LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੁਧਿਆਣਾ ਤੋਂ NCR ਦਾ ਹਵਾਈ ਸਫ਼ਰ ਹੋਇਆ ਸਸਤਾ, 999 ਰੁਪਏ ਵਿੱਚ ਹੁਣ ਦਿੱਲੀ ਦੂਰ ਨਹੀਂ

kiiu256

ਲੁਧਿਆਣਾ: ਕੌਮੀ ਰਾਜਧਾਨੀ ਖ਼ੇਤਰ (ਐਨ.ਸੀ.ਆਰ.) ਨਾਲ ਪੰਜਾਬ ਦੇ ਹਵਾਈ ਸੰਪਰਕ ਨੂੰ ਹੋਰ ਸੁਚਾਰੂ ਬਣਾਉਣ ਦੀ ਦਿਸ਼ਾ ਵਿੱਚ ਵੱਡੀ ਪੁਲਾਂਘ ਪੁੱਟਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਹਿੰਡਨ-ਲੁਧਿਆਣਾ-ਹਿੰਡਨ ਉਡਾਣ ਦੀ ਸ਼ੁਰੂਆਤ ਕੀਤੀ, ਜਿਸ ਨਾਲ ਦੋ ਸਾਲ ਤੋਂ ਵੱਧ ਵਕਫ਼ੇ ਮਗਰੋਂ ਲੁਧਿਆਣਾ ਦੇ ਹਵਾਈ ਅੱਡੇ ਤੋਂ ਹਵਾਈ ਆਵਾਜਾਈ ਬਹਾਲ ਹੋਈ ਹੈ। ਉਨ੍ਹਾਂ ਨਾਲ ਹੀ ਐਲਾਨ ਕੀਤਾ ਕਿ ਪਹਿਲੇ ਤਿੰਨ ਮਹੀਨਿਆਂ ਲਈ ਲੁਧਿਆਣਾ ਤੋਂ ਐਨ.ਸੀ.ਆਰ. ਦੇ ਹਵਾਈ ਸਫ਼ਰ ਦਾ ਕਿਰਾਇਆ ਸਿਰਫ਼ 999 ਰੁਪਏ ਹੋਵੇਗਾ।


ਇਸ ਨੂੰ ਇਤਿਹਾਸਕ ਦਿਨ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਨਾਲ ਲੁਧਿਆਣਾ ਦੇ ਹਵਾਈ ਅੱਡੇ ਤੋਂ ਦੋ ਸਾਲ ਤੋਂ ਵੱਧ ਸਮੇਂ ਬਾਅਦ ਉਡਾਣ ਸ਼ੁਰੂ ਹੋਈ ਹੈ, ਜਿਸ ਨਾਲ ਸਨਅਤੀ ਸ਼ਹਿਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।  ਉਨ੍ਹਾਂ ਕਿਹਾ ਕਿ ਇਹ ਉਡਾਣ ਮੈਸਰਜ਼ ਬਿੱਗ ਚਾਰਟਰ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਫਲਾਈ ਬਿੱਗ ਏਅਰਲਾਈਨਜ਼ ਦੇ ਨਾਂ ਉਤੇ ਚਲਾਈ ਜਾਵੇਗੀ ਅਤੇ ਮੁੱਢਲੇ ਤੌਰ ਉਤੇ ਇਹ ਉਡਾਣ ਪੰਜ ਦਿਨਾਂ ਲਈ ਸ਼ੁਰੂ ਕੀਤੀ ਜਾਵੇਗੀ ਪਰ ਅਗਲੇ ਮਹੀਨੇ ਤੋਂ ਇਹ ਉਡਾਣ ਸਾਰੇ ਹਫ਼ਤੇ ਲਈ ਚਲਾਈ ਜਾਵੇਗੀ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਇਸ ਉਡਾਣ ਰਾਹੀਂ ਲੁਧਿਆਣਾ ਤੋਂ ਹਿੰਡਨ (ਗਾਜ਼ੀਆਬਾਦ) ਪਹੁੰਚਣ ਲਈ 90 ਮਿੰਟ ਦਾ ਸਮਾਂ ਲੱਗੇਗਾ।


ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਏਅਰਲਾਈਨ ਸ਼ੁਰੂਆਤੀ ਤੋਹਫ਼ੇ ਵਜੋਂ ਆਪਣੀ ਉਡਾਣ ਸ਼ੁਰੂ ਹੋਣ ਤੋਂ ਪਹਿਲੇ ਤਿੰਨ ਮਹੀਨਿਆਂ ਲਈ 999 ਰੁਪਏ ਪ੍ਰਤੀ ਟਿਕਟ ਦੀ ਪੇਸ਼ਕਸ਼ ਕਰੇਗੀ। ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਐਨ.ਸੀ.ਆਰ. ਦਾ ਸਫ਼ਰ ਸਿਰਫ਼ 999 ਰੁਪਏ ਦਾ ਹੋਵੇਗਾ, ਜੋ ਬੱਸ ਸਫ਼ਰ ਨਾਲੋਂ ਸਸਤਾ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦਾ ਇਕੋ-ਇਕ ਮੰਤਵ ਸੂਬੇ ਦੇ ਲੋਕਾਂ ਦੀ ਸੁਰੱਖਿਅਤ, ਸਸਤੇ ਤੇ ਆਰਾਮਦਾਇਕ ਹਵਾਈ ਸਫ਼ਰ ਤੱਕ ਪਹੁੰਚ ਯਕੀਨੀ ਬਣਾਉਣਾ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਇਲਾਕੇ ਦੇ ਉੱਦਮੀਆਂ, ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਆਵਾਜਾਈ ਵਿੱਚ ਵੱਡੀ ਸਹੂਲਤ ਮਿਲੇਗੀ, ਜਿਸ ਨਾਲ ਵਪਾਰ, ਕਾਰੋਬਾਰ ਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਦਿੱਲੀ-ਐਨ.ਸੀ.ਆਰ. ਤੱਕ ਕੋਈ ਸਿੱਧੀ ਉਡਾਣ ਨਾ ਹੋਣ ਕਾਰਨ ਲੋਕਾਂ ਖ਼ਾਸ ਤੌਰ ਉਤੇ ਸਨਅਤਕਾਰਾਂ ਨੂੰ ਸੜਕ ਰਾਹੀਂ ਪੰਜਾਬ ਤੋਂ ਕੌਮੀ ਰਾਜਧਾਨੀ ਜਾਣ ਵੇਲੇ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਨਾ ਸਿਰਫ਼ ਬੇਲੋੜੀ ਪ੍ਰੇਸ਼ਾਨੀ ਹੁੰਦੀ ਸੀ, ਸਗੋਂ ਉਨ੍ਹਾਂ ਦੇ ਸਮੇਂ, ਪੈਸੇ ਤੇ ਊਰਜਾ ਵੀ ਅਜਾਈਂ ਜਾਂਦੀ ਸੀ।


ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਉਡਾਣ ਸ਼ੁਰੂ ਹੋਣ ਨਾਲ ਇਸ ਖਿੱਤੇ ਦੇ ਲੋਕਾਂ ਨੂੰ ਸਹੂਲਤ ਮਿਲਣ ਦੇ ਨਾਲ-ਨਾਲ ਦੁਨੀਆ ਭਰ ਦੇ ਮੋਹਰੀ ਉੱਦਮੀ ਸੂਬੇ ਵਿੱਚ ਵੱਡੇ ਪੱਧਰ ਉਤੇ ਨਿਵੇਸ਼ ਕਰਨ ਵਿੱਚ ਰੁਚੀ ਲੈਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਵਿੱਚ ਸਨਅਤੀਕਰਨ ਨੂੰ ਹੁਲਾਰਾ ਮਿਲੇਗਾ ਅਤੇ ਪੰਜਾਬ ਨੂੰ ਸਭ ਤੋਂ ਤਰਜੀਹੀ ਨਿਵੇਸ਼ ਸਥਾਨ ਵਜੋਂ ਦਰਸਾਉਣ ਵਿੱਚ ਵੀ ਮਦਦ ਮਿਲੇਗੀ।  ਉਨ੍ਹਾਂ ਚੇਤੇ ਕਰਵਾਇਆ ਕਿ ਲੁਧਿਆਣਾ ਹਵਾਈ ਅੱਡਾ ਬਹੁਤ ਪੁਰਾਣਾ ਹੈ, ਜੋ ਤਕਰੀਬਨ 1965 ਤੋਂ ਚੱਲ ਰਿਹਾ ਹੈ ਅਤੇ ਇੱਥੋਂ 1982 ਵਿੱਚ ਕਮਰਸ਼ੀਅਲ ਉਡਾਣਾਂ ਦੀ ਸ਼ੁਰੂਆਤ ਹੋਈ ਸੀ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਰੀਜਨਲ ਕੁਨੈਕਟੀਵਿਟੀ (ਆਰ.ਸੀ.ਐਸ.) ਅਧੀਨ ਮੈਸਰਜ਼ ਅਲਾਇੰਸ ਏਅਰ ਨੇ 2 ਸਤੰਬਰ 2017 ਨੂੰ ਕਮਰਸ਼ੀਅਲ ਉਡਾਣ ਦੀ ਸ਼ੁਰੂਆਤ ਕੀਤੀ ਸੀ, ਜੋ  9 ਅਪ੍ਰੈਲ 2021 ਤੱਕ ਚੱਲਦੀ ਰਹੀ।


ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਇਸ ਤੋਂ ਬਾਅਦ ਉਡਾਣਾਂ ਬੰਦ ਹੋ ਗਈਆਂ ਪਰ ਹੁਣ ਜਦੋਂ ਤੋਂ ਉਨ੍ਹਾਂ ਕਾਰਜਕਾਲ ਸੰਭਾਲਿਆ ਹੈ ਤਾਂ ਉਹ ਇਨ੍ਹਾਂ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਆਰ.ਸੀ.ਐਸ. ਸਕੀਮ ਅਧੀਨ ਨਵਾਂ ਰੂਟ ਹਿੰਡਨ-ਲੁਧਿਆਣਾ-ਹਿੰਡਨ, ਬਿਗ ਚਾਰਟਰ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਦਿੱਤਾ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਇਸ ਏਅਰਲਾਈਨ ਨੇ ਇਸ ਰੂਟ ਉਤੇ ਆਪਣੇ 19 ਸੀਟਾਂ ਵਾਲੇ ਟਵਿਨ ਓਟਰ ਜਹਾਜ਼ ਜ਼ਰੀਏ ਵਪਾਰਕ ਉਡਾਣਾਂ ਦੀ ਸ਼ੁਰੂਆਤ ਕੀਤੀ। ਇਹ ਟਰਾਂਸਪੋਰਟ ਜਹਾਜ਼ ਛੋਟੀ ਹਵਾਈ ਪੱਟੀ ਤੋਂ ਉਡਾਣ ਭਰਨ ਅਤੇ ਉਤਰਨ ਦੇ ਯੋਗ ਹੋ ਸਕਦਾ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸਸਤੀਆਂ ਦਰਾਂ ਉਤੇ ਆਵਾਜਾਈ ਦੀ ਸਹੂਲਤ ਮੁਹੱਈਆ ਕਰਨ ਲਈ ਸੂਬਾ ਸਰਕਾਰ ਨੇ ਆਪਣੇ ਪੱਲਿਓਂ ਇਨ੍ਹਾਂ ਸਾਰੀਆਂ 19 ਟਿਕਟਾਂ ਉਤੇ ਪੈਂਦੀ ਵਾਈਬਿਲਟੀ ਗੈਪ ਫੰਡਿੰਗ (ਵੀ.ਜੀ.ਐਫ.) ਦਾ ਭੁਗਤਾਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ 19 ਸੀਟਾਂ ਉਤੇ ਵੀ.ਜੀ.ਐਫ. ਦਾ ਇਕ ਪਾਸੇ ਦੇ ਪ੍ਰਤੀ ਟਿਕਟ 11,829 ਰੁਪਏ ਸੂਬਾ ਸਰਕਾਰ ਵੱਲੋਂ ਦਿੱਤਾ ਜਾਵੇਗਾ। ਪੰਜਾਬ ਦੇ ਲੋਕਾਂ ਨੂੰ ਬਿਹਤਰ ਹਵਾਈ ਆਵਾਜਾਈ ਸਹੂਲਤ ਮੁਹੱਈਆ ਕਰਨ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਉਡਾਣ ਦਾ ਇਕ ਪਾਸੇ ਦਾ ਬੇਸਿਕ ਕਿਰਾਇਆ ਤਕਰੀਬਨ ਦੋ ਹਜ਼ਾਰ ਰੁਪਏ ਹੋਵੇਗਾ।

In The Market