LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਜੀਲੈਂਸ ਵੱਲੋਂ ਲੁਧਿਆਣਾ ਦੇ ਝੋਨਾ ਘੁਟਾਲੇ 'ਚ ਸ਼ਾਮਲ ਇੱਕ ਹੋਰ ਮੁਲਜ਼ਮ ਵਪਾਰੀ ਗ੍ਰਿਫ਼ਤਾਰ

h330005

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਇੱਕ ਹੋਰ ਵਪਾਰੀ ਪਰਮਜੀਤ ਚੇਚੀ ਵਾਸੀ ਸ਼ਾਸ਼ਤਰੀ ਨਗਰ, ਜਗਰਾਉਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਮੈਸਰਜ਼ ਗੁਰਦਾਸ ਰਾਮ ਐਂਡ ਸੰਨਜ਼ ਫਰਮ ਦਾ ਮਾਲਕ ਹੈ। ਲੁਧਿਆਣਾ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਹੋਏ ਚਰਚਿਤ ਝੋਨਾ ਘੁਟਾਲੇ ਵਿੱਚ ਉਹ ਆਪਣੀ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਅੱਜ ਉਸ ਵੱਲੋਂ ਲੁਧਿਆਣਾ ਦੀ ਅਦਾਲਤ ਵਿੱਚ ਆਤਮ ਸਮਰਪਣ ਕਰਨ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਪਰੰਤ ਅਦਾਲਤ ਨੇ ਬਿਊਰੋ ਨੂੰ ਤਿੰਨ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ। ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਸੁਪਰੀਮ ਕੋਰਟ ਨੇ ਪਹਿਲਾਂ ਥਹੀ ਖਾਰਜ ਕਰ ਦਿੱਤੀ ਸੀ ਅਤੇ ਉਸ ਨੂੰ ਵਿਜੀਲੈਂਸ ਬਿਊਰੋ ਦੇ ਸਾਹਮਣੇ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਉਕਤ ਵਿਭਾਗ ਦੇ ਭਗੌੜਾ ਕਰਾਰ ਦਿੱਤੇ ਜਾ ਚੁੱਕੇ ਮੁਅੱਤਲ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਨਾਲ ਨੇੜਲੇ ਸਬੰਧ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਪਰਮਜੀਤ ਚੇਚੀ ਨੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਨਾਲ ਕਾਰਾਂ, ਸਕੂਟਰਾਂ ਆਦਿ ਦੇ ਰਜਿਸਟ੍ਰੇਸ਼ਨ ਨੰਬਰ ਵਾਲੇ ਵਾਹਨਾਂ ਦੀਆਂ ਸੂਚੀਆਂ ਵਾਲੇ ਟੈਂਡਰ ਦਸਤਾਵੇਜ਼  ਠੇਕੇ ਲੈਣ ਵੇਲੇ ਜਮ੍ਹਾਂ ਕਰਵਾ ਕੇ ਜਗਰਾਉਂ ਕਲੱਸਟਰ ਦੀਆਂ ਅਨਾਜ ਮੰਡੀਆਂ ਦੇ ਠੇਕੇ ਹਾਸਲ ਕੀਤੇ। ਪੜਤਾਲ ਦੌਰਾਨ ਇਹ ਰਜਿਸਟ੍ਰੇਸ਼ਨ ਨੰਬਰ ਅਤੇ ਅਨਾਜ ਸਟੋਰ ਕਰਨ ਲਈ ਜਾਰੀ ਕੀਤੇ ਗੇਟ ਪਾਸ ਵੀ ਜਾਅਲੀ ਉਕਤ ਕਾਰ, ਸਕੂਟਰ ਆਦਿ ਦੇ ਨੰਬਰਾਂ ਵਾਲੇ ਜਾਅਲੀ ਨੰਬਰਾਂ ਵਾਲੇ ਪਾਏ ਗਏ ਸਨ।

ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਪਹਿਲਾਂ ਹੀ ਐਫ.ਆਈ.ਆਰ. ਨੰਬਰ 11, ਮਿਤੀ 16.08.22 ਨੂੰ ਆਈ.ਪੀ.ਸੀ. ਦੀ ਧਾਰਾ 420, 465, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7, 8, 12, 13(2) ਤਹਿਤ ਮੁਕੱਦਮਾ ਦਰਜ ਹੈ। ਇਸ ਮੁਕੱਦਮੇ ਵਿੱਚ ਸ਼ਾਮਲ 16 ਮੁਲਜ਼ਮਾਂ ਵਿੱਚੋਂ 12 ਮੁਲਜ਼ਮ ਜਿੰਨਾ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਤੇਲੂ ਰਾਮ, ਜਗਰੂਪ ਸਿੰਘ ਤੇ ਸੰਦੀਪ ਭਾਟੀਆ (ਤਿੰਨੋਂ ਠੇਕੇਦਾਰ), ਅਨਿਲ ਜੈਨ, ਕਿਸ਼ਨ ਲਾਲ ਧੋਤੀਵਾਲਾ, ਸੁਰਿੰਦਰ ਕੁਮਾਰ ਧੋਤੀਵਾਲਾ ਤੇ ਕਾਲੂ ਰਾਮ (ਚਾਰੇ ਆੜ੍ਹਤੀ), ਡੀ.ਐਫ਼.ਐਸ.ਸੀ. ਹਰਵੀਨ ਕੌਰ ਤੇ ਸੁਖਵਿੰਦਰ ਸਿੰਘ ਗਿੱਲ ਤੋਂ ਇਲਾਵਾ ਸਾਬਕਾ ਮੰਤਰੀ ਆਸ਼ੂ ਦੇ ਦੋ ਪ੍ਰਾਈਵੇਟ ਸਹਾਇਕਾਂ ਪੰਕਜ ਉਰਫ਼ ਮੀਨੂੰ ਮਲਹੋਤਰਾ ਅਤੇ ਇੰਦਰਜੀਤ ਇੰਦੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੋ ਹੋਰ ਮੁਲਜ਼ਮਾਂ ਸੁਰਿੰਦਰ ਬੇਰੀ ਡੀ.ਐਫ.ਐਸ.ਸੀ. (ਸੇਵਾਮੁਕਤ) ਅਤੇ ਜਗਨਦੀਪ ਢਿੱਲੋਂ ਡੀਐਮ ਪਨਸਪ ਨੂੰ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਚਰਚਿਤ ਕੇਸ ਵਿੱਚ ਇੱਕ ਹੋਰ ਉਕਤ ਮੁੱਖ ਮੁਲਜ਼ਮ ਆਰ.ਕੇ. ਸਿੰਗਲਾ, ਡਿਪਟੀ ਡਾਇਰੈਕਟਰ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਅਦਾਲਤ ਵੱਲੋਂ ਪਹਿਲਾਂ ਹੀ ਭਗੌੜਾ ਮੁਲਜ਼ਮ ਕਰਾਰ ਦਿੱਤਾ ਜਾ ਚੁੱਕਾ ਹੈ।

 
 
In The Market