ਮੋਗਾ: ਸਿਹਤ ਵਿਭਾਗ ਮੋਗਾ ਵੱਲੋਂ ਬੀਤੇ ਦਿਨੀਂ ਸਥਾਨਕ ਮਸ਼ਹੂਰ ਲਕਸ਼ਮੀ ਪਤੀਸਾ ਫੈਕਟਰੀ ਤੋਂ ਲਏ ਚਾਰ ਸੈਂਪਲਾਂ ਵਿੱਚੋਂ ਤਿੰਨ ਫੇਲ ਹੋਏ ਹਨ। ਜਦਕਿ ਇਕ ਸੈਂਪਲ ਪਾਸ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੂਡ ਸੇਫਟੀ ਇਸਪੈਕਟਰ ਯੋਗੇਸ਼ ਗੋਇਲ ਨੇ ਦੱਸਿਆ ਕਿ ਵਿਭਾਗ ਵੱਲੋਂ ਉਕਤ ਪਤੀਸਾ ਫੈਕਟਰੀ ਤੋਂ ਖੋਇਆ ਬਰਫੀ, ਮਿਲਕ ਕੇਕ ਅਤੇ ਪਤੀਸਾ ਦੇ ਚਾਰ ਸੈਂਪਲ ਲਏ ਸਨ। ਜਿੰਨਾ ਵਿੱਚੋਂ ਖੋਇਆ ਬਰਫੀ, ਮਿਲਕ ਕੇਕ ਦੇ ਤਿੰਨ ਸੈਂਪਲ ਫੇਲ ਹੋਏ ਹਨ ਜਦਕਿ ਪਤੀਸੇ ਦਾ ਸੈਂਪਲ ਪਾਸ ਹੋਇਆ ਹੈ। ਉਹਨਾਂ ਕਿਹਾ ਕਿ ਜੋ ਮਟੀਰੀਆਲ ਸੀਜ਼ ਕੀਤਾ ਗਿਆ ਸੀ ਉਸਨੂੰ ਜਲਦੀ ਹੀ ਨਿਯਮਾਂ ਤਹਿਤ ਨਸ਼ਟ ਕਰ ਦਿੱਤਾ ਜਾਵੇਗਾ।ਦੱਸਣਯੋਗ ਹੈ ਕਿ ਸਿਵਲ ਸਰਜਨ ਮੋਗਾ ਡਾਕਟਰ ਰਾਜੇਸ਼ ਅੱਤਰੀ ਨੇ ਇਕ ਗੁਪਤ ਸੂਚਨਾ ਦੇ ਅਧਾਰ ਉਤੇ ਖੁਦ ਮੋਗਾ ਦੀ ਮਸ਼ਹੂਰ ਲਕਸ਼ਮੀ ਪਤੀਸਾ ਫੈਕਟਰੀ ਜਾ ਕੇ ਚੈਕਿੰਗ ਕੀਤੀ ਸੀ। ਸਿਵਲ ਸਰਜਨ ਨੇ ਫੂਡ ਇਸਪੈਕਟਰ ਯੋਗੇਸ਼ ਗੋਇਲ ਸਮੇਤ ਟੀਮ ਨੂੰ ਬੁਲਾ ਕੇ ਮੌਕੇ ਉੱਤੇ ਜੋਧਪੁਰ ਤੇ ਅਬੋਹਰ ਤੋਂ ਆਇਆ ਸ਼ੱਕੀ ਮਿਲਾਵਟੀ ਮਿਲਕ ਕੇਕ 1392 ਕਿੱਲੋ, ਖੋਇਆ ਬਰਫੀ 255 ਕਿਲੋ, ਪਤੀਸੇ ਸਮੇਤ 4 ਸੈਂਪਲ ਲਏ ਗਏ ਸਨ। ਕੁੱਲ 1647 ਕਿੱਲੋ ਖਾਣ ਪੀਣ ਵਾਲਾ ਸ਼ੱਕੀ ਮਾਲ ਸੀਜਰ ਕੀਤਾ ਗਿਆ ਸੀ।ਫੂਡ ਸੇਫਟੀ ਇਸਪੈਕਟਰ ਯੋਗੇਸ਼ ਗੋਇਲ ਨੇ ਸਮੂਹ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਠਿਆਈ ਅਤੇ ਹੋਰ ਖਾਧ ਪਦਾਰਥ ਖਰੀਦਣ ਵੇਲੇ ਗੁਣਵੱਤਾ ਵੱਲ ਜ਼ਰੂਰ ਧਿਆਨ ਦੇਣ। ਜੇਕਰ ਉਹਨਾਂ ਨੂੰ ਕੋਈ ਮਿਲਾਵਟ ਬਾਰੇ ਸ਼ੱਕ ਪੈਂਦਾ ਹੈ ਤਾਂ ਤੁਰੰਤ ਫੂਡ ਸੇਫਟੀ ਟੀਮ ਜਾਂ ਸਿੱਧਾ ਸਿਹਤ ਵਿਭਾਗ ਦੇ ਧਿਆਨ ਵਿੱਚ ਲਿਆਉਣ। ਉਹਨਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਮੁਨਾਫ਼ੇ ਲਈ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ।
ਮਾਲੇਰਕੋਟਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਵੋਟਾਂ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਹਰ ਸਾਬਤ-ਸੂਰਤ ਸਿੱਖ ਨੂੰ ਅਪਣੀ ਵੋਟ ਬਣਵਾਉਣੀ ਚਾਹੀਦੀ ਹੈ ਤਾਕਿ ਉਹ ਗੁਰਦੁਆਰਾ ਪ੍ਰਬੰਧ ਨੂੰ ਸੁਰੱਖਿਅਤ ਹੱਥਾਂ ਵਿਚ ਸੌਂਪਣ ਲਈ ਪੈਣ ਵਾਲੀਆਂ ਵੋਟਾਂ ਵਿਚ ਅਪਣਾ ਹਿੱਸਾ ਪਾ ਸਕੇ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਅਕਾਲੀ ਨੇਤਾਵਾਂ ਅਤੇ ਵਰਕਰਾਂ ਵਲੋਂ ਵੋਟਾਂ ਬਣਾਉਣ ਲਈ ਲੋਕਾਂ ਦੀ ਕੀਤੀ ਜਾ ਰਹੀ ਸੇਵਾ ਦਾ ਜਾਇਜ਼ਾ ਲੈਣ ਤੋਂ ਬਾਅਦ ਇਥੇ ਜਾਰੀ ਇਕ ਬਿਆਨ ਵਿਚ ਕੀਤਾ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਅਕਾਲੀ ਦਲ ਨੇ ਪਿੰਡਾਂ ਅਤੇ ਸ਼ਹਿਰ ਵਿਚ ਫ਼ਾਰਮ ਵੰਡ ਦਿਤੇ ਹਨ। ਸਾਰੇ ਗੁਰਦੁਆਰਾ ਸਾਹਿਬਾਨ ਦੇ ਹੈੱਡ ਗ੍ਰੰਥੀਆਂ ਨੂੰ ਫ਼ਾਰਮ ਦੇ ਕੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਵੋਟਾਂ ਬਣਵਾਉਣ ਲਈ ਜਾਗਰੂਕ ਅਤੇ ਪ੍ਰੇਰਿਤ ਕਰਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਦੱਸਿਆ ਕਿ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ, ਦਿਹਾਤੀ ਸਰਕਲ ਪ੍ਰਧਾਨ ਅਤੇ ਸ਼ਹਿਰੀ ਪ੍ਰਧਾਨ ਵੀ ਅਪਣੇ ਪੱਧਰ ਉਤੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਵੋਟਾਂ ਬਣਵਾਉਣ ਵਿਚ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ਾਰਮ ਭਰ ਕੇ ਸਬੰਧਤ ਪਟਵਾਰੀਆਂ ਕੋਲ ਜਮ੍ਹਾਂ ਕਰਾਉਣੇ ਹਨ। ਜੇ ਪਟਵਾਰੀ ਮੌਜੂਦ ਨਹੀਂ ਤਾਂ ਇਲਾਕੇ ਦੇ ਬੀ.ਐਲ.ਓ. ਨੂੰ ਵੀ ਭਰੇ ਹੋਏ ਫ਼ਾਰਮ ਸੌਂਪੇ ਜਾ ਸਕਦੇ ਹਨ। ਐਸ.ਡੀ.ਐਮ. ਨੇ ਸਾਰੇ ਬੀ.ਐਲ.ਓਜ਼ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਲਈ ਭਰੇ ਜਾਣ ਵਾਲੇ ਫ਼ਾਰਮ ਫੜਨ ਦੀ ਹਦਾਇਤ ਕੀਤੀ ਹੋਈ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਸਿੱਖਾਂ ਨੂੰ ਭਾਵੁਕ ਅਪੀਲ ਕਰਦਿਆਂ ਆਖਿਆ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਵੋਟਾਂ ਬਣਵਾਉਣ ਅਤੇ ਅਪਣੇ ਧਾਰਮਕ ਸਥਾਨਾਂ ਦੀ ਸੁਰੱਖਿਆ ਅਤੇ ਢੁਕਵੇਂ ਪ੍ਰਬੰਧ ਨੂੰ ਚਲਾਉਣ ਵਾਲੇ ਪ੍ਰਤੀਨਿਧਾਂ ਦੀ ਚੋਣ ਵਿਚ ਹਿੱਸਾ ਪਾਉਣ। ਆਮ ਆਦਮੀ ਪਾਰਟੀ ਦੀ ਸਰਕਾਰ ਇਕ ਸਾਜ਼ਿਸ਼ ਤਹਿਤ ਗੁਰਦੁਆਰਿਆਂ ਉਤੇ ਕਬਜ਼ਾ ਕਰਨਾ ਚਾਹੁੰਦੀ ਹੈ, ਇਸ ਲਈ ਸਿੱਖਾਂ ਨੂੰ ਚੌਕਸ ਹੋਣ ਦੀ ਲੋੜ ਹੈ।
ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਇੱਕ ਹੋਰ ਵਪਾਰੀ ਪਰਮਜੀਤ ਚੇਚੀ ਵਾਸੀ ਸ਼ਾਸ਼ਤਰੀ ਨਗਰ, ਜਗਰਾਉਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਮੈਸਰਜ਼ ਗੁਰਦਾਸ ਰਾਮ ਐਂਡ ਸੰਨਜ਼ ਫਰਮ ਦਾ ਮਾਲਕ ਹੈ। ਲੁਧਿਆਣਾ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਹੋਏ ਚਰਚਿਤ ਝੋਨਾ ਘੁਟਾਲੇ ਵਿੱਚ ਉਹ ਆਪਣੀ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਅੱਜ ਉਸ ਵੱਲੋਂ ਲੁਧਿਆਣਾ ਦੀ ਅਦਾਲਤ ਵਿੱਚ ਆਤਮ ਸਮਰਪਣ ਕਰਨ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਪਰੰਤ ਅਦਾਲਤ ਨੇ ਬਿਊਰੋ ਨੂੰ ਤਿੰਨ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ। ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਸੁਪਰੀਮ ਕੋਰਟ ਨੇ ਪਹਿਲਾਂ ਥਹੀ ਖਾਰਜ ਕਰ ਦਿੱਤੀ ਸੀ ਅਤੇ ਉਸ ਨੂੰ ਵਿਜੀਲੈਂਸ ਬਿਊਰੋ ਦੇ ਸਾਹਮਣੇ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਸੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਉਕਤ ਵਿਭਾਗ ਦੇ ਭਗੌੜਾ ਕਰਾਰ ਦਿੱਤੇ ਜਾ ਚੁੱਕੇ ਮੁਅੱਤਲ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਨਾਲ ਨੇੜਲੇ ਸਬੰਧ ਸੀ।ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਪਰਮਜੀਤ ਚੇਚੀ ਨੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਨਾਲ ਕਾਰਾਂ, ਸਕੂਟਰਾਂ ਆਦਿ ਦੇ ਰਜਿਸਟ੍ਰੇਸ਼ਨ ਨੰਬਰ ਵਾਲੇ ਵਾਹਨਾਂ ਦੀਆਂ ਸੂਚੀਆਂ ਵਾਲੇ ਟੈਂਡਰ ਦਸਤਾਵੇਜ਼ ਠੇਕੇ ਲੈਣ ਵੇਲੇ ਜਮ੍ਹਾਂ ਕਰਵਾ ਕੇ ਜਗਰਾਉਂ ਕਲੱਸਟਰ ਦੀਆਂ ਅਨਾਜ ਮੰਡੀਆਂ ਦੇ ਠੇਕੇ ਹਾਸਲ ਕੀਤੇ। ਪੜਤਾਲ ਦੌਰਾਨ ਇਹ ਰਜਿਸਟ੍ਰੇਸ਼ਨ ਨੰਬਰ ਅਤੇ ਅਨਾਜ ਸਟੋਰ ਕਰਨ ਲਈ ਜਾਰੀ ਕੀਤੇ ਗੇਟ ਪਾਸ ਵੀ ਜਾਅਲੀ ਉਕਤ ਕਾਰ, ਸਕੂਟਰ ਆਦਿ ਦੇ ਨੰਬਰਾਂ ਵਾਲੇ ਜਾਅਲੀ ਨੰਬਰਾਂ ਵਾਲੇ ਪਾਏ ਗਏ ਸਨ।ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਪਹਿਲਾਂ ਹੀ ਐਫ.ਆਈ.ਆਰ. ਨੰਬਰ 11, ਮਿਤੀ 16.08.22 ਨੂੰ ਆਈ.ਪੀ.ਸੀ. ਦੀ ਧਾਰਾ 420, 465, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7, 8, 12, 13(2) ਤਹਿਤ ਮੁਕੱਦਮਾ ਦਰਜ ਹੈ। ਇਸ ਮੁਕੱਦਮੇ ਵਿੱਚ ਸ਼ਾਮਲ 16 ਮੁਲਜ਼ਮਾਂ ਵਿੱਚੋਂ 12 ਮੁਲਜ਼ਮ ਜਿੰਨਾ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਤੇਲੂ ਰਾਮ, ਜਗਰੂਪ ਸਿੰਘ ਤੇ ਸੰਦੀਪ ਭਾਟੀਆ (ਤਿੰਨੋਂ ਠੇਕੇਦਾਰ), ਅਨਿਲ ਜੈਨ, ਕਿਸ਼ਨ ਲਾਲ ਧੋਤੀਵਾਲਾ, ਸੁਰਿੰਦਰ ਕੁਮਾਰ ਧੋਤੀਵਾਲਾ ਤੇ ਕਾਲੂ ਰਾਮ (ਚਾਰੇ ਆੜ੍ਹਤੀ), ਡੀ.ਐਫ਼.ਐਸ.ਸੀ. ਹਰਵੀਨ ਕੌਰ ਤੇ ਸੁਖਵਿੰਦਰ ਸਿੰਘ ਗਿੱਲ ਤੋਂ ਇਲਾਵਾ ਸਾਬਕਾ ਮੰਤਰੀ ਆਸ਼ੂ ਦੇ ਦੋ ਪ੍ਰਾਈਵੇਟ ਸਹਾਇਕਾਂ ਪੰਕਜ ਉਰਫ਼ ਮੀਨੂੰ ਮਲਹੋਤਰਾ ਅਤੇ ਇੰਦਰਜੀਤ ਇੰਦੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੋ ਹੋਰ ਮੁਲਜ਼ਮਾਂ ਸੁਰਿੰਦਰ ਬੇਰੀ ਡੀ.ਐਫ.ਐਸ.ਸੀ. (ਸੇਵਾਮੁਕਤ) ਅਤੇ ਜਗਨਦੀਪ ਢਿੱਲੋਂ ਡੀਐਮ ਪਨਸਪ ਨੂੰ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਚਰਚਿਤ ਕੇਸ ਵਿੱਚ ਇੱਕ ਹੋਰ ਉਕਤ ਮੁੱਖ ਮੁਲਜ਼ਮ ਆਰ.ਕੇ. ਸਿੰਗਲਾ, ਡਿਪਟੀ ਡਾਇਰੈਕਟਰ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਅਦਾਲਤ ਵੱਲੋਂ ਪਹਿਲਾਂ ਹੀ ਭਗੌੜਾ ਮੁਲਜ਼ਮ ਕਰਾਰ ਦਿੱਤਾ ਜਾ ਚੁੱਕਾ ਹੈ।
ਫਿਰੋਜ਼ਪੁਰ: ਫਿਰੋਜ਼ਪੁਰ ਦੇ ਥਾਣਾ ਸਿਟੀ ਦੇ ਨਜ਼ਦੀਕ ਹੀ ਗੁਰਪ੍ਰੀਤ ਉਰਫ਼ ਲਾਡੀ ਸ਼ੂਟਰ ਦਾ ਅਣਪਛਾਤਿਆਂ ਦੇ ਵਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ, ਲਾਡੀ ਕਿਸੇ ਜਨਮ ਦਿਨ ਦੀ ਪਾਰਟੀ ਤੇ ਜਾ ਰਿਹਾ ਸੀ ਤਾਂ, ਇਸੇ ਦੌਰਾਨ ਹੀ ਅਣਪਛਾਤੇ ਹਮਲਾਵਰਾਂ ਵਲੋਂ ਉਹਦੇ ਤੇ ਹਮਲਾ ਕਰਕੇ, ਉਹਨੂੰ ਮੌਤ ਦੀ ਘਾਟ ਉਤਾਰ ਦਿੱਤਾ। ਵਾਰਦਾਤ ਦੀ ਖ਼ਬਰ ਲੱਗਦਿਆਂ ਹੀ ਉੱਚ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਲੋੜੀਂਦੀ ਕਾਰਵਾਈ ਮਗਰੋਂ ਲਾਡੀ ਸ਼ੂਟਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਅਪਡੇਟ ਜਾਰੀ..
ਲਹਿਰਾਗਾਗਾ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਸੋਮਵਾਰ ਨੂੰ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਲਹਿਰਾ ਵਿਖੇ ਸੰਗਤ ਦਰਸ਼ਨ ਕੀਤੇ। ਇਸ ਸਮੇਂ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਹਾਜ਼ਰ ਸਨ। ਇਸ ਸਬੰਧੀ ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆਂ ਐੱਮਪੀ ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਹਲਕੇ ਦਾ ਸੰਸਦ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਲਹਿਰਾਗਾਗਾ ਵਿਖੇ ਮੁਲਾਕਾਤ ਕੀਤੀ ਜਿੱਥੇ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਮਾਨ ਦਾ ਕਹਿਣਾ ਹੈ ਕਿ ਅੱਜ ਦੇ ਦੌਰੇ ਦੌਰਾਨ ਸੰਗਤ ਵੱਲੋਂ ਦਿਖਾਇਆ ਗਿਆ ਅਨੁਸ਼ਾਸਨ ਕਾਬਲੇ ਤਾਰੀਫ਼ ਸੀ। ਅੱਜ ਦੇ ਦੌਰੇ ਦੌਰਾਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਨਸ਼ਿਆਂ, ਗ਼ਰੀਬੀ ਤੇ ਦੁਨੀਆ ’ਚ ਹੋ ਰਹੇ ਖ਼ੂਨ ਖ਼ਰਾਬੇ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਦੁਨੀਆ ’ਚ ਹੋ ਰਿਹਾ ਖ਼ੂਨ ਖ਼ਰਾਬਾ ਖ਼ਾਸ ਕਰਕੇ ਗਾਜ਼ਾ ਤੇ ਇਜਰਾਈਲ ਵਿਚ ਹੋਣ ਵਾਲਾ ਖ਼ੂਨ ਖ਼ਰਾਬਾ ਜਲਦੀ ਤੋਂ ਜਲਦੀ ਖ਼ਤਮ ਹੋਵੇ। ਇਸਦੇ ਨਾਲ ਹੀ ਨਸ਼ਿਆਂ ਦੇ ਖ਼ਾਤਮੇ ਅਤੇ ਗ਼ਰੀਬੀ ਖ਼ਤਮ ਕਰਨ ਸਬੰਧੀ ਉਪਰਾਲਿਆਂ ’ਤੇ ਵੀ ਚਰਚਾ ਕੀਤੀ। ਮਾਨ ਨੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੇ ਨਾਲ ਬੁਲਾ ਕੇ ਅਨੁਸ਼ਾਸਨ ਵਿਚ ਰਹਿ ਕੇ ਕੰਮ ਕਰਨ ਵਾਲੀ ਸੰਗਤ ਦੇ ਦਰਸ਼ਨ ਕਰਵਾਏ।
MLA Amit Rattan Kotfatta: ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਵੱਲੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਉਤੇ ਗੰਭੀਰ ਇਲਜ਼ਾਮ ਲਗਾਏ ਗਏ। ਉਨ੍ਹਾਂ ਨੇ ਕਿਹਾ ਕਈ ਅਫਸਰ ਅਜੇ ਤੱਕ ਇਸ ਗੱਲ ਨੂੰ ਸਮਝਣ ਲਈ ਤਿਆਰ ਨਹੀਂ ਹਨ। ਅੱਜ ਵੀ ਕੁਝ ਅਫਸਰਾਂ ਨੇ ਆਪਣਾ ਰਵੱਈਆ ਇਨ੍ਹਾਂ ਆਮ ਲੋਕਾਂ ਦੇ ਚੁਣੇ ਹੋਏ ਨੁਮਇੰਦਿਆਂ ਪ੍ਰਤੀ ਨਹੀਂ ਬਦਲਿਆ ਹੈ। ਖੇਤੀਬਾੜੀ ਵਿਭਾਗ ਬਠਿੰਡਾ ਵੱਲੋਂ ਕਰਵਾਏ ਗਏ ਇੱਕ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਵਿੱਚ ਬਠਿੰਡਾ ਦਿਹਾਤੀ ਤੋਂ ਦਲਿਤ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਅਣਗੌਲਿਆ ਕਰਕੇ ਅਪਮਾਨਿਤ ਕਰਨ ਦਾ ਕੰਮ ਜ਼ਿਲ੍ਹਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਵੱਲੋਂ ਕੀਤਾ ਗਿਆ ਹੈ। ਅਮਿਤ ਰਤਨ ਕੋਟਫੱਤਾ ਨਾਲ ਕੀਤੀ ਜਾ ਰਹੀ ਵਿਤਕਰੇਬਾਜ਼ੀ ਰਾਹੀਂ ਐਸਸੀ ਭਾਈਚਾਰੇ ਦੇ ਮਾਣ ਸਨਮਾਨ ਨੂੰ ਡੂੰਘੀ ਠੇਸ ਪੁੱਜੀ ਹੈ। ਵਿਧਾਇਕ ਇੰਜ, ਅਮਿਤ ਰਤਨ ਕੋਟਫੱਤਾ ਨੇ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਸ਼ੌਕਤ ਅਹਿਮਦ ਪਰ੍ਹੇ ਖਿਲਾਫ਼ ਉਨ੍ਹਾਂ ਦੇ ਮਾਣ-ਸਨਮਾਨ ਠੇਸ ਪਹੁੰਚਾਉਣ ਤਹਿਤ ਐਸਐਸਪੀ ਬਠਿੰਡਾ ਨੂੰ ਲਿਖਤੀ ਤੌਰ ਤੇ ਦਰਖਾਸਤ ਦੇ ਕੇ ਕਾਰਵਾਈ ਕਰਨ ਲਈ ਲਿਖਿਆ ਹੈ। ਉਨ੍ਹਾਂ ਵੱਲੋਂ ਇਸਦੀ ਕਾਪੀ ਮੁੱਖ ਮੰਤਰੀ ਪੰਜਾਬ ਨੂੰ ਵੀ ਯੋਗ ਕਾਰਵਾਈ ਲਈ ਭੇਜੀ ਗਈ ਹੈ।
ਐਸ.ਏ.ਐਸ. ਨਗਰ : ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪਟਾਖਿਆਂ ਦੀ ਵਿਕਰੀ ਲਈ ਲੋਕਾਂ ਨੂੰ 44 ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਗਠਿਤ ਕੀਤੀ ਗਈ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐੱਸ ਏ ਐੱਸ ਨਗਰ, ਮੋਹਾਲੀ ਵਿਖੇ ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਅੱਜ ਡਰਾਅ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਵਿਰਾਜ ਐਸ ਤਿੜਕੇ, ਐਸ.ਡੀ.ਐਮ ਮੋਹਾਲੀ ਚੰਦਰਜੋਤੀ ਸਿੰਘ ਤੇ ਹੋਰ ਅਧਿਕਾਰੀਆਂ ਅਤੇ ਆਮ ਲੋਕਾਂ ਤੇ ਬਿਨੈਕਾਰਾਂ ਦੀ ਹਾਜ਼ਰੀ ਵਿਚ ਵੀਡੀਓਗ੍ਰਾਫੀ ਦਰਮਿਆਨ ਕੱਢਿਆ ਗਿਆ। ਪਾਰਦਰਸ਼ੀ ਤੇ ਨਿਰਪੱਖ ਪਹੁੰਚ ਅਪਣਾਉਂਦਿਆਂ ਡਰਾਅ ਕੱਢਣ ਦੀ ਪ੍ਰਕਿਰਿਆ ਆਮ ਜਨਤਾ ਦੀ ਹਾਜ਼ਰੀ ਵਿੱਚ ਨੇਪਰੇ ਚਾੜ੍ਹੀ ਗਈ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਹੁਕਮ ਅਤੇ ਪੰਜਾਬ ਸਰਕਾਰ ਇੰਡਸਟਰੀ ਅਤੇ ਕਮਰਸ ਵਿਭਾਗ ਵਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਅਨੁਸਾਰ ਸਾਲ 2016 ਵਿੱਚ ਜਾਰੀ ਹੋਏ ਲਾਇਸੈਂਸਾਂ ਦੇ ਮੁਕਾਬਲੇ ਸਿਰਫ਼ 20 ਫੀਸਦੀ ਲਾਇਸੈਂਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ।ਡਰਾਅ ਤੋਂ ਬਾਅਦ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਆਸ਼ਿਕਾ ਜੈਨ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਜ਼ਿਲ੍ਹੇ ਭਰ ਦੇ 44 ਲਾਇਸੈਂਸਾਂ ਲਈ ਕੁੱਲ 1868 ਅਰਜ਼ੀਆਂ ਪ੍ਰਾਪਤ ਹੋਈਆਂ, ਜਿਸ ਵਿੱਚੋਂ 1839 ਠੀਕ ਪਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਮੋਹਾਲੀ ਅਤੇ ਬਨੂੰੜ ਵਿੱਚ ਪਟਾਖਿਆਂ ਦੀ ਵਿਕਰੀ ਲਈ 18 ਲਾਇਸੈਂਸਾਂ ਵਾਸਤੇ 1575 ਅਰਜ਼ੀਆਂ ਮਿਲੀਆਂ, ਖਰੜ, ਕੁਰਾਲੀ ਅਤੇ ਨਯਾ ਗਾਉਂ ਵਿੱਚ ਪਟਾਖਿਆਂ ਦੀ ਵਿਕਰੀ ਲਈ 8 ਲਾਇਸੈਂਸਾਂ ਵਾਸਤੇ 32 ਅਰਜ਼ੀਆਂ ਮਿਲੀਆਂ ਜਦੋਂ ਕਿ ਡੇਰਾਬਸੀ, ਲਾਲੜੂ ਅਤੇ ਜ਼ੀਰਕਪੁਰ ਵਿੱਚ ਪਟਾਖਿਆਂ ਦੀ ਵਿਕਰੀ ਲਈ 18 ਲਾਇਸੈਂਸਾਂ ਵਾਸਤੇ 232 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਜ਼ਿਲ੍ਹੇ ਵਿੱਚ ਪਟਾਖਿਆਂ ਦੀ ਵਿਕਰੀ ਨੂੰ ਸੁਚਾਰੂ ਢੰਗ ਨਾਲ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪਟਾਖਿਆਂ ਦੀ ਵਿਕਰੀ ਲਈ ਸਿਰਫ਼ 15 ਥਾਵਾਂ ਨਿਰਧਾਰਤ ਹਨ। ਇਨ੍ਹਾਂ ਥਾਵਾਂ ਤੋਂ ਇਲਾਵਾ ਕਿਤੇ ਵੀ ਹੋਰ ਪਟਾਖਿਆਂ ਦੀ ਵਿਕਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜ਼ਿਲ੍ਹਾ ਮੈਜਿਸਟਰੇਟ ਨੇ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਨਿਸ਼ਚਤ ਸਮੇਂ ਤੇ ਮਿਤੀ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਟਾਖੇ ਚਲਾਉਣ ਅਤੇ ਬਿਨਾਂ ਲਾਇਸੈਂਸ ਤੋਂ ਪਟਾਖਿਆਂ ਦੀ ਵਿਕਰੀ ਦੀ ਇਜਾਜ਼ਤ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਦਾਲਤ ਦੀ ਮਨਜ਼ੂਰੀ ਤੋਂ ਬਿਨਾਂ ਪਟਾਖਿਆਂ ਦੇ ਵਪਾਰੀਆਂ ਨੂੰ ਸਥਾਈ ਲਾਇਸੈਂਸ ਜਾਰੀ ਕਰਨ ਤੋਂ ਰੋਕ ਲਾਈ ਹੋਈ ਹੈ। ਇਸ ਤੋਂ ਇਲਾਵਾ ਆਰਜ਼ੀ ਲਾਇਸੈਂਸ ਜਾਰੀ ਕਰਨ ਦੀ ਗਿਣਤੀ ਵੀ ਸੀਮਤ ਕਰ ਦਿੱਤੀ ਗਈ ਹੈ।ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ 12 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਸ਼ਾਮ 8.00 ਵਜੇ ਤੋਂ 10.00 ਵਜੇ ਤੱਕ ਅਤੇ ਮਿਤੀ 27 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਸਵੇਰੇ 4.00 ਵਜੇ ਤੋਂ 5.00 ਵਜੇ ਤੱਕ ਅਤੇ ਸ਼ਾਮ ਨੂੰ 09.00 ਵਜੇ ਤੋਂ 10.00 ਵਜੇ ਤੱਕ ਨਿਰਧਾਰਤ ਅਵਾਜ ਅੰਦਰ ਹੀ ਫਾਇਰ ਕਰੈਕਰਜ / ਪਟਾਖੇ ਚਲਾਉਣ ਦੀ ਆਗਿਆ ਹੋਵੇਗੀ। ਇਸ ਮਿਤੀ ਅਤੇ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੋਈ ਵੀ ਵਸਨੀਕ ਫਾਇਰ ਕਰੈਕਰਜ / ਪਟਾਖੇ ਨਹੀਂ ਚਲਾਏਗਾ ਅਤੇ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਸਵੈ ਪਾਲਣਾ ਵੀ ਕਰੇਗਾ। ਉਨ੍ਹਾਂ ਦੱਸਿਆ ਕਿ ਦੀਵਾਲੀ ਮੌਕੇ ਪਟਾਖੇ ਵੇਚਣ ਲਈ ਮਿਤੀ 10, 11 ਅਤੇ 12 ਨਵੰਬਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 7.30 ਵਜੇ ਤੱਕ ਅਤੇ ਗੁਰਪੁਰਬ ਮੌਕੇ 27 ਨਵੰਬਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 7.30 ਵਜੇ ਤੱਕ ਨਿਰਧਾਰਤ ਸਥਾਨਾਂ ਤੇ ਹੀ ਸਟਾਲ ਲਗਾਉਣ ਦੀ ਆਗਿਆ ਹੋਵੇਗੀ। ਕੋਈ ਵੀ ਵਿਅਕਤੀ ਗੈਰ ਕਾਨੂੰਨੀ ਤਰੀਕੇ ਨਾਲ ਫਾਇਰ ਕਰੈਕਰਜ਼/ਪਟਾਖਿਆਂ ਦੀ ਸਟੋਰੇਜ ਨਹੀਂ ਕਰੇਗਾ ਅਤੇ ਬਿਨਾਂ ਲਾਇਸੰਸ ਤੋਂ ਵਿਕਰੀ ਨਹੀਂ ਕਰੇਗਾ। ਪਟਾਖੇ ਵੇਚਣ ਸਬੰਧੀ ਨਿਰਧਾਰਤ ਥਾਵਾਂ ਅਤੇ ਮੁੱਖ ਸ਼ਰਤਾਂ ਅਤੇ ਵਧੇਰੇ ਜਾਣਕਾਰੀ ਲਈ ਵੈਬਸਾਈਟ www.sasnagar.nic.in ਤੇ ਵੇਖਿਆ ਜਾ ਸਕਦਾ ਹੈ।...
ਬਰਨਾਲਾ : ਬਰਨਾਲਾ ਪੁਲਿਸ ਨੇ ਹੈੱਡ ਕਾਂਸਟੇਬਲ ਦਰਸ਼ਨ ਸਿੰਘ ਦੇ ਕਤਲ 'ਚ ਸ਼ਾਮਲ ਸਾਰੇ ਚਾਰਾਂ ਮੁਲਜ਼ਮਾਂ ਨੂੰ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਵਿਚੋਂ ਇਕ ਮੁਲਜ਼ਮ ਪਰਮਜੀਤ ਸਿੰਘ ਪੰਮਾ ਨੇ ਪੁਲਿਸ 'ਤੇ ਗੋਲ਼ੀ ਚਲਾਈ ਤਾਂ ਜਵਾਬੀ ਕਾਰਵਾਈ 'ਚ ਪੰਮਾ ਨੂੰ ਗੋਲ਼ੀ ਲੱਗ ਗਈ। ਉਸ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮੁਲਜ਼ਮਾਂ ਕੋਲੋਂ 1 ਪਿਸਤੌਲ ਅਤੇ 2 ਕਾਰਤੂਸ ਬਰਾਮਦ ਹੋਏ ਹਨ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। .@BarnalaPolice has arrested all 4 accused involved in the killing of HC Darshan Singh after a brief encounter in which one of the accused got injured1 pistol & 2 live cartridges have been recovered from the accused (1/2) pic.twitter.com/XwDsfEfebz — DGP Punjab Police (@DGPPunjabPolice) October 24, 2023...
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਐਸ.ਏ.ਐਸ.ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਬੰਬੀਹਾ ਗੈਂਗ ਦੇ ਚਾਰ ਮੁੱਖ ਸੰਚਾਲਕਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਫਰਾਰ ਵਿਦੇਸ਼ੀ ਗੈਂਗਸਟਰ ਗੌਰਵ ਕੁਮਾਰ ਉਰਫ਼ ਲੱਕੀ ਪਟਿਆਲ ਦੇ ਇਸ਼ਾਰਿਆਂ ‘ਤੇ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ। ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਡੇਰਾਬਸੀ ਦੇ ਪਿੰਡ ਜਵਾਹਰਪੁਰ ਦੇ ਲਖਵੀਰ ਕੁਮਾਰ ਉਰਫ਼ ਲੱਕੀ, ਪਟਿਆਲਾ ਦੇ ਪਿੰਡ ਗਧਾਪੁਰ ਦੇ ਰਵੀ ਕੁਮਾਰ ਉਰਫ਼ ਫੌਜੀ, ਪਟਿਆਲਾ ਦੇ ਪਿੰਡ ਬਿਠੋਨੀਆ ਦੇ ਗੁਰਵਿੰਦਰ ਸਿੰਘ ਉਰਫ਼ ਮੱਟੂ ਅਤੇ ਡੇਰਾਬੱਸੀ ਦੇ ਜਤਿੰਦਰ ਸਿੰਘ ਉਰਫ਼ ਸੋਨੀ ਵਜੋਂ ਕੀਤੀ ਗਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਚਾਰ ਪਿਸਤੌਲਾਂ, ਜਿਨ੍ਹਾਂ ਵਿੱਚ ਦੋ ਆਧੁਨਿਕ ਆਟੋਮੈਟਿਕ ਅਤੇ ਸੈਮੀ-ਆਟੋਮੈਟਿਕ ਵਿਦੇਸ਼ੀ ਪਿਸਤੌਲ (ਬੇਰੇਟਾ ਅਤੇ ਜ਼ਿਗਾਨਾ) ਤੇ ਦੋ ਦੇਸੀ ਪਿਸਤੌਲ ਸ਼ਾਮਲ ਹਨ, ਸਮੇਤ 25 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਟੀਮਾਂ ਵੱਲੋਂ ਉਨ੍ਹਾਂ ਦੇ ਦੋ ਮੋਟਰਸਾਈਕਲ ਵੀ ਜ਼ਬਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਭਰੋਸੇਮੰਦ ਸੂਚਨਾਵਾਂ ‘ਤੇ ਕਾਰਾਵਾਈ ਕਰਦਿਆਂ ਏ.ਡੀ.ਜੀ.ਪੀ.ਪ੍ਰਮੋਦ ਬਾਨ ਦੀ ਸਮੁੱਚੀ ਨਿਗਰਾਨੀ ਹੇਠ ਏ.ਜੀ.ਟੀ.ਐਫ. ਦੀ ਟੀਮ ਨੇ ਐਸ.ਏ.ਐਸ. ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਢਕੋਲੀ ਵਿਖੇ ਪੁਰਾਣੇ ਅੰਬਾਲਾ-ਕਾਲਕਾ ਰੋਡ 'ਤੇ ਸਥਿਤ ਡੀ.ਪੀ.ਐਸ. ਸਕੂਲ ਦੇ ਨੇੜੀਓਂ ਮੁਲਜ਼ਮਾਂ ਨੂੰ ਉਦੋਂ ਕਾਬੂ ਕੀਤਾ ਜਦੋਂ ਉਹ ਆਪਣੇ ਦੋ ਮੋਟਰਸਾਈਕਲਾਂ 'ਤੇ ਜਾ ਰਹੇ ਸਨ। ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਗੈਂਗਸਟਰ ਲੱਕੀ ਪਟਿਆਲ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਖੇ ਵਿਸ਼ੇਸ਼ ਟੀਚਿਆਂ ’ਤੇ ਹਮਲਾ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਸੀ। ਮੁੱਢਲੀ ਤਫ਼ਤੀਸ਼ ਬਾਰੇ ਹੋਰ ਜਾਣਕਾਰੀ ਦਿੰਦਿਆਂ ਏਆਈਜੀ ਏਜੀਟੀਐਫ ਸੰਦੀਪ ਗੋਇਲ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਬੰਬੀਹਾ ਗਰੋਹ ਵੱਲੋਂ ਕੀਤੇ ਗਏ ਅਪਰਾਧਾਂ ਬਾਰੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਇਸ ਆਪ੍ਰੇਸ਼ਨ ਵਿੱਚ ਡੀਐਸਪੀ ਏਜੀਟੀਐਫ ਬਿਕਰਮ ਸਿੰਘ ਬਰਾੜ ਵੀ ਸ਼ਾਮਲ ਸਨ। ਇਸ ਸਬੰਧੀ ਐਫਆਈਆਰ ਨੰਬਰ 83 ਮਿਤੀ 19/10/2023 ਨੂੰ ਥਾਣਾ ਢਕੋਲੀ, ਐਸ.ਏ.ਐਸ.ਨਗਰ ਵਿਖੇ ਅਸਲਾ ਐਕਟ ਦੀ ਧਾਰਾ 25(6)(7) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।...
ਮੋਹਾਲੀ: ਮੋਹਾਲੀ ਦੇ ਸੈਕਟਰ 85 ਸਥਿਤ ਵੇਵ ਅਸਟੇਟ ਵਿਖੇ ਰਾਮਲੀਲਾ ਦੀਆਂ ਝਾਕੀਆ ਵਿੱਚ ਲੋਕਾਂ ਦੀ ਉਤਸਕਤਾ ਦੇਖੀ ਗਈ ਹੈ। ਭਲ੍ਹਕੇ 19 ਅਕਤੂਬਰ ਤੋਂ 6 ਦਿਨਾਂ ਲਈ ਰਾਮਲੀਲਾ ਹੋਵੇਗੀ ਜਿਸ ਵਿੱਚ ਭਗਵਾਨ ਰਾਮ ਅਤੇ ਰਾਵਣ ਦੀ ਜਿੰਦਗੀ ਦੀਆਂ ਵੱਖ-ਵੱਖ ਘਟਨਾਵਾਂ ਉੱਤੇ ਚਾਨਣਾ ਪਾਇਆ ਜਾਵੇਗਾ। ਰੋਡ ਸ਼ੋਅ ਦੌਰਾਨ ਭਗਵਾਨ ਰਾਮ ਦੇ ਜੀਵਨ ਨੂੰ ਦਰਸਾਉਂਦੀਆਂ ਕਈ ਝਾਕੀਆਂ ਕੱਢੀਆਂ ਗਈਆ ਸਨ ਜਿਨ੍ਹਾਂ ਨੂੰ ਲੈ ਕੇ ਆਮ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਸ ਮੌਕੇ ਪਾਤਰਾਂ ਦਾ ਵੀ ਕਈ ਥਾਵਾਂ ਉੱਤੇ ਸਨਮਾਨ ਕੀਤਾ ਗਿਆ ਹੈ। ਇਸ ਸਮਾਗਮ ਦਾ ਆਯੋਜਨ ਉਮੀਦ ਨੂੰ ਵਧਾਉਣ ਅਤੇ ਆਗਾਮੀ ਰਾਮਲੀਲਾ ਤਿਉਹਾਰਾਂ ਲਈ ਸਟੇਜ ਸੈੱਟ ਕਰਨ ਲਈ ਕੀਤਾ ਗਿਆ ਸੀ, ਜੋ ਕਿ ਹਰ ਵਰਗ ਦੇ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ। ਭਗਵਾਨ ਰਾਮ, ਸੀਤਾ, ਲਕਸ਼ਮਣ, ਹਨੂੰਮਾਨ, ਰਾਵਣ, ਅਤੇ ਹੋਰ ਵਰਗੇ ਪਾਤਰਾਂ ਨੂੰ ਸਮਰਪਿਤ ਕਲਾਕਾਰਾਂ ਦੁਆਰਾ ਜੀਵਨ ਵਿੱਚ ਲਿਆਂਦਾ ਗਿਆ, ਜਿਨ੍ਹਾਂ ਨੇ ਬਹੁਤ ਹੀ ਸ਼ਰਧਾ ਨਾਲ ਆਪਣੀਆਂ ਭੂਮਿਕਾਵਾਂ ਨੂੰ ਉਤਸ਼ਾਹ ਨਾਲ ਦਰਸਾਇਆ। ਰਾਮਲੀਲਾ ਨੂੰ ਲੈ ਕੇ ਝਾਕੀਆ ਕਢਣ ਦਾ ਇਹ ਉਦੇਸ਼ ਸੀ ਕਿ ਰਾਮਲੀਲਾ ਬਾਰੇ ਲੋਕਾਂ ਨੂੰ ਪਤਾ ਚੱਲ ਸਕੇ ਅਤੇ ਵੱਧ ਤੋਂ ਵੱਧ ਲੋਕ ਜੁੜ ਸਕਣ। ਇਸ ਮੌਕੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਾਡਾ ਉਦੇਸ਼ ਰਾਮਲੀਲਾ ਦੀ ਸ਼ਾਨ ਨੂੰ ਇਸ ਤਰੀਕੇ ਨਾਲ ਪੇਸ਼ ਕਰਨਾ ਸੀ ਕਿ ਹਰ ਕੋਈ ਸ਼ਲਾਘਾ ਕਰ ਸਕੇ। ਰੋਡ ਸ਼ੋਅ ਨੇ ਸਾਨੂੰ ਸਮਾਜ ਨਾਲ ਜੁੜਨ ਅਤੇ ਰਾਮਲੀਲਾ ਪ੍ਰਦਰਸ਼ਨ ਤੋਂ ਪਹਿਲਾਂ ਤਿਉਹਾਰ ਦੀ ਭਾਵਨਾ ਨੂੰ ਜਗਾਉਣ ਦੀ ਇਜਾਜ਼ਤ ਦਿੱਤੀ," ਉਸਨੇ ਅੱਗੇ ਕਿਹਾ। 19 ਅਕਤੂਬਰ ਤੋਂ ਸ਼ੁਰੂ ਹੋ ਕੇ ਛੇ ਰੋਜ਼ਾ ਰਾਮਲੀਲਾ ਵੇਵ ਅਸਟੇਟ, ਸੈਕਟਰ 85, ਮੋਹਾਲੀ ਵਿਖੇ ਕਰਵਾਈ ਜਾਵੇਗੀ। ਇਸ ਸਮਾਗਮ ਵਿੱਚ ਮੋਹਾਲੀ ਦੀਆਂ ਨਾਮਵਰ ਸ਼ਖਸੀਅਤਾਂ ਜਿਵੇਂ ਕਿ ਆਪ ਵਿਧਾਇਕ ਕੁਲਵੰਤ ਸਿੰਘ, ਡੀਸੀ ਆਸ਼ਿਕਾ ਜੈਨ, ਐਸਐਸਪੀ ਮੁਹਾਲੀ, ਸੰਦੀਪ ਕੁਮਾਰ ਗਰਗ ਅਤੇ ਐਸਡੀਐਮ ਚੰਦਰਜੋਤੀ ਸਿੰਘ ਹਾਜ਼ਰ ਹੋਣਗੀਆਂ।
ਛਾਜਲੀ (ਸੰਗਰੂਰ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜੰਮੂ ਕਸ਼ਮੀਰ ਵਿੱਚ ਕਾਰਗਿਲ ਵਿਖੇ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦੀ ਪ੍ਰਾਪਤ ਕਰਨ ਵਾਲੇ ਬਹਾਦਰ ਜਵਾਨ ਪਰਵਿੰਦਰ ਸਿੰਘ ਦੇ ਘਰ ਜਾ ਕੇ ਪਰਿਵਾਰ ਨੂੰ ਸਨਮਾਨ ਰਾਸ਼ੀ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ।ਮੁੱਖ ਮੰਤਰੀ ਨੇ ਸ਼ਹੀਦ ਪਰਵਿੰਦਰ ਸਿੰਘ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਦੇਸ਼ ਹਮੇਸ਼ਾ ਆਪਣੇ ਸ਼ਹੀਦਾਂ ਦਾ ਰਿਣੀ ਰਹੇਗਾ ਜੋ ਦੁਸ਼ਮਣ ਤਾਕਤਾਂ ਤੋਂ ਆਪਣੇ ਵਤਨ ਦੀ ਰਾਖੀ ਕਰਦਿਆਂ ਜਾਨ ਨਿਛਾਵਰ ਕਰ ਦਿੰਦੇ ਹਨ। ਉਨ੍ਹਾਂ ਨੇ ਸ਼ਹੀਦ ਪਰਵਿੰਦਰ ਸਿੰਘ ਦੀ ਯਾਦ ਵਿੱਚ ਪਿੰਡ ਵਿੱਚ ਬੁੱਤ ਲਾਉਣ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪਰਿਵਾਰ ਵੱਲੋਂ ਸ਼ਹੀਦ ਦੀ ਪਤਨੀ ਲਈ ਨੌਕਰੀ ਦੀ ਮੰਗ ਕੀਤੀ ਗਈ ਹੈ ਅਤੇ ਸੂਬਾ ਸਰਕਾਰ ਵੱਲੋਂ ਆਪਣੀ ਨੀਤੀ ਦੇ ਤਹਿਤ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਸ਼ਹੀਦ ਦੀ ਕੁਰਬਾਨੀ ਦੀ ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ ਪਰ ਸਰਕਾਰ ਨੇ ਸ਼ਹੀਦ ਦੇ ਸਤਿਕਾਰ ਵਿੱਚ ਇਕ ਨਿਮਾਣਾ ਜਿਹਾ ਉਪਰਾਲਾ ਕੀਤਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪਰਵਿੰਦਰ ਸਿੰਘ ਦਾ ਪਰਿਵਾਰ ਦੇਸ਼ ਸੇਵਾ ਪ੍ਰਤੀ ਸਮਰਪਿਤ ਹੈ ਕਿਉਂ ਜੋ ਉਨ੍ਹਾਂ ਦੇ ਪਿਤਾ ਜੀ ਵੀ ਫੌਜ ਵਿੱਚ ਸੇਵਾ ਨਿਭਾਅ ਚੁੱਕੇ ਹਨ ਅਤੇ ਉਨ੍ਹਾ ਦੇ ਭਰਾ ਵੀ ਇਸ ਵੇਲੇ ਫੌਜ ਵਿੱਚ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਕਿਸੇ ਇਕ ਪਰਿਵਾਰ ਜਾਂ ਸੂਬੇ ਦੇ ਨਹੀਂ ਸਗੋਂ ਪੂਰੇ ਦੇਸ਼ ਦੇ ਸ਼ਹੀਦ ਹੁੰਦੇ ਹਨ। ਭਗਵੰਤ ਸਿੰਘ ਮਾਨ ਨੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਇਹ ਯਕੀਨੀ ਬਣਾਉਣ ਲਈ ਆਖਿਆ ਕਿ ਭਵਿੱਖ ਵਿੱਚ ਪਰਿਵਾਰ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹਰ ਦੁੱਖ-ਸੁੱਖ ਵਿਚ ਪਰਿਵਾਰ ਨਾਲ ਖੜ੍ਹੇਗੀ ਅਤੇ ਦੁੱਖ ਦੀ ਇਸ ਘੜੀ ਵਿਚ ਉਸ ਦੀ ਮਦਦ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਸਹੀਦੀ ਪ੍ਰਾਪਤ ਕਰਨ ਵਾਲੇ ਜਵਾਨ ਪਰਵਿੰਦਰ ਸਿੰਘ ਦੀ ਕੁਰਬਾਨੀ ਲਈ ਦੇਸ ਵਾਸੀ ਸਦਾ ਰਿਣੀ ਰਹਿਣਗੇ। ਸਹੀਦ ਸੈਨਿਕ ਪਰਵਿੰਦਰ ਸਿੰਘ ਨੂੰ ਸਰਧਾਂਜਲੀ ਭੇਟ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਬਹਾਦਰੀ, ਪੇਸੇਵਰ ਵਚਨਬੱਧਤਾ ਅਤੇ ਸਾਹਸ ਦਾ ਪ੍ਰਗਟਾਵਾ ਕਰਕੇ ਮੁਲਕ ਅਤੇ ਖਾਸ ਕਰਕੇ ਪੰਜਾਬ ਦਾ ਨਾਮ ਰੌਸਨ ਕੀਤਾ ਹੈ।
ਅੰਮ੍ਰਿਤਸਰ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਵਿਚ ਡੇਰਾ ਸਿਰਸਾ ਪ੍ਰੇਮੀਆਂ ਵੱਲੋਂ ਵੱਡੇ ਪੱਧਰ ’ਤੇ ਵੋਟਾਂ ਬਣਾਈਆਂ ਜਾ ਰਹੀਆਂ ਹਨ ਜਿਸ ਸਬੰਧੀ ਕਈ ਸਿੱਖ ਚਿੰਤਕਾਂ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਇਤਰਾਜ਼ ਵੀ ਪ੍ਰਗਟਾਇਆ ਹੈ। ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੋਂ ਬਾਅਦ ਕਿਹਾ ਕਿ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿਚ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧ ਲਈ ਹੋਣ ਵਾਲੀਆਂ ਚੋਣਾਂ ਵਿਚ ਉਸ ਵਿਅਕਤੀ ਨੂੰ ਹੀ ਦਖ਼ਲ ਦੇਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੋਵੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਨੁਸਾਰ ਹੀ ਜੀਵਨ ਬਤੀਤ ਕਰਦਾ ਹੋਵੇ। ਉਨ੍ਹਾਂ ਕਿਹਾ ਕਿ ਧਿਆਨ ਵਿਚ ਆਇਆ ਹੈ ਕਿ ਹਰਿਆਣਾ ਵਿਚ ਵੱਡੇ ਪੱਧਰ ’ਤੇ ਡੇਰਾ ਸਿਰਸਾ ਦੇ ਪੇ੍ਰਮੀ ਵੋਟਾਂ ਬਣਾ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜੋ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦਾ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਅਨੁਸਾਰ ਜੀਵਨ ਬਤੀਤ ਨਹੀਂ ਕਰਦਾ, ਉਸ ਨੂੰ ਵੋਟਰ ਬਣਨ ਦਾ ਅਧਿਕਾਰ ਨਹੀਂ ਹੋ ਸਕਦਾ।
ਮਾਲੇਰਕੋਟਲਾ : ਸ਼੍ਰੋਮਣੀ ਅਕਾਲੀ ਦਲ ਵਿਚ ਬਹੁਤ ਜਲਦ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਸ ਲਈ ਹਰ ਪੱਖ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਇਥੇ ਜਾਰੀ ਇਕ ਬਿਆਨ ਵਿਚ ਕੀਤਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਧਲੇਰ, ਸਰਕਲ ਪ੍ਰਧਾਨ ਗੁਰਮੇਲ ਸਿੰਘ ਨੌਧਰਾਣੀ, ਰਾਜਪਾਲ ਸਿੰਘ ਰਾਜੂ ਚੱਕ ਅਤੇ ਸ਼ਹਿਰੀ ਸਰਕਲ ਪ੍ਰਧਾਨ ਸ਼ਫ਼ੀਕ ਚੌਹਾਨ ਦਰਮਿਆਨ ਹੋਈ ਮੀਟਿੰਗ ਵਿਚ ਨਵੀਆਂ ਨਿਯੁਕਤੀਆਂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਵਿਚ ਪੈਂਦੇ ਪਿੰਡਾਂ ਨੂੰ ਤਿੰਨ ਸਰਕਲਾਂ ਵਿਚ ਵੰਡਿਆ ਗਿਆ ਹੈ। ਤਿੰਨਾਂ ਸਰਕਲਾਂ ਦੇ ਪ੍ਰਧਾਨ, ਯੂਥ ਪ੍ਰਧਾਨ ਅਤੇ ਐਸ.ਸੀ. ਪ੍ਰਧਾਨ ਨਿਯੁਕਤ ਕੀਤੇ ਜਾਣਗੇ। ਇਸੇ ਤਰ੍ਹਾਂ ਸ਼ਹਿਰ ਵਿਚ ਵਿਧਾਨ ਸਭਾ ਹਲਕਾ ਅਤੇ ਲੋਕ ਸਭਾ ਹਲਕਾ ਮੁਤਾਬਕ ਬਣਾਏ ਗਏ 27 ਵਾਰਡਾਂ ਨੂੰ ਵੀ ਤਿੰਨ ਸਰਕਲਾਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਤਿੰਨਾਂ ਸਰਕਲਾਂ ਦੇ ਪ੍ਰਧਾਨ, ਯੂਥ ਪ੍ਰਧਾਨ ਅਤੇ ਐਸ.ਸੀ. ਪ੍ਰਧਾਨ ਨਿਯੁਕਤ ਕੀਤੇ ਜਾਣਗੇ। ਵਪਾਰ ਮੰਡਲ ਅਤੇ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਸੋਈ) ਦੇ ਵਰਕਰਾਂ ਨੂੰ ਅਹੁਦੇਦਾਰੀਆਂ ਦਿਤੀਆਂ ਜਾਣਗੀਆਂ। ਬੀਬਾ ਜ਼ਾਹਿਦਾ ਸੁਲੇਮਾਨ ਨੇ ਦਾਅਵਾ ਕੀਤਾ ਕਿ ਮਾਲੇਰਕੋਟਲਾ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਕਾਡਰ ਤਿਆਰ ਹੋ ਚੁੱਕਾ ਹੈ। ਅਕਾਲੀ ਨੇਤਾ ਅਤੇ ਵਰਕਰ ਬਹੁਤ ਹੀ ਗੰਭੀਰਤਾ ਨਾਲ ਹਲਕੇ ਦੇ ਮਸਲਿਆਂ ਨੂੰ ਚੁੱਕ ਰਹੇ ਹਨ। ਅਹੁਦੇਦਾਰੀਆਂ ਅਤੇ ਜ਼ਿੰਮੇਦਾਰੀਆਂ ਮਿਲਣ ਮਗਰੋਂ ਵਰਕਰ ਹੋਰ ਵੀ ਤਨਦੇਹੀ ਨਾਲ ਕੰਮ ਕਰਨਗੇ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਨਕ ਲੀਡਰਸ਼ਿਪ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਦੀ ਸਹਾਇਤਾ ਲਈ ਸਿਆਸੀ ਅਤੇ ਮੀਡੀਆ ਸਲਾਹਕਾਰ ਵੀ ਨਿਯੁਕਤ ਕੀਤੇ ਜਾਣਗੇ ਤਾਕਿ ਪਾਰਟੀ ਦੀਆਂ ਗਤੀਵਿਧੀਆਂ ਨੂੰ ਸਹੀ ਅਤੇ ਢੁਕਵੇਂ ਤਰੀਕੇ ਨਾਲ ਚਲਾਇਆ ਜਾ ਸਕੇ।
ਬਠਿੰਡਾ: ਵਿਜੀਲੈਂਸ ਬਿਊਰੋ ਬਠਿੰਡਾ ਨੇ ਬਠਿੰਡਾ ਮਾਡਲ ਟਾਊਨ ਫੇਜ਼-1 ਵਿੱਚ ਇੱਕ ਵਪਾਰਕ ਪਲਾਟ ਨੂੰ ਰਿਹਾਇਸ਼ੀ ਵਿੱਚ ਤਬਦੀਲ ਕਰ ਕੇ ਖਰੀਦਣ ਦੇ ਦੋਸ਼ ਵਿੱਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਇੱਕ ਪੀਸੀਐਸ ਅਧਿਕਾਰੀ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਸਮੇਤ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਬੀ.ਡੀ.ਏ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੋਠੀ ਬਣਾਉਣ ਦੇ ਦੋਸ਼ ਤਹਿਤ ਮਾਮਲਾ ਦਰਜ ਹੈ। ਇਸ ਵਿੱਚ ਬੀਡੀਏ ਦੇ ਤਤਕਾਲੀ ਪ੍ਰਸ਼ਾਸਕ ਅਤੇ ਪੀਐਸਐਸ ਅਧਿਕਾਰੀ ਅਤੇ ਮੌਜੂਦਾ ਏਡੀਸੀ ਵਿਕਾਸ ਸ੍ਰੀ ਮੁਕਤਸਰ ਸਾਹਿਬ ਵਿਕਰਮਜੀਤ ਸਿੰਘ ਸ਼ੇਰਗਿੱਲ, ਬੀਡੀਏ ਦੇ ਤਤਕਾਲੀ ਸੁਪਰਡੈਂਟ ਅਤੇ ਗਲਾਡਾ ਦੇ ਮੌਜੂਦਾ ਅਸਟੇਟ ਅਫਸਰ ਪੰਕਜ ਕਲਿਆਣ, ਪਲਾਂਟ ਦੀ ਬੋਲੀ ਕਰਨ ਵਾਲੇ ਹੋਟਲ ਕਾਰੋਬਾਰੀ ਅਤੇ ਨਿਊ ਸ਼ਕਤੀ ਨਗਰ ਦੇ ਵਸਨੀਕ ਰਾਜੀਵ ਕੁਮਾਰ, ਵਪਾਰੀ ਅਤੇ ਟੈਗੋਰ। ਸ਼ਹਿਰ ਵਾਸੀ ਵਿਕਾਸ ਅਰੋੜਾ, ਸ਼ਰਾਬ ਠੇਕੇਦਾਰ ਦੇ ਕਲਰਕ ਅਤੇ ਅਮਨਦੀਪ ਸਿੰਘ, ਵਾਸੀ ਲਾਲ ਸਿੰਘ ਬਸਤੀ ਦਾ ਨਾਮ ਲਿਆ ਗਿਆ ਹੈ।ਵਿਜੀਲੈਂਸ ਦੀ ਟੀਮ ਨੇ ਮਾਮਲੇ ਵਿੱਚ ਨਾਮਜ਼ਦ ਰਾਜੀਵ ਕੁਮਾਰ, ਵਿਕਾਸ ਅਰੋੜਾ ਅਤੇ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਮਨਪ੍ਰੀਤ ਸਿੰਘ ਬਾਦਲ, ਵਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਪੰਕਜ ਕਾਲੀਆ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਦੀਆਂ ਟੀਮਾਂ ਉਕਤ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਯਤਨ ਕਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਬਾਦਲ ਵਿਦੇਸ਼ 'ਚ ਹਨ, ਜਦਕਿ ਵਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਪੰਕਜ ਕਲਿਆਣ ਵੀ ਰੂਪੋਸ਼ ਹਨ। ਵਿਜੀਲੈਂਸ ਨੇ ਬਠਿੰਡਾ ਸ਼ਹਿਰੀ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਮੌਜੂਦਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਰੂਪ ਚੰਦ ਸਿੰਗਲਾ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਮਾਮਲਾ ਦਰਜ ਕੀਤਾ ਹੈ।
ਚੰਡੀਗੜ੍ਹ : ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ (IAS) ਨੇ ਨਵੀਂ ਪਹਿਲ ਕੀਤੀ ਹੈ। ਡਾਕਟਰ ਸੈਨੂੰ ਦੁੱਗਲ ਨੇ ਜ਼ਿਲ੍ਹਾ ਵਾਸੀਆਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਅਸਲਾ ਲਾਇਸੈਂਸ ਧਾਰਕ ਨੇ ਇਸ ਸੀਜ਼ਨ 'ਚ ਪਰਾਲੀ ਨੂੰ ਅੱਗ ਲਗਾਈ ਤਾਂ ਅਜਿਹੇ ਅਸਲਾ ਲਾਇਸੈਂਸ ਧਾਰਕ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ। ਡਾਕਟਰ ਸੇਨੂੰ ਦੁੱਗਲ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਸਾਂਝੀ ਕੀਤੀ ਹੈ।
ਬਠਿੰਡਾ: ਬਠਿੰਡਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਵਿਖੇ ਮੁਲਤਾਨੀਆਂ ਨਜਦੀਕ ਗੁਰਦੁਆਰਾ ਸਾਹਿਬ ਵਿੱਚ 18 ਸਤੰਬਰ ਨੂੰ ਦੋ ਕੁੜੀਆਂ ਨੇ ਆਪਸ ਵਿੱਚ ਵਿਆਹ ਕਰਵਾ ਲਿਆ ਹੈ। ਦੋਵੇ ਕੁੜੀਆ ਦੇ ਆਨੰਦ ਕਾਰਜ ਗੁਰਦੁਆਰਾ ਸਾਹਿਬ ਵਿਖੇ ਹੋਏ ਹਨ। ਮਿਲੀ ਜਾਣਕਾਰੀ ਮੁਤਾਬਿਕ ਜਦੋਂ ਇਸ ਵਿਆਹ ਬਾਰੇ ਜਥੇਬੰਦੀਆਂ ਨੂੰ ਪਤਾ ਲੱਗਿਆ ਤਾਂ ਉਹ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਏ ਅਤੇ ਗ੍ਰੰਥੀ ਸਿੰਘ ਉੱਤੇ ਇਤਰਾਜ ਕੀਤਾ ਗਿਆ । ਸਿੱਖ ਜਥੇਬੰਦੀਆਂ ਵੱਲੋਂ ਗ੍ਰੰਥੀ ਸਿੰਘ ਉੱਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਸਮਲਿੰਗੀ ਵਿਆਹ ਗੁਰਮਤਿ ਦੇ ਸਿਧਾਂਤ ਦੇ ਵਿਰੁੱਧ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਿਸ ਗੁਰਦੁਆਰੇ ਵਿੱਚ ਵਿਆਹ ਹੋਇਆ ਹੈ ਉਥੇ ਦੀ ਕਮੇਟੀ ਅਤੇ ਗ੍ਰੰਥੀ ਸਿੰਘ ਇਸ ਦਾ ਜਿੰਮੇਵਾਰ ਹੈ।
ਮੁਕਤਸਰ : ਸ਼੍ਰੀ ਮੁਕਤਸਰ ਜ਼ਿਲੇ 'ਚ ਮੰਗਲਵਾਰ ਨੂੰ ਵਾਪਰੇ ਬੱਸ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਨੇ ਕੁਝ ਲੋਕਾਂ ਦੇ ਨਹਿਰ 'ਚ ਰੁੜ੍ਹ ਜਾਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਉਨ੍ਹਾਂ ਦੀ ਭਾਲ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਐਨਡੀਆਰਐਫ ਦੀਆਂ ਟੀਮਾਂ ਨਹਿਰ ਵਿੱਚ ਲਾਸ਼ਾਂ ਲੱਭਣ ਵਿੱਚ ਜੁਟੀਆਂ ਹੋਈਆਂ ਹਨ। ਇਸ ਹਾਦਸੇ 'ਚ ਮਾਰੇ ਗਏ ਸਾਰੇ 8 ਲੋਕਾਂ ਦੀਆਂ ਲਾਸ਼ਾਂ ਮੰਗਲਵਾਰ ਦੇਰ ਸ਼ਾਮ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ। ਇਹ ਹਾਦਸਾ ਮੰਗਲਵਾਰ ਦੁਪਹਿਰ ਨੂੰ ਵਾਪਰਿਆ। ਮੁਕਤਸਰ ਕੋਟਕਪੂਰਾ ਰੋਡ 'ਤੇ ਪਿੰਡ ਵੜਿੰਗ ਨੇੜੇ ਨਿਊ ਦੀਪ ਪ੍ਰਾਈਵੇਟ ਬੱਸ ਕੰਪਨੀ ਦੀ ਬੱਸ ਮੀਂਹ ਦੌਰਾਨ ਤੇਜ਼ ਰਫ਼ਤਾਰ ਹੋਣ ਕਾਰਨ ਰੇਲਿੰਗ ਤੋੜ ਕੇ ਸਰਹੰਦ ਫੀਡਰ ਨਹਿਰ ਵਿੱਚ ਜਾ ਡਿੱਗੀ। ਹੁਣ ਤੱਕ 8 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਜਿਨ੍ਹਾਂ ਦੀ ਪਛਾਣ ਵੀ ਕਰ ਲਈ ਗਈ ਹੈ। ਇਸ ਕਾਰਨ 11 ਲੋਕ ਜ਼ਖਮੀ ਹੋ ਗਏ, ਜਦੋਂ ਕਿ ਕਰੀਬ 40 ਲੋਕਾਂ ਨੂੰ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਅਤੇ ਪੁਲਸ ਪ੍ਰਸ਼ਾਸਨ ਨੇ ਬਚਾ ਲਿਆ। ਪੁਲਿਸ ਨੇ ਲਾਪਰਵਾਹੀ ਨਾਲ ਬੱਸ ਚਲਾਉਣ ਦੇ ਦੋਸ਼ ਹੇਠ ਡਰਾਈਵਰ ਤੇ ਕੰਡਕਟਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਤਾਰ ਸਿੰਘ ਵਾਸੀ ਪਿੰਡ ਕੱਟਿਆਂਵਾਲੀ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ।
ਲੁਧਿਆਣਾ: ਲੁਧਿਆਣਾ ਦੇ ਇੱਕ ਨਾਮੀ ਡਾਕਟਰ ਦੇ ਘਰ ਹੋਈ 3.5 ਕਰੋੜ ਦੀ ਚੋਰੀ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਇਹ ਚੋਰੀ 5 ਦਿਨ ਪਹਿਲਾਂ ਪੱਖੋਵਾਲ ਰੋਡ 'ਤੇ ਹੋਈ ਸੀ। ਚੋਰ ਉਸ ਦੇ ਘਰੋਂ ਸੋਨਾ ਅਤੇ ਨਕਦੀ ਲੈ ਗਏ ਸਨ। ਇਸ ਸਬੰਧੀ ਥਾਣਾ ਦੁੱਗਰੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਸੀਸੀਟੀਵੀ ਦੇ ਆਧਾਰ ’ਤੇ ਤਕਨੀਕੀ ਜਾਂਚ ਤੋਂ ਬਾਅਦ ਮੁਲਜ਼ਮਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਲੱਭ ਲਿਆ। ਸੂਤਰਾਂ ਅਨੁਸਾਰ ਇਹ ਚੋਰੀ ਕਰੋੜਾਂ ਦੀ ਸੀ ਪਰ ਪੀੜਤ ਨੇ ਪੁਲਿਸ ਨੂੰ ਚੋਰੀ ਦੀ ਕੁੱਲ ਰਕਮ ਨਹੀਂ ਦੱਸੀ। ਇਸ ਮਾਮਲੇ ਵਿੱਚ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਕੇ ਲੁਧਿਆਣਾ ਪੁਲਿਸ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲਿਸ ਨੇ ਪੇਸ਼ੇਵਰ ਅਤੇ ਵਿਗਿਆਨਕ ਪਹੁੰਚ ਨਾਲ 5 ਦਿਨਾਂ ਦੇ ਅੰਦਰ ਇਸ ਕੇਸ ਨੂੰ ਹੱਲ ਕਰ ਲਿਆ ਹੈ।
ਬਰਨਾਲਾ: ਬਰਨਾਲਾ ਵਿੱਚ ਇੱਕ ਨਾਬਾਲਗ ਲੜਕੀ ਨਾਲ 10 ਤੋਂ ਵੱਧ ਦੋਸ਼ੀਆਂ ਵੱਲੋਂ ਸਮੂਹਿਕ ਦੁਸ਼ਕਰਮ ਕੀਤਾ ਗਿਆ। ਇਸ ਮਾਮਲੇ ਵਿੱਚ ਥਾਣਾ ਸਿਟੀ-1 ਦੀ ਪੁਲੀਸ ਨੇ 17 ਸਾਲਾ ਦੇ ਬਿਆਨਾਂ ਦੇ ਆਧਾਰ ’ਤੇ ਗੁਰਪ੍ਰੀਤ ਵਾਸੀ ਜ਼ਿਲ੍ਹਾ ਬਠਿੰਡਾ, ਨਰੇਸ਼, ਅਨੂ, ਅੰਜਲੀ, ਹਰਪ੍ਰੀਤ, ਕੁਲਦੀਪ ਸਾਰੇ ਵਾਸੀ ਬਰਨਾਲਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਬਜ਼ੁਰਗ ਲੜਕੀ ਬਰਨਾਲਾ ਦੀ ਰਹਿਣ ਵਾਲੀ ਹੈ। ਉਸ ਨੇ ਦੱਸਿਆ ਕਿ ਮੁਲਜ਼ਮ ਗੁਰਪ੍ਰੀਤ ਅਤੇ ਕੁਲਦੀਪ ਨੇ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਸ ਦੀਆਂ ਭੈਣਾਂ ਅਨੂ ਅਤੇ ਅੰਜਲੀ ਅਤੇ ਹੋਰ ਦੋਸ਼ੀਆਂ ਨੇ ਉਸ 'ਤੇ ਸ਼ਿਕਾਇਤ ਨਾ ਕਰਨ ਦਾ ਦਬਾਅ ਪਾਇਆ। ਇਸ ਤੋਂ ਬਾਅਦ ਮੁਲਜ਼ਮ ਨੇ ਸਾਜ਼ਿਸ਼ ਰਚ ਕੇ ਉਸ ਦਾ ਵਿਆਹ ਮੁਲਜ਼ਮ ਗੁਰਪ੍ਰੀਤ ਨਾਲ ਕਰਵਾ ਦਿੱਤਾ, ਭਾਵੇਂ ਉਹ ਨਾਬਾਲਗ ਹੈ। ਦੋਸ਼ੀ ਉਸ ਦੀ ਕੁੱਟਮਾਰ ਕਰਦਾ ਹੈ ਅਤੇ ਉਸ ਦੀ ਅਣਉਚਿਤ ਵੀਡੀਓ ਬਣਾਉਂਦਾ ਹੈ। ਜਿਸ ਕਾਰਨ ਇਸ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਸ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕਰੇਗੀ। ਤਾਂ ਜੋ ਮੁਲਜ਼ਮਾਂ ਦਾ ਰਿਮਾਂਡ ਲਿਆ ਜਾ ਸਕੇ। ਇਸ ਦੇ ਨਾਲ ਹੀ ਬੱਚੇ ਦੀ ਮੈਡੀਕਲ ਜਾਂਚ ਵੀ ਕਰਵਾਈ ਗਈ ਹੈ।
ਮਾਲੇਰਕੋਟਲਾ : ਸਥਾਨਕ ਮਿਲਨ ਪੈਲੇਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਵਲੋਂ ਹਲਕਾ ਮਾਲੇਰਕੋਟਲਾ ਦੇ ਨੌਜੁਆਨਾਂ ਦੀ ਯੂਥ ਮਿਲਣੀ ਵਿਚ ਨੌਜੁਆਨਾਂ ਦਾ ਵੱਡਾ ਹਜੂਮ ਵੇਖਣ ਨੂੰ ਮਿਲਿਆ। ਸ਼ਹਿਰਾਂ ਅਤੇ ਪਿੰਡਾਂ ਵਿਚੋਂ ਹੁਣ ਤਕ ਸਿਆਸਤ ਤੋਂ ਕੋਰੇ ਨੌਜੁਆਨ ਵੱਡੇ ਜੱਥਿਆਂ ਨੂੰ ਨਾਲ ਲੈ ਕੇ ਯੂਥ ਪ੍ਰਧਾਨ ਦੇ ਵਿਚਾਰ ਸੁਣਨ ਅਤੇ ਅਕਾਲੀ ਦਲ ਨਾਲ ਜੁੜਨ ਲਈ ਪੁੱਜੇ। ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਦੀ ਅਗਵਾਈ ਹੇਠ ਰੱਖੇ ਇਸ ਸਿਆਸੀ ਪ੍ਰੋਗਰਾਮ ਵਿਚ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਅਤੇ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਇਕਬਾਲ ਸਿੰਘ ਝੂੰਦਾਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸ਼ਾਮ ਪੰਜ ਵਜੇ ਸ਼ੁਰੂ ਹੋਏ ਪ੍ਰੋਗਰਾਮ ਤੋਂ ਪਹਿਲਾਂ ਸਰਬਜੀਤ ਸਿੰਘ ਝਿੰਜਰ ਦਾ ਧੂਰੀ ਰੋਡ ਤੋਂ ਪੈਲੇਸ ਤਕ ਨੌਜੁਆਨਾਂ ਦੇ ਜਥਿਆਂ ਨੇ ਢੋਲ ਢਮੱਕਿਆਂ ਅਤੇ ਮੋਟਰਸਾਈਕਲਾਂ ਦੇ ਕਾਫ਼ਲਿਆਂ ਨਾਲ ਸੁਆਗਤ ਕੀਤਾ। ਝਿੰਜਰ ਕਿਹਾ ਕਿ ਮਾਲੇਕਰੋਟਲਾ ਨੇ ਹਮੇਸ਼ਾ ਜੁਝਾਰੂ ਲੋਕ ਪੈਦਾ ਕੀਤੇ ਹਨ ਜਿਹੜੇ ਭ੍ਰਿਸ਼ਟਾਚਾਰ ਅਤੇ ਬੇਇਨਸਾਫ਼ੀ ਖਿ਼ਲਾਫ਼ ਆਵਾਜ਼ ਬੁਲੰਦ ਕਰਨ ਤੋਂ ਕਦੇ ਪਿੱਛੇ ਨਹੀਂ ਹਟਦੇ। ਝਿੰਜਰ ਨੇ ਆਖਿਆ ਕਿ ਉਹ ਰੋਜ਼ਾਨਾ ਕਿਸੇ ਨਾ ਕਿਸੇ ਹਲਕੇ ਵਿਚ ਯੂਥ ਮਿਲਣੀ ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹਨ। ਪੂਰੇ ਸੂਬੇ ਵਿਚ ਨੌਜੁਆਨ ਪੰਜਾਬੀਆਂ ਦੀ ਅਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਲਈ ਉਤਾਵਲੇ ਹੋ ਰਹੇ ਹਨ। ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਹਮੇਸ਼ਾ ਵਾਂਗ ਸਰਕਾਰ ਉਪਰ ਤਾਬੜ-ਤੋੜ ਅਤੇ ਤਿੱਖੇ ਹਮਲੇ ਕੀਤੇ। ਸਥਾਨਕ ਸਰਕਾਰੀ ਹਸਪਤਾਲ ਦੀ ਖਸਤਾ ਹਾਲਤ ਉਪਰ ਚੁਟਕੀ ਲੈਂਦਿਆਂ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਸਾਡੇ ਸਿਆਸਤਦਾਨ ਸਿਰੇ ਦੇ ਨਿਕੰਮੇ ਹਨ ਜਿਹੜੇ ਇਕ ਮਰੀਜ਼ ਨੂੰ ਸ਼ਾਂਤੀ ਨਾਲ ਮਰਨ ਵੀ ਨਹੀਂ ਦਿੰਦੇ। ਇਕ-ਇਕ ਬੈਡ ਉਪਰ ਦੋ-ਦੋ ਮਰੀਜ਼ਾਂ ਨੂੰ ਰੱਖਿਆ ਜਾਂਦਾ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਅਕਾਲੀ ਦਲ ਵਿਚ ਪੰਜਾਬ ਪੱਖੀ ਫ਼ੈਸਲੇ ਲੈਣ ਦੀ ਤਾਕਤ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਰਾਖਵੀਂਆਂ ਕਰਨ ਦੀ ਹਿੰਮਤ ਰੱਖਦਾ ਹੈ। ਇਸ ਲਈ ਲੋਕਾਂ ਨੂੰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣਾ ਪਵੇਗਾ। ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਅਕਾਲੀ ਦਲ ਵਿਚ ਉਨ੍ਹਾਂ ਆਗੂਆਂ ਅਤੇ ਨੌਜੁਆਨਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਜਿਹੜੇ ਅਪਣੇ ਸੂਬੇ ਨੂੰ ਦਿੱਲੀ ਦੀ ਲੋਟੂ ਟੀਮ ਤੋਂ ਬਚਾਉਣ ਲਈ ਚਿੰਤਾਵਾਨ ਹਨ। ਹਲਕਾ ਇੰਚਾਰਜ ਨੇ ਉਨ੍ਹਾਂ ਸਾਰੇ ਨੌਜੁਆਨਾਂ ਦਾ ਧੰਨਵਾਦ ਕੀਤਾ ਜਿਹੜੇ ਅੱਜ ਅਪਣੇ ਸੈਂਕੜੇ ਸਾਥੀਆਂ ਨਾਲ ਯੂਥ ਮਿਲਣੀ ਵਿਚ ਪਹੁੰਚੇ। 10 ਅਜਿਹੇ ਨੌਜੁਆਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਜਿਹੜੇ ਹਲਕੇ ਵਿਚ ਅਕਾਲੀ ਦਲ ਦੀ ਮਜ਼ਬੂਤ ਲਈ ਬਿਨਾਂ ਕਿਸੇ ਸੁਆਰਥ ਤੋਂ ਕਿਰਿਆਸ਼ੀਲ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Gariaband Encounter: छत्तीसगढ़-ओडिशा में अब तक 27 नक्सली ढेर, गोलीबारी जारी
Karnataka News: बस का इंतजार कर रही महिला से सामूहिक बलात्कार; गहने, नकदी और फोन छीनकर भागे हमलावर
भीषण सड़क हादसा! खाई में गिरा ट्रक, 8 लोगों की मौत, 10 घायल