LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜ਼ਿਲ੍ਹਾ ਬਰਨਾਲਾ ਨੇ ਹਾਸਲ ਕੀਤਾ ODF ਪਲੱਸ ਦਰਜਾ, ਪੰਜਾਬ ਦਾ ਅਜਿਹਾ ਪਹਿਲਾ ਜ਼ਿਲ੍ਹਾ ਬਣਨ ਦਾ ਮਾਣ ਮਿਲਿਆ

jimpa528963
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ  ਦੂਰਅੰਦੇਸ਼ ਤੇ ਗਤੀਸ਼ੀਲ ਅਗਵਾਈ ਹੇਠ  ਸ਼ਾਨਦਾਰ ਪ੍ਰਾਪਤੀ ਕਰਦਿਆਂ, ਬਰਨਾਲਾ ਜ਼ਿਲ੍ਹੇ ਦੇ ਸਾਰੇ 122 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਆਪਣੇ ਇਲਾਕੇ ਨੂੰ  ‘‘ਓਪਨ ਡੀਫੀਕੇਸ਼ਨ ਫ੍ਰੀ ਪਲੱਸ (ਓ.ਡੀ.ਐਫ. ਪਲੱਸ) ਘੋਸ਼ਿਤ ਕੀਤਾ ਹੈ ਅਤੇ  ਬਰਨਾਲਾ ਇਹ ਮੀਲ ਪੱਥਰ ਹਾਸਲ ਕਰਨ ਵਾਲਾ ਸੂਬੇ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਇਹ ਸਫ਼ਲਤਾ  ਸਵੱਛਤਾ ਅਤੇ ਠੋਸ ਤੇ ਤਰਲ ਰਹਿੰਦ-ਖੂੰਹਦ ਪ੍ਰਬੰਧਨ ਲਈ ਜ਼ਿਲ੍ਹੇ ਵੱਲੋਂ ਕੀਤੀ ਮਹੱਤਵਪੂਰਨ ਪ੍ਰਗਤੀ ਨੂੰ ਦਰਸਾਉਂਦੀ ਹੈ। ਇਸ ਪ੍ਰਾਪਤੀ ਦੇ ਸਿੱਟੇ ਵਜੋਂ ਇਲਾਕਾ ਨਿਵਾਸੀਆਂ ਦਾ ਰਹਿਣ-ਸਹਿਣ ਹੋਰ ਬਿਹਤਰ ਬਣੇਗਾ।
ਇਹ ਮੀਲ ਪੱਥਰ ਸਥਾਪਤ ਕਰਨ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ, ਨਿਵਾਸੀਆਂ ਅਤੇ ਲੋਕ ਨੁਮਾਇੰਦਿਆਂ ਨੂੰ ਵਧਾਈ ਦਿੱਤੀ ਹੈ, ਜਿਨ੍ਹਾਂ ਨੇ ਇਸ ਟੀਚੇ ਦੀ ਪ੍ਰਾਪਤੀ ਲਈ ਨਿੱਠ ਕੇ ਕੰਮ ਕੀਤਾ ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਸਰਕਾਰ ਦਾ ਇਹ ਵੀ ਉਦੇਸ਼ ਹੈ ਕਿ ਲੋਕਾਂ ਨੂੰ ਸਹੂਲਤਾਂ ਪ੍ਰਾਪਤ ਕਰਨ ਲਈ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਉਨ੍ਹਾਂ ਦੇ ਘਰ ਨੇੜੇ ਬਿਨਾਂ ਕਿਸੇ ਪਰੇਸ਼ਾਨੀ ਤੋਂ ਪ੍ਰਾਪਤ ਹੋਣ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦਾ ਉਦੇਸ਼ ਪੇਂਡੂ ਖੇਤਰਾਂ ਵਿੱਚ ਸਵੱਛਤਾ, ਸਫ਼ਾਈ  ਨੂੰ ਉਤਸ਼ਾਹਿਤ ਕਰਕੇ ‘ਕਲੀਨ ਐਂਡ ਓਪਨ ਡੀਫੀਕੇਸ਼ਨ ਫ੍ਰੀ ਇੰਡੀਆ’ ਨੂੰ ਯਕੀਨੀ ਬਣਾਉਣਾ ਹੈ। ‘‘ ਓਡੀਐਫ ਪਲੱਸ’’  ਦਰਜਾ ਸਿਰਫ਼ ਖੁੱਲ੍ਹੇ ਵਿੱਚ ਸ਼ੌਚ-ਮੁਕਤ ਸਥਿਤੀ ਪ੍ਰਾਪਤ ਕਰਨਾ ਹੀ ਨਹੀਂ ਸਗੋਂ ਸਵੱਛਤਾ ਦੀ ਸਥਿਰਤਾ, ਠੋਸ ਅਤੇ ਤਰਲ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਅਤੇ ਪਿੰਡਾਂ ਦੀ ਸੰਪੂਰਨ ਸਫਾਈ ’ਤੇ ਧਿਆਨ ਕੇਂਦਰਿਤ ਕਰਨਾ ਵੀ ਹੈ।
ਜ਼ਿਲ੍ਹਾ ਬਰਨਾਲਾ ਵੱਲੋਂ ਓ.ਡੀ.ਐਫ. ਪਲੱਸ ਦਰਜਾ ਹਾਸਲ ਕਰਨ ਦੀ ਸਫ਼ਲਤਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਅਤੇ ਇੱਥੋਂ ਦੇ ਲੋਕਾਂ ਦੀ ਸਰਗਰਮ ਭਾਗੀਦਾਰੀ ਤੇ ਸਮਰਪਿਤ ਯਤਨਾਂ ਦਾ ਨਤੀਜਾ ਹੈ।
ਜਿੰਪਾ ਨੇ ਅੱਗੇ ਕਿਹਾ ਕਿ ਓ.ਡੀ.ਐਫ. ਪਲੱਸ ਦਾ ਦਰਜਾ ਭਵਿੱਖ ਵਿੱਚ ਸਵੱਛਤਾ ਅਤੇ ਸਫਾਈ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਣ ਲਈ ਜ਼ਿਲ੍ਹਾ ਬਰਨਾਲਾ ਦੇ ਇਰਾਦਿਆਂ ਨੂੰ ਹੋਰ ਮਜ਼ਬੂਤੀ ਬਖਸ਼ੇਗਾ। ਇਹ ਪ੍ਰਾਪਤੀ ਬਿਨਾਂ ਸ਼ੱਕ ਇੱਥੋਂ ਦੇ ਲੋਕਾਂ ਨੂੰ ਬਿਹਤਰ ਜੀਵਨ ਪੱਧਰ ਵੱਲ ਲੈ ਕੇ ਜਾਵੇਗੀ ਅਤੇ ਇਸਦਾ ਜ਼ਿਲ੍ਹੇ ਦੇ ਸਰਵਪੱਖੀ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਹੋਵੇਗਾ।
In The Market