਬਿੱਟੂ ਨੇ ਕਿਹਾ, ਮੈਂ ਵੜਿੰਗ ਨਾਲ ਕੰਮ ਕੀਤਾ ਹੈ ਅਤੇ ਸਾਡਾ ਬਹੁਤ ਹੀ ਗੂੜ੍ਹਾ ਰਿਸ਼ਤਾ ਹੈ ਪਰ ਚੋਣਾਂ ਭਾਵਨਾਵਾਂ ਅਤੇ ਰਿਸ਼ਤਿਆਂ 'ਤੇ ਨਹੀਂ ਲੜੀਆਂ ਜਾਂਦੀਆਂ। ਕਾਂਗਰਸ ਪਾਰਟੀ ਪਹਿਲਾਂ ਹੀ ਕਿਸੇ ਬਾਹਰੀ ਵਿਅਕਤੀ ਨੂੰ ਮੈਦਾਨ ਵਿੱਚ ਉਤਾਰ ਕੇ ਆਪਣੀ ਹਾਰ ਮੰਨ ਚੁੱਕੀ ਹੈ।