LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਜ਼ੀਮਪੁਰਾ ਦੀਆਂ ਔਰਤਾਂ ਨੇ ਅਕਾਲੀ ਆਗੂ ਜ਼ਾਹਿਦਾ ਸੁਲੇਮਾਨ ਨੂੰ ਸੁਣਾਈ ਨੀਲੇ ਕਾਰਡ ਕੱਟੇ ਜਾਣ ਦੀ ਵਿੱਥਿਆ

bab58963

ਮਾਲੇਰਕੋਟਲਾ : ਗ਼ਰੀਬਾਂ ਦੇ ਨੀਲੇ ਕਾਰਡ ਕੱਟੇ ਜਾਣ ਦੀ ਹਰਕਤ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਹਿੰਗੀ ਪੈਂਦੀ ਨਜ਼ਰ ਆ ਰਹੀ ਹੈ। ਆਮ ਲੋਕਾਂ ਵਿਚ ਨੀਲੇ ਕਾਰਡ ਕੱਟਣ ਤੋਂ ਬਾਅਦ ਹਾਹਾਕਾਰ ਮੱਚੀ ਹੋਈ ਹੈ ਅਤੇ ਉਹ ਸਰਕਾਰ ਵਿਰੁਧ ਲਾਮਬੰਦ ਹੁੰਦੇ ਜਾ ਰਹੇ ਹਨ। ਇਥੇ ਅਜ਼ੀਮਪੁਰਾ ਵਿਖੇ ਬੀਬੀ ਸੀਮਾ ਦੀ ਅਗਵਾਈ ਹੇਠ ਸੈਂਕੜੇ ਔਰਤਾਂ ਇਕੱਠੀਆਂ ਹੋਈਆਂ ਅਤੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੂੰ ਸਰਕਾਰ ਦੀਆਂ ਜ਼ਿਆਦਤੀਆਂ ਦੀ ਵਿੱਥਿਆ ਸੁਣਾਉਂਦਿਆਂ ਆਖਿਆ ਕਿ 2022 ਵਿਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਉਨ੍ਹਾਂ ਕੋਲੋਂ ਵੱਡੀ ਗ਼ਲਤੀ ਹੋਈ ਹੈ। ਔਰਤਾਂ ਨੇ ਐਲਾਨ ਕੀਤਾ ਕਿ ਉਹ ਅਗਲੀਆਂ ਸਾਰੀਆਂ ਚੋਣਾਂ ਵਿਚ ਝਾੜੂ ਪਾਰਟੀ ਨੂੰ ਵੋਟ ਨਹੀਂ ਪਾਉਣਗੀਆਂ। ਅਜ਼ੀਮਪੁਰਾ ਦੀਆਂ ਬੀਬੀਆਂ ਨੇ ਵਿਸ਼ੇਸ਼ ਤੌਰ ਤੇ ਬੀਬਾ ਜ਼ਾਹਿਦਾ ਸੁਲੇਮਾਨ ਨੂੰ ਬੁਲਾਇਆ ਸੀ ਤਾਂ ਕਿ ਲੋਕਾਂ ਦੇ ਮਸਲਿਆਂ ਨੂੰ ਉਠਾਇਆ ਜਾ ਸਕੇ। ਬੀਬੀਆਂ ਨੇ ਕਿਹਾ ਕਿ ਲੋਕਾਂ ਅੰਦਰ ਝਾੜੂ ਦੀ ਸਰਕਾਰ ਵਿਰੁਧ ਰੋਸ ਵਧਦਾ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦਾ ਗ੍ਰਾਫ਼ ਦਿਨ-ਪ੍ਰਤੀ-ਦਿਨ ਡਿਗਦਾ ਜਾ ਰਿਹਾ ਹੈ।

ਬੀਬਾ ਜ਼ਾਹਿਦਾ ਸੁਲੇਮਾਨ ਮਾਲੇਰਕੋਟਲਾ ਦੇ ਲੋਕਾਂ ਲਈ ਇਕ ਉਮੀਦ ਵਜੋਂ ਉਭਰ ਕੇ ਸਾਹਮਣੇ ਆ ਰਹੇ ਹਨ ਕਿਉਂਕਿ ਉਹ ਲੋਕਾਂ ਦੇ ਆਮ ਮਸਲਿਆਂ ਨੂੰ ਪ੍ਰਸ਼ਾਸਨ ਤਕ ਪਹੁੰਚਾਉਣ ਦਾ ਕੰਮ ਕਰ ਰਹੇ ਹਨ। ਇਕੱਠੀਆਂ ਹੋਈਆਂ ਬੀਬੀਆਂ ਨੇ ਬੀਬਾ ਜ਼ਾਹਿਦਾ ਸੁਲੇਮਾਨ ਨੂੰ ਅਪੀਲ ਕੀਤੀ ਕਿ ਉਹ ਨੀਲੇ ਕਾਰਡ ਕੱਟਣ ਦਾ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਉਣ ਤਾਕਿ ਸਰਕਾਰ ਨੀਂਦ ਤੋਂ ਜਾਗ ਪਵੇ ਅਤੇ ਗ਼ਰੀਬਾਂ ਦਾ ਭਲਾ ਹੋ ਸਕੇ। ਔਰਤਾਂ ਦਾ ਕਹਿਣਾ ਸੀ ਕਿ ਜਿਹੜੇ ਪਰਵਾਰਾਂ ਦੇ ਕਾਰਡ ਬਣਨੇ ਚਾਹੀਦੇ ਹਨ ਅਤੇ ਮੁਫ਼ਤ ਰਾਸ਼ਨ ਮਿਲਣਾ ਚਾਹੀਦਾ ਹੈ, ਉਨ੍ਹਾਂ ਦੇ ਕਾਰਡ ਇਕ ਸਾਜ਼ਿਸ਼ ਤਹਿਤ ਕੱਟ ਦਿਤੇ ਗਏ ਹਨ। ਜਿਹੜੀਆਂ ਬਜ਼ੁਰਗ ਔਰਤਾਂ ਦੇ ਘਰ ਕੋਈ ਕਮਾਉਣ ਵਾਲਾ ਨਹੀਂ, ਉਨ੍ਹਾਂ ਨੂੰ ਜ਼ਿੰਦਗੀ ਗੁਜ਼ਾਰਨਾਂ ਬਹੁਤ ਮੁਸ਼ਕਿਲ ਹੋ ਰਹੀ ਹੈ। ਨਾ ਸ਼ਹਿਰ ਵਿਚ ਕੋਈ ਅਜਿਹੀਆਂ ਫ਼ੈਕਟਰੀਆਂ ਜਾਂ ਅਦਾਰੇ ਹਨ ਜਿਥੇ ਮਿਹਨਤ ਮਜ਼ਦੂਰੀ ਕਰਕੇ ਰੋਜ਼ੀ-ਰੋਟੀ ਚਲਾਈ ਜਾ ਸਕੇ। ਬੀਬੀਆਂ ਨੇ ਕਿਹਾ ਕਿ ਪੰਜਾਬ ਵਕਫ਼ ਬੋਰਡ ਵਲੋਂ ਦਿਤੀਆਂ ਜਾਂਦੀਆਂ ਪੈਨਸ਼ਨਾਂ ਸਮੇਂ ਸਿਰ ਨਹੀਂ ਮਿਲ ਰਹੀਆਂ ਅਤੇ ਨਾ ਹੀ ਹੱਕਦਾਰ ਔਰਤਾਂ ਦੀਆਂ ਪੈਨਸ਼ਨਾਂ ਲਗਾਈਆਂ ਜਾ ਰਹੀਆਂ ਹਨ। ਆਧਾਰ ਕਾਰਡਾਂ ਉਤੇ ਜ਼ਿਆਦਾਤਰ ਲੋਕਾਂ ਦੇ ਨਾਮ ਬਿਲਕੁਲ ਗ਼ਲਤ ਦਰਜ ਕੀਤੇ ਹੋਏ ਜਿਨ੍ਹਾਂ ਨੂੰ ਠੀਕ ਕਰਾਉਣ ਦਾ ਪ੍ਰਸ਼ਾਸਨਿਕ ਪੱਧਰ ਉਤੇ ਕੋਈ ਢੁਕਵਾਂ ਪ੍ਰਬੰਧ ਨਹੀਂ ਹੈ। ਔਰਤਾਂ ਅਪਣੇ ਪਰਵਾਰਕ ਮੈਂਬਰਾਂ ਦੇ ਨਾਮ ਠੀਕ ਕਰਾਉਣ ਲਈ ਇਕ ਦਫ਼ਤਰ ਤੋਂ ਦੂਜੇ ਦਫ਼ਤਰ ਵਿਚ ਖੱਜਲ-ਖੁਆਰ ਹੋ ਰਹੀਆਂ ਹਨ। ਔਰਤਾਂ ਨੇ ਇਹ ਵੀ ਸ਼ਿਕਵਾ ਕੀਤਾ ਕਿ ਸਰਕਾਰੀ ਹਸਪਤਾਲ ਵਿਚ ਡਾਕਟਰ ਨਾ ਹੋਣ ਕਾਰਨ ਉਨ੍ਹਾਂ ਨੂੰ ਮਹਿੰਗਾ ਇਲਾਜ ਕਰਾਉਣਾ ਪੈਂਦਾ ਹੈ। ਹਸਪਤਾਲ ਵਿਚ ਦਵਾਈਆਂ ਆਦਿ ਦਾ ਕੋਈ ਪ੍ਰਬੰਧ ਨਹੀਂ ਹੈ। ਬਜ਼ੁਰਗ ਔਰਤਾਂ ਨੇ ਆਖਿਆ ਕਿ ਉਹ ਪੈਨਸ਼ਨ ਦੀਆਂ ਹੱਕਦਾਰ ਹਨ ਪਰ ਉਨ੍ਹਾਂ ਦੇ ਫ਼ਾਰਮ ਭਰਨ ਵਾਲਾ ਕੋਈ ਨਹੀਂ। ਮਿਊਂਸਪਲ ਕੌਂਸਲਰ ਵੀ ਪੈਨਸ਼ਨਾਂ ਦੇ ਫ਼ਾਰਮ ਨਹੀਂ ਭਰਦੇ।

ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਮਾਲੇਰਕੋਟਲਾ ਦੇ ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ, ਇਸ ਲਈ ਇਕ-ਇਕ ਕਰਕੇ ਸਾਰੀਆਂ ਨੂੰ ਪ੍ਰਸ਼ਾਸਨ ਅਤੇ ਸਰਕਾਰ ਦੇ ਧਿਆਨ ਵਿਚ ਲਿਆਂਦਾ ਜਾਵੇਗਾ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਝਾੜੂ ਦੀ ਸਰਕਾਰ ਫ਼ੇਲ੍ਹ ਹੋ ਚੁੱਕੀ ਹੈ। ਲੋਕ ਇਸ ਸਰਕਾਰ ਨੂੰ ਬਿਲਕੁਲ ਨਾਕਾਰ ਚੁੱਕੇ ਹਨ। ਇਹ ਸਰਕਾਰ, ਅਕਾਲੀ ਦਲ-ਭਾਜਪਾ ਗਠਜੋੜ ਦੀਆਂ ਸਰਕਾਰਾਂ ਵਲੋਂ ਦਿਤੀਆਂ ਸਾਰੀਆਂ ਸਹੂਲਤਾਂ ਨੂੰ ਇਕ-ਇਕ ਕਰੇ ਬੰਦ ਕਰ ਰਹੀ ਹੈ। ਜੇ ਇਹੀ ਹਾਲ ਰਿਹਾ ਅਤੇ ਲੋਕਾਂ ਅੰਦਰ ਇਸੇ ਤਰ੍ਹਾਂ ਰੋਸ ਵਧਦਾ ਰਿਹਾ ਤਾਂ ਇਹ ਸਰਕਾਰ ਸਮੇਂ ਤੋਂ ਪਹਿਲਾਂ ਹੀ ਟੁੱਟ ਜਾਵੇਗੀ ਅਤੇ ਵਿਧਾਇਕਾਂ ਦਾ ਘਰੋਂ ਨਿਕਲਣਾ ਔਖਾ ਹੋ ਜਾਵੇਗਾ।

ਬੀਬਾ ਜ਼ਾਹਿਦਾ ਸੁਲੇਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ 2024 ਵਿਚ ਲੋਕ ਸਭਾ ਅਤੇ 2027 ਵਿਚ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕੀਤਾ ਜਾਵੇਗਾ ਤਾਕਿ ਬੰਦ ਕੀਤੀਆਂ ਯੋਜਨਾਵਾਂ ਮੁੜ ਚਾਲੂ ਕੀਤੀਆਂ ਜਾ ਸਕਣ। ਬੀਬਾ ਜ਼ਾਹਿਦਾ ਸੁਲੇਮਾਨ ਨੇ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਦਿਆਂ ਹੀ ਸਾਰੇ ਯੋਗ ਪਰਵਾਰਾਂ ਦੇ ਨੀਲੇ ਕਾਰਡ ਬਣਾਏ ਜਾਣਗੇ ਅਤੇ ਯੋਗ ਲੋਕਾਂ ਨੂੰ ਪੈਨਸ਼ਨਾਂ ਦਿਤੀਆਂ ਜਾਣਗੀਆਂ। ਬੀਬਾ ਜ਼ਾਹਿਦਾ ਸੁਲੇਮਾਨ ਨੇ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਉਹ ਯੋਗ ਪਰਵਾਰਾਂ ਦੇ ਨੀਲੇ ਕਾਰਡ ਤੁਰੰਤ ਬਣਾਵੇ, ਵਰਨਾ ਸ਼੍ਰੋਮਣੀ ਅਕਾਲੀ ਦਲ ਹਲਕੇ ਦੀਆਂ ਔਰਤਾਂ ਨੂੰ ਨਾਲ ਲੈ ਕੇ ਰੋਸ ਮੁਜ਼ਾਹਰੇ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਚੌਧਰੀ ਮੁਹੰਮਦ ਸ਼ਮਸ਼ਾਦ, ਸਾਬਕਾ ਮਿਊਂਸਪਲ ਕੌਂਸਲਰ ਮੁਹੰਮਦ ਰਫ਼ੀਕ ਫੋਗਾ, ਮੁਹੰਮਦ ਮਹਿਮੂਦ ਗੋਲਡਨ, ਬੀਬੀ ਨਾਹਿਦਾ ਬੇਗਮ ਅਤੇ ਹੋਰ ਨੇਤਾ ਵੀ ਹਾਜ਼ਰ ਸਨ।

In The Market