LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ਹੀਦੀ ਹਫਤੇ ਦੌਰਾਨ ਸਿੱਖ ਸੰਗਤਾਂ ਵੱਧ ਤੋਂ ਵੱਧ ਗੁਰਬਾਣੀ ਜਾਪ ਅਤੇ ਸਾਦਗੀ ਰੱਖ ਕੇ ਸ਼ਹੀਦਾਂ ਨੂੰ ਸ਼ਰਧਾ ਅਰਪਣ ਕਰਨ: ਗਿਆਨੀ ਰਘਬੀਰ ਸਿੰਘ

juyrtr5369

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਾਹਿਬ-ਏ-ਕਮਾਲ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜ਼ਰ ਕੌਰ ਜੀ ਅਤੇ ਬੇਅੰਤ ਸ਼ਹੀਦਾਂ ਦੀ ਯਾਦ ਵਿਚ 6 ਪੋਹ, 21 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਸ਼ਹੀਦੀ ਹਫਤੇ ਦੌਰਾਨ 13 ਪੋਹ, 28 ਦਸੰਬਰ ਤੱਕ ਸਮੁੱਚੀ ਸਿੱਖ ਕੌਮ ਨੂੰ ਵੱਧ ਤੋਂ ਵੱਧ ਗੁਰਬਾਣੀ ਜਾਪ ਕਰਨ, ਸਾਦਾ ਖਾਣ, ਸਾਦਾ ਪਹਿਰਾਵਾ ਰੱਖਣ ਅਤੇ ਘਰਾਂ ਵਿਚ ਰਹਿੰਦਿਆਂ ਸਾਦਗੀ ਧਾਰਨ ਕਰਨ ਦੀ ਅਪੀਲ ਕਰਦਿਆਂ ਮਨੁੱਖਤਾ ਦੀ ਸੰਸਾਰੀ ਤੇ ਆਤਮਿਕ ਬੰਦ-ਖਲਾਸੀ ਲਈ ਹੋਈਆਂ ਮਹਾਨ ਸ਼ਹਾਦਤਾਂ ਨੂੰ ਆਪਣੇ ਅਹਿਸਾਸ ਦਾ ਹਿੱਸਾ ਬਣਾਉਣ ਲਈ ਕਿਹਾ ਹੈ।
ਗਿਆਨੀ ਰਘਬੀਰ ਸਿੰਘ ਨੇ ਆਖਿਆ ਹੈ ਕਿ ਜਿਵੇਂ ਕਿ ਦੁਨੀਆ ਦੇ ਹਰੇਕ ਧਰਮ, ਕੌਮ ਲਈ ਕੁਝ ਦਿਨ ਮਹੱਤਵਪੂਰਨ ਹੁੰਦੇ ਹਨ, ਉਸੇ ਤਰ੍ਹਾਂ ਸਿੱਖ ਧਰਮ ਲਈ ਦੇਸੀ ਪੋਹ ਮਹੀਨੇ ਦੌਰਾਨ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਦਾ ਹਫਤਾ ‘ਸ਼ਹੀਦੀ ਹਫਤੇ’ ਵਜੋਂ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਹਫਤੇ ਦੌਰਾਨ ਸਾਹਿਬ-ਏ-ਕਮਾਲ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਜਬਰ-ਜ਼ੁਲਮ ਦੇ ਖ਼ਿਲਾਫ ਧਰਮ ਯੁੱਧ ਤਹਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਵਸਾਇਆ ਹੋਇਆ ਨਗਰ ਸ੍ਰੀ ਅਨੰਦਪੁਰ ਸਾਹਿਬ ਛੱਡਣ, ਸਰਸਾ ਨਦੀ ‘ਤੇ ਪਰਿਵਾਰ ਵਿਛੋੜਾ, ਚਮਕੌਰ ਸਾਹਿਬ ਦੀ ਜੰਗ ਵਿਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਹੋਰ ਬੇਅੰਤ ਸ਼ਹੀਦਾਂ ਅਤੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਦੀਆਂ ਲਾਸਾਨੀ ਸ਼ਹੀਦੀਆਂ ਹੋਈਆਂ, ਜਿਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਹੋਰ ਕਿਧਰੇ ਵੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਇਹ ਸ਼ਹਾਦਤਾਂ ਜ਼ਮੀਰ ਦੀ ਆਜ਼ਾਦੀ, ਮਨੁੱਖੀ ਅਧਿਕਾਰਾਂ, ਸਿੱਖੀ ਦੀ ਰੂਹਾਨੀ ਸੱਤਾ ਤੇ ਗੁਰਮਤਿ ਸਿਧਾਂਤਾਂ ਦੀ ਧੁਜਾ ਨੂੰ ਉੱਚਾ ਰੱਖਣ ਲਈ ਹੋਈਆਂ ਸਨ, ਜਿਸ ਕਰਕੇ ‘ਸ਼ਹੀਦੀ ਹਫਤੇ’ ਦੌਰਾਨ ਹਰੇਕ ਸਿੱਖ ਨੂੰ ਮਹਾਨ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਅਰਪਣ ਕਰਨ ਲਈ ਵੱਧ ਤੋਂ ਵੱਧ ਗੁਰਬਾਣੀ ਤੇ ਨਾਮ-ਸਿਮਰਨ ਦਾ ਅਭਿਆਸ ਕਰਨਾ ਚਾਹੀਦਾ ਹੈ। ਕਿਸੇ ਵੀ ਪ੍ਰਕਾਰ ਦੇ ਖੁਸ਼ੀ ਦੇ ਸਮਾਗਮ ਨਾ ਕੀਤੇ ਜਾਣ, ਗੁਰਦੁਆਰਿਆਂ ਦੇ ਲੰਗਰਾਂ ਅਤੇ ਘਰਾਂ ਵਿਚ ਮਿੱਠੇ ਪਕਵਾਨਾਂ ਤੋਂ ਗੁਰੇਜ਼ ਕਰਕੇ ਸਾਦਾ ਖਾਣਾ ਅਤੇ  ਸਾਦਾ ਪਹਿਰਾਵਾ ਧਾਰਨ ਕੀਤਾ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ-ਮੇਲ ਅਤੇ ਫਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਵਿਚ ਜਾਣ ਵਾਲੇ ਨੌਜਵਾਨਾਂ ਨੂੰ ਹੁੱਲੜਬਾਜ਼ੀ ਅਤੇ ਟਰੈਕਟਰਾਂ-ਟਰਾਲੀਆਂ ਉੱਪਰ ਉੱਚੀ ਆਵਾਜ਼ ਵਿਚ ਸਪੀਕਰ ਲਾਉਣ ਤੋਂ ਗੁਰੇਜ਼ ਕਰਦਿਆਂ ਪੂਰਨ ਸ਼ਰਧਾ ਭਾਵਨਾ ਨਾਲ ਸ਼ਹੀਦਾਂ ਦੇ ਅਸਥਾਨਾਂ ‘ਤੇ ਨਤਮਸਤਕ ਹੋਣ ਦੀ ਤਾਕੀਦ ਵੀ ਕੀਤੀ ਹੈ।

 
 
In The Market