LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਰੀ ਕ੍ਰਾਂਤੀ ਤੋਂ ਬਾਅਦ ਹੁਣ ਪ੍ਰਦੂਸ਼ਣ ਰਹਿਤ ਸਟੀਲ ਬਣਾਉਣ ਦੇ ਖੇਤਰ ਵਿੱਚ ਕ੍ਰਾਂਤੀ ਦਾ ਮੁੱਢ ਬੰਨ੍ਹੇਗਾ ਪੰਜਾਬ

cm5869

ਲੁਧਿਆਣਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਠੋਸ ਯਤਨਾਂ ਸਦਕਾ ਵਿਸ਼ਵ ਦੀ ਪ੍ਰਮੁੱਖ ਕਾਰੋਬਾਰੀ ਕੰਪਨੀ ਟਾਟਾ ਸਟੀਲ ਨੇ ਲੁਧਿਆਣਾ ਵਿਖੇ 2600 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ ਨਾਲ ਉੱਤਰੀ ਭਾਰਤ ਦਾ ਆਪਣੀ ਕਿਸਮ ਦਾ ਪਹਿਲਾ ਗ੍ਰੀਨ ਸਟੀਲ ਪਲਾਂਟ ਸਥਾਪਿਤ ਕੀਤਾ ਹੈ।
ਮੁੱਖ ਮੰਤਰੀ ਵੱਲੋਂ ਅੱਜ ਇਸ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਜਿਸ ਨਾਲ ਇਹ ਪਲਾਂਟ ਕੰਪਨੀ ਦੇ ਫਲੈਗਸ਼ਿਪ ਰਿਟੇਲ ਬ੍ਰਾਂਡ ‘ਟਾਟਾ ਟਿਸਕੋਨ‘ ਅਧੀਨ ਰੀਸਾਈਕਲਿੰਗ ਜ਼ਰੀਏ ਉਸਾਰੀ ਵਿੱਚ ਵਰਤੇ ਜਾਂਦੇ ਸਟੀਲ ਦੇ ਸਰੀਏ ਦਾ ਉਤਪਾਦਨ ਕਰੇਗਾ ਅਤੇ ਇਹ ਨਿਵੇਸ ਟਾਟਾ ਸਟੀਲ ਦੀ ਅਰਥਵਿਵਸਥਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਣ ਦੇ ਨਾਲ ਨਾਲ ਸਟੀਲ ਨੂੰ ਰੀਸਾਈਕਲ ਕਰਕੇ ਪ੍ਰਦੂਸ਼ਣ ਰਹਿਤ ਸਟੀਲ ਤਿਆਰ ਕਰਨ ਵਿੱਚ ਸਹਾਈ ਹੋਵੇਗਾ। 100 ਫ਼ੀਸਦੀ ਸਕ੍ਰੈਪ-ਅਧਾਰਿਤ ਇਲੈਕਟਿ੍ਰਕ ਭੱਠੀ ਨਾਲ 0.75 ਐਮ.ਟੀ.ਪੀ.ਏ. ਦੀ ਸਮਰੱਥਾ ਵਾਲਾ ਇਹ ਪਲਾਂਟ ਕਡਿਆਣਾ ਖੁਰਦ, ਹਾਈ-ਟੈਕ ਵੈਲੀ ਵਿਖੇ 115 ਏਕੜ ਜਮੀਨ ਵਿੱਚ ਸਥਾਪਤ ਹੋਣਾ ਹੈ। ਇਸ ਪ੍ਰੋਜੈਕਟ ਜ਼ਰੀਏ ਰੋਜ਼ਗਾਰ ਦੇ ਲਗਭਗ 500 ਸਿੱਧੇ ਅਤੇ 2000 ਅਸਿੱਧੇ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ।
ਪੰਜਾਬ ਦੇ ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਵਿੱਚ 200 ਤੋਂ ਵੱਧ ਸਟੀਲ ਰੋਲਿੰਗ ਮਿੱਲਾਂ ਅਤੇ ਮੁੱਖ ਕਲੱਸਟਰ ਹਨ ਜਿਸ ਨਾਲ ਸੂਬੇ ਦਾ ਸਟੀਲ ਅਤੇ ਅਲੌਇਸ ਸੈਕਟਰ ਵਿੱਚ ਮਹੱਤਵਪੂਰਨ ਸਥਾਨ ਹੈ। ਸੂਬੇ ਵਿੱਚ ਵਰਧਮਾਨ ਸਪੈਸਲ ਸਟੀਲਜ, ਆਰਤੀ ਸਟੀਲਜ, ਹੀਰੋ ਸਟੀਲਜ, ਜੇ.ਐਸ.ਡਬਲਿਊ ਸਟੀਲਜ ਅਤੇ ਹੋਰਨਾਂ ਵਰਗੀਆਂ ਪ੍ਰਮੁੱਖ ਸਟੀਲ ਇਕਾਈਆਂ ਹਨ ਅਤੇ ਇਸ ਸੈਕਟਰ ਨੂੰ ਉਦਯੋਗਿਕ ਵਪਾਰ ਵਿਕਾਸ ਨੀਤੀ-2022 ਵਿੱਚ ਤਰਜੀਹੀ ਸੈਕਟਰ ਵਜੋਂ ਦਰਸਾਇਆ ਗਿਆ ਹੈ। ਟਾਟਾ ਸਟੀਲ ਲਿਮਟਿਡ ਦਾ ਪੰਜਾਬ ਦੇ ਸਟੀਲ ਅਤੇ ਅਲੌਇਸ ਸੈਕਟਰ ਵਿੱਚ ਅਹਿਮ ਸਥਾਨ ਹੈ ਅਤੇ 34 ਮਿਲੀਅਨ ਟਨ ਕੱਚੇ ਸਟੀਲ ਦੀ ਸਾਲਾਨਾ ਸਮਰੱਥਾ ਨਾਲ ਵਿਸ਼ਵ ਪੱਧਰੀ ਸਟੀਲ ਕੰਪਨੀਆਂ ਵਿੱਚ ਸ਼ੁਮਾਰ ਹੈ।
ਆਪਣੇ ਸੰਬੋਧਨ ਵਿੱਚ ਟਾਟਾ ਸਟੀਲਜ ਦੇ ਸੀ.ਈ.ਓ. ਅਤੇ ਐਮ.ਡੀ. ਟੀ.ਵੀ. ਨਰੇਂਦਰਨ ਨੇ ਪਲਾਂਟ ਸਥਾਪਤ ਕਰਨ ਸਬੰਧੀ ਸਾਰੀਆਂ ਮਨਜੂਰੀਆਂ ਨਿਰਧਾਰਤ ਅਤੇ ਸਮਾਂਬੱਧ ਢੰਗ ਨਾਲ ਦੇਣ ਲਈ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪਲਾਂਟ ਆਉਣ ਵਾਲੇ 18 ਮਹੀਨਿਆਂ ਵਿੱਚ ਕਾਰਜਸ਼ੀਲ ਹੋ ਜਾਵੇਗਾ। ਸ੍ਰੀ ਨਰੇਂਦਰਨ ਨੇ ਦੱਸਿਆ ਕਿ ਪੰਜਾਬ ਨੇ ਦੇਸ ਵਿੱਚ ਹਰੀ ਕ੍ਰਾਂਤੀ ਲਿਆਉਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਅਤੇ ਹੁਣ ਇਹ ਪ੍ਰਦੂਸ਼ਣ ਰਹਿਤ ਸਟੀਲ ਬਣਾਉਣ ਦੇ ਖੇਤਰ ਵਿੱਚ ਕ੍ਰਾਂਤੀ ਲਿਆਵੇਗਾ।
ਇਸ ਦੌਰਾਨ ਟਾਟਾ ਸਟੀਲ ਦੇ ਉਪ ਪ੍ਰਧਾਨ (ਕਾਰਪੋਰੇਟ ਸਰਵਿਸਿਜ) ਚਾਣਕਿਆ ਚੌਧਰੀ ਨੇ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਪ੍ਰਾਜੈਕਟ ਲਈ ਸਮੇਂ ਸਿਰ ਮਨਜੂਰੀ ਮਿਲ ਗਈ ਹੈ। ਉਨ੍ਹਾਂ ਨੇੜਲੇ ਪਿੰਡਾਂ ਦੇ ਪੰਚਾਂ-ਸਰਪੰਚਾਂ ਦਾ ਵੀ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ ਭਰਪੂਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਆਪਣੇ ਆਪ ਨੂੰ ਪੰਜਾਬ ਦਾ ਹਿੱਸਾ ਦੱਸਦਿਆਂ ਸ੍ਰੀ ਚੌਧਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਮਿਆਰੀ ਤਕਨੀਕੀ ਸਿੱਖਿਆ ਦੇਣ ਲਈ ਸੂਬੇ ਵਿੱਚ ਹੁਨਰ ਸਿਖਲਾਈ ਕੇਂਦਰ ਖੋਲ੍ਹਣਗੇ।
ਟਾਟਾ ਸਟੀਲ ਦੇ ਚੇਅਰਮੈਨ ਐਮ ਐਂਡ ਐਸ (ਲੌਂਗ ਪ੍ਰੋਡਕਟਸ) ਆਸੀਸ ਅਨੁਪਮ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਪਲਾਂਟ ਵਾਤਾਵਰਣ ਨੂੰ ਪ੍ਰਦੂਸ਼ਿਤ ਕੀਤੇ ਬਿਨਾਂ 7500 ਟਨ ਸਟੀਲ ਦਾ ਉਤਪਾਦਨ ਕਰਨ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਲੱਖਣ ਪਲਾਂਟ ਵਿੱਚ ਸਕਰੈਪ ਨੂੰ ਰੀਸਾਈਕਲ ਕਰਕੇ ਸਟੀਲ ਬਣਾਇਆ ਜਾਵੇਗਾ। ਸ੍ਰੀ ਅਨੁਪਮ ਨੇ ਕਿਹਾ ਕਿ ਇਸ ਪਲਾਂਟ ਵਿੱਚ ਉਤਪਾਦਨ ਲਈ ਕੋਲੇ ਦੀ ਵਰਤੋਂ ਨਹੀਂ ਕੀਤੀ ਜਾਵੇਗੀ, ਜਿਸ ਨਾਲ ਇਹ ਗ੍ਰੀਨ ਪਾਵਰ ਨੂੰ ਉਤਸਾਹਿਤ ਕਰੇਗਾ।

In The Market