LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Punjab Police ਵੱਲੋਂ ਵੱਡੀ ਕਾਰਵਾਈ, ਅੱਤਵਾਦੀ Lakhbir Landa ਦੇ ਸਾਥੀਆਂ ਦੇ 297 ਟਿਕਾਣਿਆਂ ’ਤੇ ਛਾਪੇਮਾਰੀ

nji45863

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਿੱਢੀ  ਮੁਹਿੰਮ ਤਹਿਤ ਦੇਸ਼-ਵਿਦੇਸ਼ ਸਥਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਆਪਸੀ ਸਬੰਧਾਂ ਨੂੰ ਨੱਥ ਪਾਉਣ ਦੇ ਉਦੇਸ਼ ਨਾਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਪੁਲਿਸ ਵੱਲੋਂ ਐਤਵਾਰ ਨੂੰ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਨਾਲ ਜੁੜੇ ਵਿਅਕਤੀਆਂ ਦੇ ਸ਼ੱਕੀ ਟਿਕਾਣਿਆਂ ’ਤੇ ਇੱਕ ਵਿਸ਼ੇਸ਼ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ (ਕਾਸੋ) ਚਲਾਈ ਗਈ।
ਇਹ ਛਾਪੇਮਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਇੱਕੋ ਸਮੇਂ ’ਤੇ ਕੀਤੀ ਗਈ, ਜਿਸ ਦੌਰਾਨ ਰਾਜ ਦੇ 28 ਪੁਲਿਸ ਜ਼ਿਲਿ੍ਹਆਂ ਵਿੱਚ ਲਖਬੀਰ ਲੰਡਾ ਦੇ ਲਗਭਗ 297 ਨੇੜਲੇ ਸਾਥੀਆਂ ਨਾਲ ਜੁੜੇ ਸਾਰੇ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ਦੀ ਬਾਰੀਕੀ ਨਾਲ ਤਲਾਸ਼ੀ  ਲਈ ਗਈ।
ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਇਸ ਆਪ੍ਰੇਸ਼ਨ ਨੂੰ ਸਫ਼ਲ ਬਣਾਉਣ ਲਈ  ਇੰਸਪੈਕਟਰ ਜਾਂ ਸਬ-ਇੰਸਪੈਕਟਰ ਦੀ ਅਗਵਾਈ ਵਿੱਚ ਮਜ਼ਬੂਤ ਪੁਲਿਸ ਪਾਰਟੀਆਂ ਤਾਇਨਾਤ ਕਰਨ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੂੰ ਕਾਰਵਾਈ ਦੌਰਾਨ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਲਈ ਵੀ ਕਿਹਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੀਆਂ 150 ਪਾਰਟੀਆਂ, ਜਿਨ੍ਹਾਂ ਵਿੱਚ ਲਗਭਗ 1200 ਪੁਲਿਸ ਮੁਲਾਜ਼ਮ ਸ਼ਾਮਲ ਹਨ, ਨੇ ਸੂਬੇ ਭਰ ਵਿੱਚ ਇਸ ਛਾਪੇਮਾਰੀ ਨੂੰ ਅੰਜਾਮ ਦਿੱਤਾ। ਉਹਨਾਂ ਅੱਗੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ (ਕਾਸੋ) ਦੀ ਯੋਜਨਾ, ਹਾਲ ਹੀ ਵਿੱਚ ਫੜੇ ਗਏ ਲਖਬੀਰ ਲੰਡਾ ਦੀ ਹਮਾਇਤ ਵਾਲੇ ਮਾਡਿਊਲਾਂ ਨਾਲ ਸਬੰਧਤ ਕਈ ਵਿਅਕਤੀਆਂ ਤੋਂ ਪੁੱਛਗਿੱਛ ਤੋਂ ਬਾਅਦ ਬਣਾਈ ਗਈ ਸੀ।
ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਹੋਰ ਪੜਤਾਲ ਲਈ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਅਪਰਾਧਕ ਸਮੱਗਰੀ ਵੀ ਜ਼ਬਤ ਕੀਤੀ ਗਈ ਹੈ, ਜਿਸ ਦੀ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਪੁਲਿਸ ਟੀਮਾਂ ਨੇ ਇਨ੍ਹਾਂ ਅਪਰਾਧੀਆਂ ਨਾਲ ਸਬੰਧਤ ਘਰਾਂ ਅਤੇ ਹੋਰ ਥਾਵਾਂ ’ਤੇ ਬਾਰੀਕੀ ਨਾਲ ਤਲਾਸ਼ੀ ਲਈ ਅਤੇ ਇਲੈਕਟਰਾਨਿਕ ਡਿਵਾਈਸਾਂ ਤੋਂ ਡਾਟਾ ਵੀ ਇਕੱਠਾ ਕੀਤਾ, ਜਿਸ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਅਸਲਾ ਲਾਇਸੈਂਸਾਂ ਦੀ ਵੀ ਜਾਂਚ ਕੀਤੀ  ਅਤੇ ਅਸਲੇ ਦੀ ਸੋਰਸਿੰਗ ਬਾਰੇ ਲੋਕਾਂ ਤੋਂ ਪੁੱਛਗਿੱਛ ਕੀਤੀ । ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਰਹਿੰਦੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਯਾਤਰਾ ਸਬੰਧੀ ਵੇਰਵੇ, ਵਿਦੇਸ਼ਾਂ ਤੋਂ ਬੈਂਕਾਂ ਦੇ ਲੈਣ-ਦੇਣ, ਵੈਸਟਰਨ ਯੂਨੀਅਨ ਅਤੇ ਜਾਇਦਾਦ ਸਬੰਧੀ ਵੇਰਵੇ ਵੀ ਅਗਲੇਰੀ ਜਾਂਚ ਲਈ ਇਕੱਠੇ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ  ਅਜਿਹੇ ਛਾਪੇ ਸਮਾਜ ਵਿਰੋਧੀ ਅਨਸਰਾਂ ਵਿਚ ਪੁਲਿਸ ਦਾ ਡਰ ਪੈਦਾ ਕਰਨ ਵਿਚ ਮਦਦ ਕਰਦੇ ਹਨ, ਜਦਕਿ ਆਮ ਲੋਕਾਂ ਵਿਚ  ਸੁਰੱਖਿਆ ਦੀ ਭਾਵਨਾ ਪੈਦਾ ਕਰਦੇ ਹਨ।

In The Market