ਕੈਨੇਡਾ: ਕੈਨੇਡਾ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੀਆਂ ਵਧਦੀਆਂ ਵਾਰਦਾਤਾਂ ਅਤੇ ਧਮਕੀਆਂ ਨੂੰ ਲੈ ਕੇ ਸਿਆਸਤ ਭੱਖ ਗਈ ਹੈ। ਗੈਂਗ ਵੱਲੋਂ ਕੈਨੇਡਾ ਵਿੱਚ ਰਾਜ ਕਰਨ ਦੀ ਧਮਕੀ ਵਾਲਾ ਇੱਕ ਕਥਿਤ ਪੱਤਰ ਸਾਹਮਣੇ ਆਉਣ ਤੋਂ ਬਾਅਦ, ਕੈਨੇਡੀਅਨ ਸੰਸਦ ਮੈਂਬਰ ਬ੍ਰੈਡ ਵਿਸ ਨੇ ਲਾਰੈਂਸ ਗੈਂਗ ਨਾਲ ਜੁੜਿਆ ਇੱਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਵਿੱਚ 10 ਵੱਖ-ਵੱਖ ਥਾਵਾਂ ‘ਤੇ ਹੋਈ ਫਾਇਰਿੰਗ ਦੀਆਂ ਘਟਨਾਵਾਂ ਦੇ ਫੁਟੇਜ ਸ਼ਾਮਲ ਹਨ, ਜਿਸ ਵਿੱਚ ਸ਼ੂਟਰ ਮਸ਼ੀਨ ਗਨ ਨਾਲ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਹਨ।
ਸੰਸਦ ਮੈਂਬਰ ਦੀ ਕੈਨੇਡਾ ਸਰਕਾਰ ਨੂੰ ਚੇਤਾਵਨੀ ਅਤੇ ਮੰਗਾਂ
ਸੰਸਦ ਮੈਂਬਰ ਬ੍ਰੈਡ ਵਿਸ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਲਾਰੈਂਸ ਗੈਂਗ ਨਾਲ ਜੁੜੇ ਉਨ੍ਹਾਂ ਵਿਅਕਤੀਆਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ, ਜੋ ਸਟੱਡੀ ਵੀਜ਼ਾ ਜਾਂ ਕਿਸੇ ਹੋਰ ਅਸਥਾਈ ਇਜਾਜ਼ਤ ‘ਤੇ ਕੈਨੇਡਾ ਵਿੱਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਇਸ ਅਪਰਾਧਿਕ ਗਿਰੋਹ ਨਾਲ ਜੁੜਿਆ ਪਾਇਆ ਜਾਂਦਾ ਹੈ ਅਤੇ ਕੈਨੇਡਾ ਵਿੱਚ ਰਹਿਣ ਦਾ ਕਾਨੂੰਨੀ ਹੱਕ ਗੁਆ ਚੁੱਕਾ ਹੈ, ਉਸਨੂੰ ਇਮੀਗ੍ਰੇਸ਼ਨ ਕਾਨੂੰਨ ਤਹਿਤ ਤੁਰੰਤ ਦੇਸ਼ ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (CBSA) ਅਤੇ ਪੁਲਿਸ (RCMP) ਨੂੰ ਵੀ ਵਿਸ਼ੇਸ਼ ਅਧਿਕਾਰ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਇਸ ਅਪਰਾਧਿਕ ਨੈੱਟਵਰਕ ਨੂੰ ਨੱਥ ਪਾਈ ਜਾ ਸਕੇ।
ਕੈਨੇਡਾ ਵਿੱਚ ਗੈਂਗ ਦਾ ਵਧਦਾ ਅੱਤਵਾਦ ਅਤੇ ਫਿਰੌਤੀ ਦੇ ਮਾਮਲੇ
ਬ੍ਰੈਡ ਵਿਸ ਨੇ ਦੱਸਿਆ ਕਿ ਇਹ ਗੈਂਗ ਮੁੱਖ ਤੌਰ ‘ਤੇ ਪੰਜਾਬ ਤੋਂ ਸੰਚਾਲਿਤ ਹੁੰਦਾ ਹੈ ਅਤੇ ਕੈਨੇਡਾ ਦੀਆਂ ਕਮਜ਼ੋਰ ਇਮੀਗ੍ਰੇਸ਼ਨ ਨੀਤੀਆਂ ਦਾ ਫਾਇਦਾ ਉੱਠਾ ਕੇ ਕਈ ਨੌਜਵਾਨ ਵਿਦਿਆਰਥੀ ਬਣ ਕੇ ਇੱਥੇ ਆਉਂਦੇ ਹਨ ਅਤੇ ਬਾਅਦ ਵਿੱਚ ਗੈਂਗਸਟਰਾਂ ਵਜੋਂ ਕੰਮ ਕਰਨ ਲੱਗਦੇ ਹਨ। ਵਿੱਤੀ ਖੁਫੀਆ ਏਜੰਸੀ (FINTRAC) ਦੀ ਰਿਪੋਰਟ ਮੁਤਾਬਕ, ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨ ਬਣਾ ਕੇ ਫਿਰੌਤੀ ਮੰਗਣ ਦੇ 100 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 300 ਤੋਂ ਵੱਧ ਸ਼ੱਕੀ ਸ਼ਾਮਲ ਹਨ। ਅਲਬਰਟਾ, ਬ੍ਰਿਟਿਸ਼ ਕੋਲੰਬੀਆ ਅਤੇ ਓਂਟਾਰੀਓ ਵਰਗੇ ਸੂਬਿਆਂ ਵਿੱਚ ਕਾਰੋਬਾਰੀਆਂ ਨੂੰ 10 ਲੱਖ ਡਾਲਰ ਤੱਕ ਦੀ ਫਿਰੌਤੀ ਲਈ ਧਮਕੀ ਭਰੇ ਪੱਤਰ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਮਾਰਕਫੈੱਡ ਨੇੜੇ ਲਾਵਾਰਸ ਕੁੱਤੇ ਦਾ ਅੱਤਵਾਕ; 6 ਬੱਚਿਆਂ ਸਮੇਤ 15 ਵਿਅਕਤੀਆਂ ਨੂੰ ਵੱਢ ਕੇ ਕੀਤਾ ਜ਼ਖ਼ਮੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



